0.4 C
Toronto
Friday, March 27, 2026
spot_img
Homeਸੰਪਾਦਕੀਮੱਧ-ਪੂਰਬ ਦੀ ਜੰਗ ਅਤੇ ਭਾਰਤੀ ਅਰਥਵਿਵਸਥਾ ਲਈ ਚੁਣੌਤੀਆਂ

ਮੱਧ-ਪੂਰਬ ਦੀ ਜੰਗ ਅਤੇ ਭਾਰਤੀ ਅਰਥਵਿਵਸਥਾ ਲਈ ਚੁਣੌਤੀਆਂ

ਇਤਿਹਾਸ ਗਵਾਹ ਹੈ ਕਿ ਸੰਸਾਰ ਦੀਆਂ ਵੱਡੀਆਂ ਤਾਕਤਾਂ ਅਕਸਰ ਆਪਣੇ ਵਿਰੋਧੀਆਂ ਦੀ ਸਮਰੱਥਾ ਦਾ ਗ਼ਲਤ ਅੰਦਾਜ਼ਾ ਲਗਾਉਂਦੀਆਂ ਹਨ। ਭਾਵੇਂ ਉਹ 1812 ਵਿੱਚ ਨੈਪੋਲੀਅਨ ਦੀ ਰੂਸ ਵਿੱਚ ਨਾਕਾਮੀ ਹੋਵੇ, 1979 ਦਾ ਸੋਵੀਅਤ ਅਫਗਾਨ ਯੁੱਧ ਹੋਵੇ ਜਾਂ 2003 ਦਾ ਅਮਰੀਕਾ-ਇਰਾਕ ਟਕਰਾਅ ਹੋਵੇ। ਇਹ ਸਾਰੇ ਯੁੱਧ ਲੰਮੇ ਅਤੇ ਮਹਿੰਗੇ ਸਾਬਤ ਹੋਏ। ਅੱਜ ਇੱਕ ਵਾਰ ਮੁੜ ਮੱਧ-ਪੂਰਬ ਵਿੱਚ ਅਮਰੀਕਾ-ਇਜ਼ਰਾਈਲ ਅਤੇ ਇਰਾਨ ਦੇ ਦਰਮਿਆਨ ਵਧ ਰਹੇ ਤਣਾਅ ਦੇ ਸੰਦਰਭ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਵੱਡੀਆਂ ਤਾਕਤਾਂ ਨੇ ਇਰਾਨ ਦੀ ਰਣਨੀਤਕ ਸਮਰੱਥਾ ਦਾ ਸਹੀ ਅੰਦਾਜ਼ਾ ਨਹੀਂ ਸੀ ਲਗਾਇਆ?
ਵਿਸ਼ਵ ਊਰਜਾ ਸੁਰੱਖਿਆ ਦਾ ਸੰਕਟ : ਇਹ ਸਵਾਲ ਇਸ ਲਈ ਖੜ੍ਹਾ ਹੁੰਦਾ ਹੈ ਕਿਉਂਕਿ ਇਰਾਨ ਨੇ ਸਸਤੇ ਡਰੋਨਾਂ ਅਤੇ ਮਿਜ਼ਾਈਲਾਂ ਦੀ ਵਰਤੋਂ ਕਰਕੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਹਮਲਾ ਸਸਤਾ ਹੈ ਪਰ ਰੱਖਿਆ ਮਹਿੰਗੀ। ਇਸ ਤਰ੍ਹਾਂ ਇਰਾਨ ਇਸ ਟਕਰਾਅ ਨੂੰ ਲੰਮੇ ਸਮੇਂ ਤੱਕ ਚੱਲਣ ਵਾਲੀ ਜੰਗ ਵਿੱਚ ਤਬਦੀਲ ਕਰ ਰਿਹਾ ਹੈ। ਨਾਲ ਹੀ ਇਰਾਨ ਨੇ ਹੁਣ ਇਸ ਟਕਰਾਅ ਨੂੰ ਲਗਭਗ ਪੂਰੀ ਤਰ੍ਹਾਂ ਹੋਰਮੁਜ਼ ਸਟ੍ਰੇਟ (ਜਲ ਡਮਰੂ) ਤੱਕ ਕੇਂਦਰਿਤ ਕਰ ਦਿੱਤਾ ਹੈ, ਜਿਸ ਰਾਹੀਂ ਦੁਨੀਆ ਦੇ ਲਗਭਗ 20 ਫੀਸਦੀ ਕੱਚੇ ਤੇਲ ਦੀ ਸਮੁੰਦਰੀ ਆਵਾਜਾਈ ਹੁੰਦੀ ਹੈ। ਪਹਿਲਾਂ ਅਮਰੀਕਾ ਵੱਲੋਂ ਆਪਣੀ ਜਲ ਸੈਨਾ ਰਾਹੀਂ ਸਮੁੰਦਰੀ ਜਹਾਜ਼ਾਂ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਕੀਤੀ ਗਈ ਸੀ, ਪਰ ਜੋਖ਼ਮ ਵਧਣ ਕਾਰਨ ਉਹ ਪਿੱਛੇ ਹਟ ਗਿਆ। ਇਰਾਨ ਨੂੰ ਇਸ ਖੇਤਰ ਵਿੱਚ ਲੜਨ ਦਾ ਤਜਰਬਾ 1980-1988 ਦੇ ਇਰਾਨ-ਇਰਾਕ ਯੁੱਧ ਦੌਰਾਨ ਮਿਲਿਆ ਸੀ, ਜਿਸ ਦੌਰਾਨ ‘ਟੈਂਕਰ ਯੁੱਧ’ ਵਿੱਚ ਸੈਂਕੜੇ ਤੇਲ ਜਹਾਜ਼ ਨਿਸ਼ਾਨਾ ਬਣੇ ਸਨ। ਨਤੀਜੇ ਵਜੋਂ ਹੁਣ ਇਰਾਨ ਦਾ ਹੋਰਮੁਜ਼ ‘ਤੇ ਪੂਰਾ ਕਬਜ਼ਾ ਹੈ ਅਤੇ ਉਹ ਆਪਣੀਆਂ ਸ਼ਰਤਾਂ ‘ਤੇ ਹੀ ਤੇਲ, ਗੈਸ ਜਾਂ ਕਾਰਗੋ ਜਹਾਜ਼ਾਂ ਨੂੰ ਉੱਥੋਂ ਲੰਘਣ ਦੀ ਇਜਾਜ਼ਤ ਦੇ ਰਿਹਾ ਹੈ। ਜਹਾਜ਼ਾਂ ਦੇ ਬੀਮੇ ਦੇ ਪ੍ਰੀਮੀਅਮ 200-300 ਫੀਸਦੀ ਤੱਕ ਵਧ ਗਏ ਹਨ, ਜਿਸ ਨਾਲ ਵਪਾਰਕ ਲਾਗਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਅਸਥਿਰਤਾ ਦਾ ਸਿੱਧਾ ਅਸਰ ਵਿਸ਼ਵ ਊਰਜਾ ਬਾਜ਼ਾਰ ‘ਤੇ ਪਿਆ ਹੈ ਜਿੱਥੇ ਕੱਚੇ ਤੇਲ ਦੀ ਕੀਮਤ ਹੁਣ 100-105 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ, ਜੋ ਕਿ ਪਹਿਲਾਂ ਦੇ 60-70 ਡਾਲਰ ਪ੍ਰਤੀ ਬੈਰਲ ਨਾਲੋਂ ਕਾਫ਼ੀ ਵੱਧ ਹੈ। ਇਸਦੇ ਨਾਲ ਹੀ ਤਰਲ ਪ੍ਰਾਕ੍ਰਿਤਿਕ ਗੈਸ ਦੀ ਸਪਲਾਈ ‘ਚ ਵੀ ਰੁਕਾਵਟ ਪਈ ਹੈ, ਜਿਸ ਨਾਲ ਵਿਸ਼ਵ ਅਰਥਵਿਵਸਥਾ ‘ਤੇ ਦਬਾਅ ਵਧ ਗਿਆ ਹੈ।
ਭਾਵੇਂ ਪੂਰਤੀ ਨੂੰ ਠੀਕ ਰੱਖਣ ਖ਼ਾਤਰ ਕੁਝ ਅਸਥਾਈ ਉਪਾਅ ਕੀਤੇ ਜਾ ਰਹੇ ਹਨ, ਪਰ ਉਹ ਸਥਿਤੀ ਨੂੰ ਪੂਰੀ ਤਰ੍ਹਾਂ ਸੰਭਾਲਣ ਲਈ ਨਾਕਾਫ਼ੀ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਰਾਖਵੇਂ ਸਟਾਕ, ਅਮਰੀਕਾ ਵੱਲੋਂ ਵਾਧੂ ਸਪਲਾਈ ਅਤੇ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀਆਂ ਪਾਈਪਲਾਈਨਾਂ ਰਾਹੀਂ ਸਪਲਾਈ ਵਰਗੇ ਵਿਕਲਪ ਮੌਜੂਦ ਹਨ, ਪਰ ਇਹ ਹੋਰਮੁਜ਼ ਜਲ ਡਮਰੂ ਰਾਹੀਂ ਹੋਣ ਵਾਲੀ ਵੱਡੀ ਸਪਲਾਈ ਨੂੰ ਪੂਰਾ ਨਹੀਂ ਕਰ ਸਕਦੇ। ਇਸ ਕਾਰਨ ਵਿਸ਼ਵ ਬਾਜ਼ਾਰ ਵਿੱਚ ਦਬਾਅ ਅਤੇ ਕੀਮਤਾਂ ਵਿੱਚ ਅਸਥਿਰਤਾ ਜਾਰੀ ਹੈ। ਇਸਦਾ ਸਿੱਧਾ ਅਸਰ ਸਮੁੰਦਰੀ ਵਪਾਰ, ਬੀਮੇ ਦੇ ਖਰਚ ਅਤੇ ਮਹਿੰਗਾਈ ਰਾਹੀਂ ਆਮ ਲੋਕਾਂ ਅਤੇ ਭਾਰਤੀ ਅਰਥਵਿਵਸਥਾ ‘ਤੇ ਪੈ ਰਿਹਾ ਹੈ।
ਭਾਰਤ ਲਈ ਆਰਥਿਕ ਚੁਣੌਤੀਆਂ : ਭਾਰਤ ਆਪਣੀ ਕੱਚੇ ਤੇਲ ਦੀ ਲੋੜ ਦਾ ਲਗਭਗ 88-89 ਫ਼ੀਸਦੀ ਹਿੱਸਾ ਦਰਾਮਦ ਕਰਦਾ ਹੈ ਅਤੇ ਇਸ ਵਿਚ ਵੀ ਲਗਪਗ 50 ਫ਼ੀਸਦੀ ਹਿੱਸਾ (20 ਲੱਖ ਬੈਰਲ ਪ੍ਰਤੀ ਦਿਨ) ਮੱਧ-ਪੂਰਬ ਤੋਂ ਆਉਂਦਾ ਹੈ। ਗੈਸ ਦੇ ਮਾਮਲੇ ਵਿੱਚ ਤਾਂ ਇਹ ਨਿਰਭਰਤਾ ਮੱਧ-ਪੂਰਬ ‘ਤੇ ਹੋਰ ਵੀ ਜ ਿਕੇਂਦਰਿਤ ਹੈ। ਲਗਭਗ 60 ਫ਼ੀਸਦੀ ਤਰਲ ਕੁਦਰਤੀ ਗੈਸ ਅਤੇ ਲਗਭਗ 90 ਫ਼ੀਸਦੀ ਤਰਲ ਪੈਟਰੋਲੀਅਮ ਗੈਸ ਮੱਧ ਪੂਰਬ ਤੋਂ ਦਰਾਮਦ ਹੁੰਦੀ ਹੈ, ਜਿਸ ਵਿਚ ਵੀ ਕਤਰ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਕਤਰ ਵਿਚੋਂ ਗੈਸ ਦਾ ਉਤਪਾਦਨ ਅਤੇ ਪੂਰਤੀ ਠੱਪ ਹੋਣ ਅਤੇ ਭਾਰਤ ਕੋਲ ਕੁਦਰਤੀ ਗੈਸ ਦੇ ਭੰਡਾਰ ਸੀਮਤ ਹੋਣ ਕਾਰਨ ਲੋਕਾਂ ਵਿਚ ਗੈਸ ਦੀ ਕਮੀ ਹੋਣ ਦਾ ਡਰ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਵਿੱਚ 60 ਰੁਪਏ ਦਾ ਵਾਧਾ, ਵਪਾਰਕ ਸਿਲੰਡਰਾਂ ਵਿੱਚ ਲਗਭਗ 115-144 ਰੁਪਏ ਦਾ ਵਾਧਾ, ਸਰਕਾਰ ਵੱਲੋਂ ਉਦਯੋਗਾਂ ਨੂੰ ਗੈਸ ਸਪਲਾਈ ਘਟਾਉਣਾ ਵੀ ਲੋਕਾਂ ਵਿਚ ਗੈਸ ਦੀ ਕਮੀ ਦੇ ਡਰ ਦਾ ਕਾਰਨ ਬਣੇ ਹਨ ਕਿਉਂਕਿ ਕੱਚੇ ਤੇਲ ਦੇ ਸਟਾਕ ਲਗਭਗ 25 ਦਿਨਾਂ ਦੀ ਖਪਤ ਲਈ ਮੌਜੂਦ ਹਨ, ਇਸ ਕਾਰਨ ਵੱਡੇ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਲਈ ਹਾਲਾਤ ਠੀਕ ਹੀ ਰਹੇ ਹਨ।
ਗੈਸ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਭਾਰਤ ਦੀ ਉਤਪਾਦਨ ਸੰਰਚਨਾ ‘ਤੇ ਨਕਾਰਾਤਮਕ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੈਟਰੋਕੈਮੀਕਲ ਉਤਪਾਦਾਂ ‘ਤੇ ਨਿਰਭਰ ਉਦਯੋਗ, ਜਿਵੇਂ ਟੈਕਸਟਾਈਲ, ਪਲਾਸਟਿਕ, ਡਿਟਰਜੈਂਟ ਅਤੇ ਸਿਰਾਮਿਕ ਟਾਈਲਜ਼ ਆਦਿ ਸਭ ਤੋਂ ਪਹਿਲਾਂ ਇਸ ਝਟਕੇ ਨੂੰ ਮਹਿਸੂਸ ਕਰ ਰਹੇ ਹਨ। ਟੈਕਸਟਾਈਲ ਖੇਤਰ ਵਿੱਚ ਗੈਸ ਮਹਿੰਗੀ ਹੋਣ ਨਾਲ ਉਤਪਾਦਨ ਲਾਗਤ ਵਧ ਰਹੀ ਹੈ, ਜਿਸ ਨਾਲ ਕੱਪੜਿਆਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਖ਼ਤਰਾ ਹੈ। ਪਲਾਸਟਿਕ ਅਤੇ ਡਿਟਰਜੈਂਟ ਉਦਯੋਗ ਵੀ ਕੱਚੇ ਮਾਲ ਦੀ ਮਹਿੰਗਾਈ ਕਾਰਨ ਦਬਾਅ ਹੇਠ ਹਨ। ਸਿਰਾਮਿਕ ਟਾਈਲਜ਼ ਖੇਤਰ ਵਿੱਚ ਗੈਸ ਦੀ ਕਮੀ ਕਾਰਨ ਕਈ ਇਕਾਈਆਂ ਬੰਦ ਹੋ ਰਹੀਆਂ ਹਨ, ਖ਼ਾਸ ਕਰਕੇ ਗੁਜਰਾਤ ਦੇ ਮੋਰਬੀ ਵਰਗੇ ਕੇਂਦਰਾਂ ਵਿੱਚ ਰੋਜ਼ਗਾਰ ‘ਤੇ ਅਸਰ ਪੈ ਰਿਹਾ ਹੈ। ਇਸਦੇ ਨਾਲ ਹੀ ਗੈਸ ਸਪਲਾਈ ਘਟਣ ਕਾਰਨ ਖਾਦ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਯੂਰੀਆ ਦੀ ਪੂਰਤੀ ਅਤੇ ਖੇਤੀਬਾੜੀ ਲਾਗਤਾਂ ‘ਤੇ ਦਬਾਅ ਵਧ ਸਕਦਾ ਹੈ।
(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)
– ਰਾਜੀਵ ਖੋਸਲਾ

RELATED ARTICLES
POPULAR POSTS