Breaking News
Home / ਸੰਪਾਦਕੀ / ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

ਭਾਰਤ ਵੱਲੋਂ ਸਹਿਯੋਗ ਦੀ ਆਸ ਕਿਉਂ ਰੱਖ ਰਿਹੈ ਪਾਕਿਸਤਾਨ

1947 ਵਿਚ ਭਾਰਤ ਨੂੰ ਆਜ਼ਾਦੀ ਮਿਲਣ ਦੇ ਨਾਲ ਹੀ ਹੋਈ ਵੰਡ ਦੇ ਨਾਲ ਪਾਕਿਸਤਾਨ ਹੋਂਦ ਵਿਚ ਆ ਗਿਆ ਸੀ। ਉਸ ਸਮੇਂ ਤੋਂ ਹੀ ਲਗਾਤਾਰ ਦੋਹਾਂ ਦੇਸ਼ਾਂ ਵਿਚ ਟਕਰਾਅ ਅਤੇ ਤਕਰਾਰ ਬਣਿਆ ਹੋਇਆ ਹੈ, ਜੋ ਕਿਸੇ ਨਾ ਕਿਸੇ ਰੂਪ ਵਿਚ ਪਿਛਲੀ ਪੌਣੀ ਸਦੀ ਤੋਂ ਬਰਕਰਾਰ ਹੈ। ਦੋਹਾਂ ਦੇਸ਼ਾਂ ਵਿਚ ਕਈ ਵਾਰ ਯੁੱਧ ਵੀ ਹੋਏ, ਜਿਨ੍ਹਾਂ ਵਿਚ ਹਜ਼ਾਰਾਂ ਫ਼ੌਜੀ ਅਤੇ ਹੋਰ ਲੋਕ ਮਾਰੇ ਜਾਂਦੇ ਰਹੇ। ਇਸ ਦਰਮਿਆਨ ਦੋਹਾਂ ਦੇਸ਼ਾਂ ਵਿਚ ਸਮੇਂ-ਸਮੇਂ ਹਕੀਕਤਾਂ ਨੂੰ ਪਛਾਣਦੇ ਹੋਏ ਆਪਸ ਵਿਚ ਦੋਸਤੀ ਅਤੇ ਸਹਿਯੋਗ ਲਈ ਵੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਪਰ ਅਜਿਹੇ ਯਤਨ ਬਹੁਤੀ ਵਾਰ ਸਫ਼ਲ ਨਹੀਂ ਹੋ ਸਕੇ। ਜਿਥੋਂ ਤੱਕ ਪਾਕਿਸਤਾਨ ਦਾ ਸਵਾਲ ਹੈ, ਉਥੇ ਕਿਸੇ ਨਾ ਕਿਸੇ ਰੂਪ ਵਿਚ ਫ਼ੌਜ ਹੀ ਰਾਜ ਕਰਦੀ ਰਹੀ ਹੈ। ਆਪਣੇ ਦੂਸਰੇ ਗੁਆਂਢੀ ਅਫ਼ਗਾਨਿਸਤਾਨ ਨਾਲ ਵੀ ਇਸ ਦੇ ਸੰਬੰਧ ਬਹੁਤੇ ਚੰਗੇ ਨਹੀਂ ਰਹੇ। ਉਥੇ ਅਕਸਰ ਚਲਦੀ ਰਹੀ ਗੜਬੜ ਦਾ ਅਸਰ ਵੀ ਪਾਕਿਸਤਾਨ ‘ਤੇ ਪੈਂਦਾ ਰਿਹਾ। ਫ਼ੌਜੀ ਤਾਨਾਸ਼ਾਹਾਂ ਵਲੋਂ ਬਣਾਈਆਂ ਨੀਤੀਆਂ ਕਾਰਨ ਉਥੇ ਦੁਨੀਆ ਭਰ ਦੇ ਅੱਤਵਾਦੀਆਂ ਦਾ ਜਮਾਵੜਾ ਲੱਗਦਾ ਰਿਹਾ।
ਹੁਣ ਤਾਂ ਇਵੇਂ ਜਾਪਣ ਲੱਗਾ ਹੈ ਕਿ ਇਹ ਖ਼ਤਰਨਾਕ ਸੰਗਠਨ ਪਾਕਿਸਤਾਨ ਦੀ ਹੋਂਦ ਲਈ ਹੀ ਖ਼ਤਰਾ ਬਣ ਚੁੱਕੇ ਹਨ। ਉਥੇ ਲਗਾਤਾਰ ਗੜਬੜ ਵਾਲੇ ਹਾਲਾਤ ਰਹਿਣ ਕਾਰਨ ਕੋਈ ਵੀ ਸਰਕਾਰ ਸਥਿਰ ਨਹੀਂ ਰਹਿ ਸਕੀ, ਜਿਸ ਕਰਕੇ ਅੱਜ ਤਕ ਵੀ ਇਹ ਦੇਸ਼ ਆਪਣੀਆਂ ਮੁਢਲੀਆਂ ਸਮੱਸਿਆਵਾਂ ਤੋਂ ਨਿਜਾਤ ਨਹੀਂ ਪਾ ਸਕਿਆ। ਆਰਥਿਕ ਪੱਖ ਤੋਂ ਇਹ ਦੇਸ਼ ਬੇਹੱਦ ਕਮਜ਼ੋਰ ਹੋ ਚੁੱਕਾ ਹੈ। ਬਹੁ-ਗਿਣਤੀ ਆਮ ਲੋਕ ਗੁਰਬਤ ਅਤੇ ਅਨੇਕਾਂ-ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅੱਜ ਵੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਬਹੁਤਾ ਇਲਾਕਾ ਨਾਜਾਇਜ਼ ਤੌਰ ‘ਤੇ ਹਥਿਆਇਆ ਹੋਇਆ ਹੈ, ਪਰ ਇਸ ਦੇ ਬਾਵਜੂਦ ਉਹ ਸਮੁੱਚੇ ਜੰਮੂ-ਕਸ਼ਮੀਰ ਦੇ ਇਲਾਕੇ ‘ਤੇ ਵਾਰ-ਵਾਰ ਆਪਣਾ ਹੱਕ ਜਤਾਉਂਦਾ ਰਹਿੰਦਾ ਹੈ। ਲੜਾਈਆਂ ਵਿਚ ਮਾਤ ਖਾਣ ਤੋਂ ਬਾਅਦ ਉਸ ਨੇ ਖ਼ਤਰਨਾਕ ਅੱਤਵਾਦੀ ਸੰਗਠਨਾਂ ਦੇ ਮੋਢੇ ‘ਤੇ ਬੰਦੂਕ ਰੱਖ ਕੇ ਭਾਰਤ ਤੋਂ ਆਪਣਾ ਬਦਲਾ ਲੈਣ ਦੀ ਨੀਤੀ ਧਾਰਨ ਕੀਤੀ ਹੋਈ ਹੈ। ਇਸੇ ਨੀਤੀ ਤਹਿਤ ਉਹ ਭਾਰਤ ਨੂੰ ਲਗਾਤਾਰ ਜ਼ਖ਼ਮੀ ਕਰਦਾ ਰਿਹਾ ਹੈ। ਉਸ ਦਾ ਅਜਿਹਾ ਕਰਮ ਅੱਜ ਵੀ ਜਾਰੀ ਹੈ। ਇਸੇ ਨੀਤੀ ਤਹਿਤ ਪਾਕਿਸਤਾਨ ਦੇ ਸਿਖਲਾਈ ਪ੍ਰਾਪਤ ਅੱਤਵਾਦੀਆਂ ਨੇ ਸਾਲ 2019 ਵਿਚ 3 ਦਰਜਨ ਤੋਂ ਵਧੇਰੇ ਭਾਰਤੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਜੰਮੂ-ਕਸ਼ਮੀਰ ਵਿਚ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਹੋਰ ਵੀ ਵਿਗੜ ਗਏ ਸਨ। ਉਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਸਰਕਾਰ ਦੁਆਰਾ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ‘ਤੇ ਸਖ਼ਤ ਇਤਰਾਜ਼ ਕੀਤਾ ਸੀ।
ਹੁਣ ਪਾਕਿਸਤਾਨ ਵਿਚ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਨਵੀਂ ਸਰਕਾਰ ਬਣੀ ਹੈ, ਜੋ ਅੱਤਵਾਦੀ ਸੰਗਠਨਾਂ ਦੇ ਤਾਂ ਖਿਲਾਫ਼ ਹੈ, ਪਰ ਹਾਲੇ ਵੀ ਉਥੇ ਫ਼ੌਜ ਦਾ ਪਹਿਰਾ ਹੋਣ ਕਾਰਨ ਉਹ ਭਾਰਤ ਪ੍ਰਤੀ ਖੁੱਲ੍ਹ ਕੇ ਆਪਣੀਆਂ ਨੀਤੀਆਂ ਨੂੰ ਉਜਾਗਰ ਕਰਨ ਤੋਂ ਹਿਚਕਿਚਾ ਰਹੀ ਹੈ, ਪਰ ਜਿਸ ਤਰ੍ਹਾਂ ਉਸ ਦੇਸ਼ ਵਿਚ ਆਰਥਿਕ ਮੰਦਹਾਲੀ ਛਾਈ ਹੋਈ ਹੈ, ਉਸ ਨੂੰ ਵੇਖਦਿਆਂ ਹੋਇਆਂ ਉਸ ਕੋਲ ਭਾਰਤ ਨਾਲ ਸਹਿਯੋਗ ਵਧਾਉਣ ਤੋਂ ਬਗ਼ੈਰ ਕੋਈ ਹੋਰ ਚਾਰਾ ਨਹੀਂ ਹੈ। ਇਸੇ ਸੰਦਰਭ ਵਿਚ ਹੀ ਪਿਛਲੇ ਦਿਨੀਂ ਉਸ ਦੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਦੇ ਬਿਆਨ ਨੂੰ ਵੇਖਿਆ ਜਾ ਸਕਦਾ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ ਤੋਂ ਆਪਸੀ ਵਪਾਰ ਆਰੰਭ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਡਾਰ ਅਨੁਸਾਰ ਅੱਜ ਪਾਕਿਸਤਾਨ ਦੇ ਬਹੁਤ ਸਾਰੇ ਸਨਅਤਕਾਰ ਅਤੇ ਵਪਾਰੀ ਵੀ ਅਜਿਹਾ ਹੀ ਚਾਹੁੰਦੇ ਹਨ। ਚੜ੍ਹਦੇ ਪੰਜਾਬ ਦੇ ਕਈ ਸਿਆਸੀ ਦਲ ਤੇ ਵਪਾਰਕ ਸਰਗਰਮੀਆਂ ਨਾਲ ਜੁੜੇ ਹੋਏ ਵਿਅਕਤੀ ਵੀ ਸ਼ਿੱਦਤ ਨਾਲ ਅਜਿਹਾ ਮਹਿਸੂਸ ਕਰ ਰਹੇ ਹਨ, ਪਰ ਅਜਿਹਾ ਤਦੇ ਹੀ ਸੰਭਵ ਹੋ ਸਕਦਾ ਹੈ, ਜੇਕਰ ਪਾਕਿਸਤਾਨ ਅੱਤਵਾਦੀਆਂ ਪ੍ਰਤੀ ਚਿਰਾਂ ਤੋਂ ਅਪਣਾਈਆਂ ਆਪਣੀਆਂ ਨੀਤੀਆਂ ਨੂੰ ਬਦਲਣ ਦੀ ਜੁਰਅਤ ਦਿਖਾਵੇ। ਇਸੇ ਨਾਲ ਹੀ ਦੋਹਾਂ ਦੇਸ਼ਾਂ ਦਾ ਵਾਤਾਵਰਨ ਸੁਖਾਵਾਂ ਹੋ ਸਕੇਗਾ।

Check Also

ਪੰਜਾਬ ਦੀਆਂ ਜੇਲ੍ਹਾਂ ‘ਚ ਵਧਦੀਆਂ ਹਿੰਸਕ ਘਟਨਾਵਾਂ ਚਿੰਤਾ ਦਾ ਵਿਸ਼ਾ

ਪੰਜਾਬ ਦੀਆਂ ਜੇਲ੍ਹਾਂ ‘ਚ ਹਿੰਸਾ, ਹੱਤਿਆਵਾਂ ਅਤੇ ਦੰਗਾ-ਫਸਾਦ ਦੀਆਂ ਇਕ ਤੋਂ ਬਾਅਦ ਇਕ ਹੁੰਦੀਆਂ ਘਟਨਾਵਾਂ …