ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਮੀਡੀਆਂ ਦੀਆਂ ਸੁਰਖ਼ੀਆਂ ਵਿੱਚ ਹੈ। ਇਹ ਖ਼ੌਫ਼ਨਾਕ ਅਤੇ ਦੁਖਦਾਈ ਵਰਤਾਰਾ ਲਗਾਤਾਰ ਜਾਰੀ ਹੈ। ਖੋਜ ਅਤੇ ਅਧਿਐਨ ਚੌਕਸ ਕਰਦੇ ਹਨ ਕਿ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨਾਲ ਮੇਲ ਖਾਂਦੇ ਹਾਲਾਤ ਵਾਲੇ ਕਿਸਾਨ ਕੋਈ ਹੱਲ ਨਾ ਕੱਢਣ ਦੀ ਸੂਰਤ ਵਿੱਚ ਇਸ ਵਰਤਾਰੇ ਦਾ ਸ਼ਿਕਾਰ ਹੋ ਸਕਦੇ ਹਨ। ਪਹਿਲਾ ਪਹਿਲ ਸੂਬਾਈ ਸਰਕਾਰਾਂ ਨੇ ਇਸ ਵਰਤਾਰੇ ਬਾਰੇ ਨਾਂਹ-ਨੁੱਕਰ ਕੀਤੀ। ਫਿਰ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਕਾਰਨ ਕਰਜ਼ੇ ਨੂੰ ਮੰਨ ਲਿਆ, ਪਰ ਮਸਲਾ ਹੱਲ ਨਾ ਹੋਇਆ। ਖ਼ੁਦਕੁਸ਼ੀਆਂ ਦੇ ਕਾਰਨ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਹੋ ਸਕਦੇ ਹਨ, ਪਰ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਘਾਤਕ ਦਿਲ-ਕੰਬਾਊ ਵਰਤਾਰਾ ਹਨ। ਇਹ ਮਸਲਾ ਡੂੰਘੀ ਖੋਜ-ਪੜਤਾਲ ਦੀ ਮੰਗ ਕਰਦਾ ਹੈ ਤਾਂ ਕਿ ਇਸ ਦਾ ਢੁਕਵਾਂ ਹੱਲ ਲੱਭਿਆ ਜਾ ਸਕੇ।
ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਦੀ ਹੋਂਦ ਮੰਨ ਲੈਣ ਮਗਰੋਂ ਸਰਕਾਰ ਅਤੇ ਸਰਕਾਰੀ ਸੰਸਥਾਵਾਂ ਨੇ ਇਸ ਮਸਲੇ ਦੀ ਗੰਭੀਰਤਾ ਬਾਰੇ ਜਾਣਨ ਲਈ ਕੁਝ ਅਧਿਐਨ ਕਰਵਾਏ। ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਕਈ ਸੰਗਠਨਾਂ ਅਤੇ ਬੁੱਧੀਜੀਵੀਆਂ ਨੇ ਵੀ ਨਿੱਜੀ ਪੱਧਰ ‘ਤੇ ਇਸ ਦੇ ਕਈ ਪਹਿਲੂਆਂ ਦੀ ਘੋਖ-ਪੜਤਾਲ ਕੀਤੀ ਹੈ। ਅਧਿਐਨਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੂਬੇ ਦੀ ਮਾਲਵੇ ਦੀ ਕਪਾਹ ਪੱਟੀ ਭਾਵ ਸੰਗਰੂਰ, ਬਠਿੰਡਾ, ਮਾਨਸਾ, ਫਿਰੋਜ਼ਪੁਰ ਅਤੇ ਪੁਰਾਣਾ ਫਰੀਦਕੋਟ ਇਸ ਵਰਤਾਰੇ ਦੀ ਲਪੇਟ ਵਿੱਚ ਸਭ ਤੋਂ ਵੱਧ ਆਏ ਹਨ। ਖੇਤੀ ਉਤਪਾਦਨ ਦੀਆਂ ਗ਼ੈਰ-ਲਾਹੇਵੰਦ ਕੀਮਤਾਂ, ਲਗਾਤਾਰ ਫ਼ਸਲਾਂ ਮਾਰੇ ਜਾਣਾ, ਉੱਚੀਆਂ ਤੇ ਲਗਾਤਾਰ ਵਧੀਆਂ ਖੇਤੀ ਲਾਗਤਾਂ ਅਤੇ ਕਰਜ਼ੇ ਤੇ ਵਿਆਜ ਦੀਆਂ ਉੱਚੀਆਂ ਦਰਾਂ ਕਾਰਨ ਖ਼ਾਸਕਰ ਛੋਟੇ ਅਤੇ ਸੀਮਾਂਤ ਕਿਸਾਨ ਕਰਜ਼ੇ ਦੇ ਜੰਜਾਲ ਵਿੱਚ ਧਸ ਗਈ ਹੈ। ਖੇਤੀ ਦੇ ਸੰਕਟ, ਕਰਜ਼ੇ ਦੇ ਕਾਰਨ, ਕਰਜ਼ੇ ਦੀ ਮਾਤਰਾ ਅਤੇ ਕਿਸਾਨ ਖ਼ੁਦਕੁਸ਼ੀਆਂ ਸਬੰਧੀ ਵੱਖ-ਵੱਖ ਅੰਦਾਜ਼ੇ, ਨਤੀਜੇ ਅਤੇ ਸੁਝਾਅ ਪੇਸ਼ ਕੀਤੇ ਜਾਣ ਦੇ ਬਾਵਜੂਦ ਇਸ ਮਸਲੇ ਦਾ ਕਾਰਗਰ ਹੱਲ ਸਾਹਮਣੇ ਨਹੀਂ ਆਇਆ।
ਇਨ੍ਹਾਂ ਖ਼ਾਮੀਆਂ ਨੂੰ ਪੂਰਾ ਕਰਨ ਦੇ ਮਨਸ਼ੇ ਅਤੇ ਜ਼ਮੀਨੀ ਹਕੀਕਤਾਂ ਨੂੰ ਜਾਣਨ ਲਈ ਇਸ ਤੋਂ ਵੱਧ ਪ੍ਰਭਾਵਿਤ ਮਾਲਵੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸਰਵੇਖਣ ਕੀਤਾ ਗਿਆ। ਇਸ ਵਿੱਚ ਪੀੜਤ ਕਿਸਾਨਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ, ਕਰਜ਼ੇ ਦਾ ਮੰਤਵ, ਕਰਜ਼ੇ ਦੀ ਪੰਡ ਵਧਣ ਦੇ ਕਾਰਨ ਅਤੇ ਕਿਸਾਨ ਖ਼ੁਦਕੁਸ਼ੀਆਂ ਦੇ ਮਸਲੇ ਨੂੰ ਸ਼ਾਮਿਲ ਕੀਤਾ ਗਿਆ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਬਲਾਕਾਂ ਅਤੇ ਤਹਿਸੀਲਾਂ ਦੇ ਪੀੜਤ ਕਿਸਾਨਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ, ਪੰਚਾਇਤ ਮੈਬਰਾਂ, ਆੜ੍ਹਤੀਆਂ ਅਤੇ ਬੈਂਕਾਂ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਗਈ। ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ 86 ਫ਼ੀਸਦੀ ਕਿਸਾਨ ਅਤੇ 12 ਫ਼ੀਸਦੀ ਖੇਤ ਮਜ਼ਦੂਰ ਸ਼ਾਮਿਲ ਸਨ। ਕਿਸਾਨਾਂ ਵਿੱਚੋਂ ਵੱਡੀ ਗਿਣਤੀ ਛੋਟੀ ਅਤੇ ਸੀਮਾਂਤ ਕਿਸਾਨੀ ਨਾਲ ਸਬੰਧਿਤ ਸਨ। ਜ਼ਿਆਦਾਤਰ ਖ਼ੁਦਕੁਸ਼ੀਆਂ ਨੌਜਵਾਨ ਅਤੇ ਅੱਧਖੜ ਉਮਰ ਦੇ ਕਿਸਾਨਾਂ ਨੇ ਕੀਤੀਆਂ। ਪੜ੍ਹਾਈ-ਲਿਖਾਈ ਦੀ ਘਾਟ ਪ੍ਰਤੱਖ ਸਾਹਮਣੇ ਆਈ। ਬਹੁਤੇ ਪੀੜਤ ਅਨਪੜ੍ਹ ਸਨ, ਜਿਸ ਕਾਰਨ ਉਨ੍ਹਾਂ ਕੋਲ ਬਹੁਤੇ ਵਿਕਲਪ ਨਾ ਹੋਣ ਕਾਰਨ ਉਨ੍ਹਾਂ ਨੂੰ ਗ਼ੈਰ-ਲਾਹੇਵੰਦ ਖੇਤੀ ‘ਤੇ ਹੀ ਨਿਰਭਰ ਰਹਿਣਾ ਪਿਆ। ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਵਿੱਚ 82 ਫ਼ੀਸਦੀ ਜੱਟ ਸਿੱਖ ਸਨ ਅਤੇ ਵੱਡੀ ਗਿਣਤੀ ‘ਚ ਸਾਂਝੇ ਵੱਡੇ ਪਰਿਵਾਰਾਂ ਵਿੱਚੋਂ ਸਨ। ਪੀੜਤਾਂ ਵਿੱਚੋਂ 86 ਫ਼ੀਸਦੀ ਵਿਆਹੇ ਅਤੇ ਬਾਲ-ਬੱਚੇਦਾਰ ਸਨ।
ਜਦੋਂ ਕਿਸਾਨ ਖੇਤੀ ਆਮਦਨ ਵਿੱਚੋਂ ਕਰਜ਼ਾ ਵਾਪਸ ਨਾ ਕਰ ਸਕਣ ਅਤੇ ਕਰਜ਼ਾ ਹਰ ਸਾਲ ਵਧਦਾ ਜਾਵੇ ਤਾਂ ਇਹ ਭਿਆਨਕ ਸਮੱਸਿਆ ਬਣ ਜਾਂਦਾ ਹੈ ਅਤੇ ਕਿਸਾਨ ਇਸ ਜੰਜਾਲ ਵਿੱਚ ਫਸਦਾ ਹੀ ਚਲਾ ਜਾਂਦਾ ਹੈ। ਕਰਜ਼ੇ ਦੀ ਸਮੱਸਿਆ ਕਰਜ਼ੇ ਦੀ ਉਪਲਬਧਤਾ, ਕੀਮਤ, ਵਾਪਸ ਮੋੜਨ ਦੀ ਸਮਰੱਥਾ, ਖੇਤੀ ਲਾਗਤਾਂ ਅਤੇ ਖੇਤੀ ਉਤਪਾਦਨ ਦੀਆਂ ਕੀਮਤਾਂ ਉੱਤੇ ਨਿਰਭਰ ਕਰਦੀ ਹੈ। ਖੋਜ ਅਧਿਐਨਾਂ ਨੇ ਖੇਤੀ ਵਸਤਾਂ ਦੀਆਂ ਗ਼ੈਰ-ਲਾਹੇਵੰਦ ਕੀਮਤਾਂ, ਝਾੜ ਦੀ ਖੜੋਤ ਅਤੇ ਘਟਣਾ, ਲਗਾਤਾਰ ਫ਼ਸਲਾਂ ਦਾ ਮਾਰੇ ਜਾਣਾ, ਲਗਾਤਾਰ ਵਧਦੀਆਂ ਅਤੇ ਉੱਚੀਆਂ ਖੇਤੀ ਲਾਗਤਾਂ, ਗ਼ੈਰ-ਸੰਸਥਾਗਤ ਕਰਜ਼ੇ ਦੀਆਂ ਹੱਦੋਂ ਵੱਧ ਉੱਚੀਆਂ ਵਿਆਜ ਦਰਾਂ ਅਤੇ ਕਰਜ਼ੇ ਦਾ ਅਣਉਤਪਾਦਕ ਕੰਮਾਂ ਲਈ ਵਰਤਣ ਨੂੰ ਮੁੱਖ ਕਾਰਨ ਦੱਸਿਆ ਹੈ। ਪੰਜਾਬ ਦੇ ਕਿਸਾਨਾਂ ਸਿਰ ਲਗਾਤਾਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ ਅਤੇ ਕਿਸਾਨਾਂ ਦਾ ਇੱਕ ਤੋਂ ਵੱਧ ਸਰੋਤਾਂ ਦਾ ਕਰਜ਼ਾਈ ਹੋਣਾ ਵੀ ਸਾਹਮਣੇ ਆਇਆ ਹੈ। ਅਧਿਐਨ ਮੁਤਾਬਿਕ 76 ਫ਼ੀਸਦੀ ਕਿਸਾਨਾਂ ਸਿਰ ਇੱਕ ਤੋਂ ਵੱਧ ਸਰੋਤਾਂ ਦਾ ਕਰਜ਼ਾ ਸੀ। ਇਹ ਅਹਿਮ ਪਹਿਲੂ ਪਹਿਲੇ ਅਧਿਐਨਾਂ ਨਾਲ ਮੇਲ ਨਹੀਂ ਖਾਂਦਾ ਕਿ ਸਿਰਫ਼ 12 ਫ਼ੀਸਦੀ ਕਿਸਾਨਾਂ ਸਿਰ ਨਿਰੋਲ ਆੜ੍ਹਤੀਆਂ ਦਾ ਕਰਜ਼ਾ ਸੀ। ਇਸ ਦੇ ਮੁੱਖ ਕਾਰਨ ਖੇਤੀ ਸੰਕਟ ਦਾ ਉੱਭਰਨਾ ਤੇ ਡੂੰਘਾ ਹੋਣਾ ਅਤੇ ਇਸ ਦੇ ਚਰਚਾ ‘ਚ ਆਉਣ ਕਾਰਨ ਪਿਛਲੇ ਸਮੇਂ ਵਿੱਚ ਸੰਸਥਾਗਤ ਸਰੋਤਾਂ ਵੱਲੋਂ ਵੱਧ ਕਰਜ਼ਾ ਮੁਹੱਈਆ ਕਰਵਾਉਣਾ, ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਦੀਆਂ ਜਥੇਬੰਦੀਆਂ ਵਿਚਕਾਰ ਕਈ ਮੁੱਦਿਆਂ ‘ਤੇ ਟਕਰਾਅ ਹੋਣ ਕਾਰਨ ਕਿਸਾਨਾਂ ਵੱਲੋਂ ਆੜ੍ਹਤੀਆ ਦਾ ਕਰਜ਼ਾ ਕਿਤੋਂ ਹੋਰ ਪ੍ਰਬੰਧ ਕਰਕੇ ਵਾਪਸ ਕਰਨਾ ਅਤੇ ਅਜਿਹੇ ਮਾਹੌਲ ਵਿੱਚ ਆੜ੍ਹਤੀਆਂ ਵੱਲੋਂ ਕਿਸਾਨਾਂ ਵੱਲ ਕਰਜ਼ੇ ਦੇ ਮਾਮਲੇ ਵਿੱਚ ਹੱਥ ਪਿਛਾਂਹ ਖਿੱਚ ਲੈਣਾ ਹਨ। ਜੋਤਾਂ ਦੇ ਆਕਾਰ ਅਤੇ ਕਰਜ਼ੇ ਦੇ ਸਰੋਤਾਂ ਅਨੁਸਾਰ ਪੀੜਤ ਛੋਟੇ ਅਤੇ ਸੀਮਾਂਤ ਕਿਸਾਨ ਗ਼ੈਰ-ਸੰਸਥਾਗਤ ਅਤੇ ਸੰਸਥਾਗਤ ਕਰਜ਼ੇ ਦੋਵਾਂ ਵਿੱਚ ਫਸੇ ਹੋਏ ਸਨ ਜਦੋਂਕਿ ਵੱਡੇ ਕਿਸਾਨਾਂ ਸਿਰ ਸਿਰਫ਼ ਸੰਸਥਾਗਤ ਕਰਜ਼ਾ ਹੀ ਸੀ। ਦਰਅਸਲ, ਜਿਉਂ ਜਿਉਂ ਜੋਤਾਂ ਦਾ ਆਕਾਰ ਵਧਦਾ ਹੈ ਤਾਂ ਗ਼ੈਰ-ਸੰਸਥਾਗਤ ਕਰਜ਼ੇ ਦਾ ਭਾਰ ਘਟਦਾ ਜਾਂਦਾ ਹੈ। ਬਹੁਤੇ ਪੀੜਤ ਕਿਸਾਨ ਸੰਸਥਾਗਤ ਸਰੋਤਾਂ ਦੇ ਵੱਧ ਕਰਜ਼ਦਾਰ ਸਨ। ਜੋਤਾਂ ਦੇ ਆਕਾਰ ਅਨੁਸਾਰ ਵੱਡੇ ਕਿਸਾਨਾਂ ਸਿਰ ਕਰਜ਼ੇ ਦਾ ਬਹੁਤ ਹਲਕਾ ਬੋਝ ਸੀ, ਪਰ ਪੀੜਤ ਛੋਟੇ ਅਤੇ ਸੀਮਾਂਤ ਕਿਸਾਨਾਂ ਸਿਰ ਕੁੱਲ ਕਰਜ਼ੇ ਦਾ 95 ਫ਼ੀਸਦੀ ਭਾਰ ਸੀ। ਕੁੱਲ ਸੰਸਥਾਗਤ ਕਰਜ਼ੇ ਦਾ ਮਹਿਜ਼ 2.9 ਫ਼ੀਸਦੀ ਵੱਡੀ ਕਿਸਾਨੀ ਸਿਰ ਅਤੇ 96.6 ਪ੍ਰਤੀਸ਼ਤ ਦਰਮਿਆਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਸਿਰ ਸੀ। ਇਉਂ ਹੀ ਕੁੱਲ ਗ਼ੈਰ-ਸੰਸਥਾਗਤ ਕਰਜ਼ੇ ਦਾ 91.8 ਫ਼ੀਸਦੀ ਦਰਮਿਆਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਸਿਰ ਅਤੇ ਵੱਡੀ ਕਿਸਾਨੀ ਸਿਰ ਇਹ ਕਰਜ਼ੇ ਨਹੀਂ ਸਨ। ਪ੍ਰਤੀ ਕਿਸਾਨ ਪਰਿਵਾਰ ਅਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੀੜਤ ਕਿਸਾਨਾਂ ਸਿਰ ਕਰਜ਼ਾ ਪੰਜਾਬ ਦੇ ਕਰਜ਼ੇ ਵਿੱਚ ਫਸੇ ਕਿਸਾਨਾਂ ਅਤੇ ਪੰਜਾਬ ਦੇ ਆਮ ਕਿਸਾਨਾਂ ਨਾਲੋਂ ਕਿਤੇ ਵਧੇਰੇ ਸੀ। ਛੋਟੇ ਅਤੇ ਸੀਮਾਂਤ ਕਿਸਾਨਾਂ ਸਿਰ ਤੇਜ਼ੀ ਨਾਲ ਵਧ ਰਿਹਾ ਕਰਜ਼ਾ ਇਨ੍ਹਾਂ ਦੀ ਹੋਂਦ ਲਈ ਇੱਕ ਗੰਭੀਰ ਸੰਕਟ ਦੀ ਪੇਸ਼ੀਨਗੋਈ ਵੀ ਕਰਦਾ ਹੈ। ਇਨ੍ਹਾਂ ਤੱਥਾਂ ਮੁਤਾਬਿਕ ਕਰਜ਼ਾ ਮੁੱਖ ਤੌਰ ‘ਤੇ ਕਿਸਾਨੀ ਖ਼ੁਦਕੁਸ਼ੀਆਂ ਲਈ ਜ਼ਿੰਮੇਵਾਰ ਹੈ। ਕੁਝ ਕਿਸਾਨਾਂ ਨੇ ਕਰਜ਼ੇ ਦੀਆਂ ਬਹੁਤ ਉੱਚੀਆਂ ਵਿਆਜ ਦਰਾਂ ਅਤੇ ਕਰਜ਼ੇ ਦੀ ਮਨਜ਼ੂਰੀ ਤੇ ਵੰਡ ਸਮੇਂ ਭ੍ਰਿਸ਼ਟਾਚਾਰ ਅਤੇ ਬੇਨੇਮੀਆਂ ਦੇ ਵੀ ਦੋਸ਼ ਲਗਾਏ। ਕਿਸਾਨ ਯੂਨੀਅਨਾਂ ਮੁਤਾਬਿਕ ਖੇਤੀ ਜਿਣਸਾਂ ਦੇ ਗ਼ੈਰ-ਲਾਹੇਵੰਦ ਭਾਅ, ਖੇਤੀ ਦੀਆਂ ਲਗਾਤਾਰ ਵਧ ਰਹੀਆਂ ਅਤੇ ਉੱਚੀਆਂ ਲਾਗਤਾਂ, ਗ਼ੈਰ-ਸੰਸਥਾਗਤ ਕਰਜ਼ੇ ਦੀਆਂ ਉੱਚੀਆਂ ਵਿਆਜ ਦਰਾਂ, ਘਟੀਆ ਕੀੜੇਮਾਰ ਦਵਾਈਆਂ ਅਤੇ ਖਾਦ ਤੇ ਨਹਿਰੀ ਪਾਣੀ ਦੀ ਘਾਟ ਇਨ੍ਹਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਦੀ ਜੜ੍ਹ ਹਨ। ਆੜ੍ਹਤੀਆਂ ਅਨੁਸਾਰ ਕਿਸਾਨਾਂ ਵੱਲੋਂ ਕਰਜ਼ੇ ਦੀ ਗ਼ਲਤ ਵਰਤੋਂ, ਗ਼ੈਰ-ਉਤਪਾਦਕ ਕੰਮਾਂ ਲਈ ਕਰਜ਼ਾ ਅਤੇ ਫ਼ਸਲਾਂ ਦਾ ਖ਼ਰਾਬ ਹੋਣਾ ਖੇਤੀ ਸੰਕਟ ਲਈ ਜ਼ਿੰਮੇਵਾਰ ਹਨ।
(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)
– ਕੇਸਰ ਸਿੰਘ ਭੰਗੂ
ਪੰਜਾਬ ‘ਚ ਕਿਸਾਨ ਖ਼ੁਦਕੁਸ਼ੀਆਂ ਅਤੇ ਕਾਰਨ
RELATED ARTICLES

