ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ ਉਹ ਬੇਹੱਦ ਮੰਦਭਾਗਾ ਵੀ ਹੈ ਅਤੇ ਇਸ ਦੇਸ਼ ਦੀ ਚਾਦਰ ਨੂੰ ਹੋਰ ਦਾਗ਼ਦਾਰ ਕਰਨ ਵਾਲਾ ਵੀ ਹੈ। ਪਹਿਲਾਂ ਕੁਝ ਮਹੀਨੇ ਦੇਸ਼ ਦੇ ਉੱਤਰ ਪੂਰਬੀ ਖਿੱਤੇ ਵਿਚ ਜੋ ਕੁਝ ਵਾਪਰਦਾ ਰਿਹਾ, ਉਸ ਨੂੰ ਬੇਹੱਦ ਘਿਨੌਣਾ ਕਿਹਾ ਜਾ ਸਕਦਾ ਹੈ। ਇਕੋ ਹੀ ਪ੍ਰਾਂਤ ਮਨੀਪੁਰ ਵਿਚ ਵਸਦੇ ਕੁਝ ਕਬੀਲਿਆਂ ਦੀ ਆਪਸੀ ਲੜਾਈ ਇੰਨੀ ਭਿਆਨਕ ਹੋ ਸਕਦੀ ਹੈ, ਇਸ ਦਾ ਅੰਦਾਜ਼ਾ ਨਹੀਂ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਹੁਣ ਤੱਕ ਵੀ ਉੱਥੇ ਅਜਿਹਾ ਤਣਾਅ ਜਾਰੀ ਹੈ। ਉਥੋਂ ਦੀ ਪੁਲਿਸ ਅਤੇ ਪ੍ਰਸ਼ਾਸਨ ਬੇਵੱਸ ਦਿਖਾਈ ਦਿੰਦਾ ਹੈ। ਦੇਸ਼ ਤੇ ਵਿਦੇਸ਼ ਵਿਚ ਇਸ ਮਸਲੇ ਨੂੰ ਲੈ ਕੇ ਬੇਹੱਦ ਵਿਵਾਦ ਚੱਲ ਰਿਹਾ ਹੈ। ਮਨੀਪੁਰ ਵਿਚ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਚੱਲ ਰਹੀ ਹੈ। ਕੇਂਦਰ ਵਿਚ ਵੀ ਭਾਜਪਾ ਦਾ ਸ਼ਾਸਨ ਹੈ। ਇਸ ਮੰਦਭਾਗੇ ਘਟਨਾਕ੍ਰਮ ਨੇ ਕੇਂਦਰ ਸਰਕਾਰ ਦੇ ਪ੍ਰਭਾਵ ਨੂੰ ਵੀ ਘਟਾਇਆ ਹੈ।
ਨਰਿੰਦਰ ਮੋਦੀ ਸਰਕਾਰ ਤੋਂ ਇਸ ਵੱਡੀ ਚੁਣੌਤੀ ਨਾਲ ਜਿਸ ਪ੍ਰਭਾਵੀ ਢੰਗ ਨਾਲ ਨਿਪਟਣ ਦੀ ਆਸ ਕੀਤੀ ਜਾ ਰਹੀ ਸੀ, ਉਸ ‘ਤੇ ਉਹ ਪੂਰੀ ਨਹੀਂ ਉਤਰ ਸਕੀ। ਇਸ ਮਸਲੇ ‘ਤੇ ਦੇਸ਼ ਦੀਆਂ ਬਹੁਤੀਆਂ ਵਿਰੋਧੀਆਂ ਪਾਰਟੀਆਂ ਕੇਂਦਰ ਸਰਕਾਰ ਦੇ ਖਿਲਾਫ ਇਕਜੁੱਟ ਹੋ ਕੇ ਇਸ ਦੀ ਆਲੋਚਨਾ ਕਰ ਰਹੀਆਂ ਹਨ। ਇਹ ਘਟਨਾਕ੍ਰਮ ਅਜੇ ਤੱਕ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਹੁਣ ਜੋ ਹਰਿਆਣੇ ਵਿਚ ਵਾਪਰਿਆ ਹੈ, ਉਸ ਨੇ ਦੇਸ਼ ਦੀ ਚਿੰਤਾ ਨੂੰ ਹੋਰ ਵੀ ਵਧਾ ਦਿੱਤਾ ਹੈ। ਇਕ ਧਾਰਮਿਕ ਜਲੂਸ ਨੂੰ ਲੈ ਕੇ ਦੋ ਫਿਰਕਿਆਂ ਦੀਆਂ ਹੋਈਆਂ ਖ਼ੂਨੀ ਝੜਪਾਂ ਦਾ ਸੇਕ ਪੂਰੇ ਦੇਸ਼ ਵਿਚ ਮਹਿਸੂਸ ਕੀਤਾ ਜਾਣ ਲੱਗਾ ਹੈ। ਨੂਹ ਦੇ ਇਲਾਕੇ ਵਿਚ ਲੱਗੀ ਇਹ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ। ਇਸ ਸੰਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਖ਼ਤ ਸੰਦੇਸ਼ ਦਿੱਤਾ ਹੈ। ਵੱਡੀ ਗਿਣਤੀ ਵਿਚ ਪੁਲਿਸ ਤੇ ਨੀਮ ਫ਼ੌਜੀ ਦਸਤੇ ਤਾਇਨਾਤ ਕੀਤੇ ਗਏ ਹਨ ਅਤੇ ਉਹ ਬੇਹੱਦ ਮੁਸਤੈਦੀ ਨਾਲ ਕੰਮ ਕਰ ਰਹੇ ਹਨ। ਵੱਡੀ ਗਿਣਤੀ ਵਿਚ ਦੰਗਾਕਾਰੀਆਂ ਤੇ ਸ਼ਰਾਰਤੀ ਅਨਸਰਾਂ ਨੂੰ ਫੜਿਆ ਵੀ ਗਿਆ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਸਥਿਤੀ ਆਮ ਵਰਗੀ ਨਹੀਂ ਹੋਈ। ਬਿਨਾਂ ਸ਼ੱਕ ਦੇਸ਼ ਵਿਚ ਪਿਛਲੇ ਲੰਮੇ ਸਮੇਂ ਤੋਂ ਫਿਰਕੂ ਫ਼ਸਾਦ ਹੁੰਦੇ ਰਹੇ ਹਨ ਪਰ ਅੱਜ ਜਿਸ ਤਰ੍ਹਾਂ ਧਾਰਮਿਕ ਜਲੂਸਾਂ ਤੇ ਧਾਰਮਿਕ ਸਥਾਨਾਂ ਦੇ ਨਾਂਅ ‘ਤੇ ਲੋਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ, ਉਹ ਬੇਹੱਦ ਚਿੰਤਾਜਨਕ ਹੈ, ਇਸ ਦੀ ਸਖ਼ਤ ਨਿੰਦਾ ਹੋਣੀ ਚਾਹੀਦੀ ਹੈ। ਇਹ ਗੱਲ ਵੀ ਸੋਚਣ ਵਾਲੀ ਹੈ ਕਿ ਪਿਛਲੇ ਦਹਾਕੇ ਭਰ ਤੋਂ ਮੰਦਰਾਂ, ਮਸਜਿਦਾਂ ਤੇ ਹੋਰ ਧਾਰਮਿਕ ਸਥਾਨਾਂ ਨੂੰ ਲੈ ਕੇ ਜੋ ਝਗੜੇ ਖੜ੍ਹੇ ਕੀਤੇ ਜਾ ਰਹੇ ਹਨ, ਉਨ੍ਹਾਂ ਨੇ ਦੇਸ਼ ਦੇ ਮਾਹੌਲ ਨੂੰ ਅਤਿ ਪ੍ਰਦੂਸ਼ਿਤ ਕਰ ਦਿੱਤਾ ਹੈ। ਲੋਕ ਧਰਮਾਂ, ਫਿਰਕਿਆਂ ਤੇ ਬਿਰਾਦਰੀਆਂ ਦੇ ਨਾਂਅ ‘ਤੇ ਵੰਡੇ ਜਾ ਰਹੇ ਹਨ। ਜੇਕਰ ਅਜਿਹਾ ਕੁਝ ਸਿਆਸੀ ਮਸਲਹਤਾਂ ਤੋਂ ਪ੍ਰੇਰਿਤ ਹੈ ਤਾਂ ਇਹ ਹੋਰ ਵੀ ਮੰਦਭਾਗਾ ਹੋਵੇਗਾ। ਦੇਸ਼ ਨੇ ਇਕ ਵੱਡਾ ਸੰਘਰਸ਼ ਕਰਕੇ ਸਦੀਆਂ ਦੀ ਗ਼ੁਲਾਮੀ ਤੋਂ ਨਿਜਾਤ ਪਾਈ ਸੀ। ਇਕ ਬੇਹੱਦ ਸ਼ਾਨਦਾਰ ਲਿਖਤੀ ਸੰਵਿਧਾਨ ਤਿਆਰ ਕਰਕੇ ਦੇਸ਼ ਨੂੰ ਲੋਕਤੰਤਰ ਦੀਆਂ ਲੀਹਾਂ ਉਤੇ ਤੋਰਿਆ ਗਿਆ ਸੀ।
ਪਿਛਲੇ ਦਹਾਕਿਆਂ ਵਿਚ ਬਹੁਤੇ ਪੱਖਾਂ ਤੋਂ ਭਾਰਤ ਨੇ ਵੱਡੀਆਂ ਪੁਲਾਂਘਾਂ ਵੀ ਪੁੱਟੀਆਂ ਹਨ ਪਰ ਅਸੀਂ ਅਜਿਹੀਆਂ ਪ੍ਰਾਪਤੀਆਂ ‘ਤੇ ਉਸ ਸਮੇਂ ਤੱਕ ਮਾਣ ਨਹੀਂ ਕਰ ਸਕਦੇ, ਜਦੋਂ ਤੱਕ ਦੇਸ਼ ਵਿਚ ਫਿਰਕੂ ਨਫ਼ਰਤ ਦਾ ਬੋਲਬਾਲਾ ਹੈ। ਇਸ ਨੂੰ ਹੋਰ ਵਧਾਉਣ ਵਿਚ ਜਿਹੜੇ ਸੰਗਠਨ, ਸਿਆਸੀ ਪਾਰਟੀਆਂ ਜਾਂ ਲੋਕ ਹਿੱਸਾ ਪਾ ਰਹੇ ਹਨ, ਬਿਨਾਂ ਸ਼ੱਕ ਉਹ ਦੇਸ਼ ਨਾਲ ਧ੍ਰੋਹ ਕਮਾ ਰਹੇ ਹਨ। ਉਹ ਲੋਕਤੰਤਰ ਦੇ ਆਦਰਸ਼ਾਂ ਨੂੰ ਤਿਲਾਂਜਲੀ ਦੇ ਰਹੇ ਹਨ ਅਤੇ ਨਫ਼ਰਤ ਦੇ ਅਜਿਹੇ ਬੀਜ ਬੀਜਣ ਵਿਚ ਸਹਾਈ ਹੋ ਰਹੇ ਹਨ, ਜਿਸ ਲਈ ਆਉਂਦੀਆਂ ਪੀੜ੍ਹੀਆਂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਪਹਿਲਾਂ ਮਨੀਪੁਰ ਤੇ ਹੁਣ ਹਰਿਆਣੇ ਵਿਚ ਲੱਗੀ ਅੱਗ ਨੂੰ ਹਰ ਹੀਲੇ ਬੁਝਾਉਣਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …