Breaking News
Home / ਸੰਪਾਦਕੀ / ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ

ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ

ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ ਸਿਰਫ਼ ਤੰਬਾਕੂ, ਅਫ਼ੀਮ, ਭੰਗ ਤੇ ਸ਼ਰਾਬ ਆਦਿ ਦਾ ਹੀ ਨਸ਼ਾ ਕਰਦੇ ਸਨ, ਪਰ ਹੁਣ ਹੈਰੋਇਨ, ਕੋਕੀਨ, ਮੇਥਾਮਫੇਟਾਮਾਈਨ ਅਤੇ ਮਾਰਫ਼ੀਨ ਵਰਗੇ ਖ਼ਤਰਨਾਕ ਨਸ਼ੇ ਕਰਨ ਲੱਗ ਪਏ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਉਂਜ ਨਸ਼ਾ ਤਾਂ ਭਾਵੇਂ ਜਿਹੜਾ ਮਰਜ਼ੀ ਹੋਵੇ, ਉਹ ਮਨੁੱਖ ਦੀ ਸਿਹਤ ‘ਤੇ ਮਾੜਾ ਅਸਰ ਹੀ ਪਾਉਂਦਾ ਹੈ। ਨਸ਼ਾ ਜਿੱਥੇ ਮਨੁੱਖੀ ਜੀਵਨ ਲਈ ਘਾਤਕ ਹੈ, ਉੱਥੇ ਹੀ ਇਹ ਕਿਸੇ ਵੀ ਦੇਸ਼ ਦੀ ਤਰੱਕੀ ਤੇ ਵਿਕਾਸ ‘ਚ ਵੀ ਵੱਡੀ ਰੁਕਾਵਟ ਦਾ ਕਾਰਨ ਬਣਦਾ ਹੈ। ਅੱਜ ਦੇਸ਼ ਦੀ ਨੌਜਵਾਨ ਆਬਾਦੀ ਇਨ੍ਹਾਂ ਨਸ਼ਿਆਂ ਦੀ ਬੜੀ ਤੇਜ਼ੀ ਨਾਲ ਸ਼ਿਕਾਰ ਬਣ ਰਹੀ ਹੈ। ਨਿੱਤ ਦਿਨ ਕੋਈ ਨਾ ਕੋਈ ਨੌਜਵਾਨ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਕੋਈ ਨਕਲੀ ਸ਼ਰਾਬ ਪੀ ਕੇ ਮਰ ਰਿਹਾ ਹੈ, ਕੋਈ ਚਿੱਟਾ (ਹੈਰੋਇਨ ਦਾ ਨਸ਼ਾ) ਪੀ ਕੇ ਤਾਂ ਕੋਈ ਨਸ਼ਿਆਂ ਦਾ ਟੀਕਾ ਲਾ ਕੇ ਮਰ ਰਿਹਾ ਹੈ। ਸਰਕਾਰਾਂ ਸਿਰਫ਼ ਤੇ ਸਿਰਫ਼ ਨਸ਼ਿਆਂ ਖਿਲਾਫ਼ ਕਾਰਵਾਈਆਂ ਕਰਨ ਦਾ ਭਰੋਸਾ ਹੀ ਦਿੰਦੀਆਂ ਦਿਖਾਈ ਦਿੰਦੀਆਂ ਹਨ।
ਦੇਸ਼ ‘ਚ ਨਸ਼ਿਆਂ ਦਾ ਜਾਲ ਏਨੀ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਖ਼ਬਰ ਪੜ੍ਹਨ-ਸੁਣਨ ਨੂੰ ਮਿਲ ਰਹੀ ਹੈ ਕਿ ਪੁਲਿਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਵਲੋਂ ਫਲਾਣੀ ਜਗ੍ਹਾ ਤੋਂ ਇੰਨੇ ਕਰੋੜ ਦਾ ਨਸ਼ਾ ਅਤੇ ਫਲਾਣੀ ਥਾਂ ਤੋਂ ਇੰਨੇ ਕਿੱਲੋ ਨਸ਼ਾ ਬਰਾਮਦ ਕੀਤਾ ਗਿਆ ਹੈ, ਪਰ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਵੀ ਅਮਰਵੇਲ ਵਾਂਗ ਫੈਲਦੇ ਜਾ ਰਹੇ ਨਸ਼ਿਆਂ ਦੇ ਇਸ ਕਾਰੋਬਾਰ ਨੂੰ ਠੱਲ੍ਹ ਨਹੀਂ ਪਾਈ ਜਾ ਸਕੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਗ਼ੈਰਕਾਨੂੰਨੀ ਕਾਰੋਬਾਰ ਨੂੰ ਲੈ ਕੇ ਸੂਬੇ ‘ਚ ਇਕ ਅਜਿਹਾ ਸ਼ਕਤੀਸ਼ਾਲੀ ਮਾਫ਼ੀਆ ਸਰਗਰਮ ਹੈ, ਜਿਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੋ ਚੁੱਕੀਆਂ ਹਨ। ਇਸੇ ਕਾਰਨ ਇਹ ਮਾਫ਼ੀਆ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਹੱਦੀ ਸੂਬਾ ਹੋਣ ਕਾਰਨ ਇਹ ਹਮੇਸ਼ਾ ਤੋਂ ਨਸ਼ਾ ਤਸਕਰਾਂ ਦੇ ਸਿੱਧੇ ਨਿਸ਼ਾਨੇ ‘ਤੇ ਰਿਹਾ ਹੈ। ਪਾਕਿਸਤਾਨ ਨਾਲ ਇਸ ਦੀ ਸਰਹੱਦ ਲੱਗਣ ਕਾਰਨ ਨਸ਼ਾ ਤਸਕਰਾਂ ਵਲੋਂ ਵੱਡੀ ਮਾਤਰਾ ‘ਚ ਸਰਹੱਦ ਪਾਰੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਮੰਗਵਾਈਆਂ ਜਾਂਦੀਆਂ ਹਨ। ਹੁਣ ਸਮੇਂ ਦੇ ਨਾਲ-ਨਾਲ ਇਨ੍ਹਾਂ ਨਸ਼ਾ ਤਸਕਰਾਂ ਨੇ ਹੋਰ ਵੀ ਆਧੁਨਿਕ ਢੰਗ-ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਉਹ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀਆਂ ਖੇਪਾਂ ਮੰਗਵਾਉਣ ਲੱਗੇ ਹਨ। ਭਾਵੇਂ ਕਿ ਸਰਹੱਦ ‘ਤੇ ਬੀ.ਐੱਸ.ਐੱਫ਼. ਵਲੋਂ ਵੱਡੀ ਪੱਧਰ ‘ਤੇ ਚੌਕਸੀ ਵਰਤੀ ਜਾ ਰਹੀ ਹੈ ਪਰ ਇਹ ਨਸ਼ਾ ਤਸਕਰ ਉਨ੍ਹਾਂ ਨੂੰ ਝਕਮਾ ਦੇਣ ਦਾ ਕੋਈ ਨਾ ਕੋਈ ਨਵਾਂ ਢੰਗ-ਤਰੀਕਾ ਲੱਭ ਹੀ ਲੈਂਦੇ ਹਨ। ਫਿਰ ਵੀ ਬੀ.ਐੱਸ.ਐੱਫ਼. ਇਨ੍ਹਾਂ ਨਸ਼ਾ ਤਸਕਰਾਂ ਖਿਲਾਫ਼ ਆਪਣੀਆਂ ਸਰਗਰਮੀਆਂ ਨੂੰ ਲਗਾਤਾਰ ਵਧਾ ਰਹੀ ਹੈ। ਇਕ ਰਿਪੋਰਟ ਮੁਤਾਬਿਕ ਇਸੇ ਸਾਲ ਬੀ.ਐੱਸ.ਐੱਫ਼. ਨੇ ਪੰਜਾਬ ਦੀ ਸਰਹੱਦ ਨੇੜਿਓਂ 183 ਡਰੋਨ ਫੜਨ ‘ਚ ਕਾਮਯਾਬੀ ਹਾਸਿਲ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 107 ਸੀ।
ਭਾਵੇਂ ਕਿ ਸੂਬਾ ਸਰਕਾਰ ਨੇ ਵੀ ਪੰਜਾਬ ਪੁਲਿਸ ਨੂੰ ਨਸ਼ਿਆਂ ਖਿਲਾਫ਼ ਕਾਰਵਾਈ ਤੇਜ਼ ਕਰਨ ਲਈ ਆਖਿਆ ਹੋਇਆ ਹੈ, ਜਿਸ ਸਦਕਾ ਪਿਛਲੇ 10 ਮਹੀਨਿਆਂ ‘ਚ ਪੁਲਿਸ ਨੇ 10524 ਤਸਕਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ‘ਚ 153 ਉੱਚ ਪੱਧਰੀ ਨਸ਼ਾ ਤਸਕਰ ਹਨ, ਜਿਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਹੈਰੋਇਨ ਅਤੇ ਹੋਰ ਨਸ਼ੇ ਬਰਾਮਦ ਹੋਏ ਹਨ। ਭਾਵੇਂ ਕਿ ਇਹ ਅੰਕੜੇ ਦਿਲ ਨੂੰ ਕੁਝ ਤਸੱਲੀ ਦੇਣ ਵਾਲੇ ਜ਼ਰੂਰ ਹਨ, ਪਰ ਮਹਿਜ਼ ਅੰਕੜਿਆਂ ਨੂੰ ਦਰਜ ਕਰਨਾ ਹੀ ਕਾਫ਼ੀ ਨਹੀਂ ਹੈ, ਇਨ੍ਹਾਂ ਨਸ਼ਾ ਤਸਕਰਾਂ ਦੇ ਵਿਦੇਸ਼ਾਂ ‘ਚ ਬੈਠੇ ਆਕਾਵਾਂ ਤੱਕ ਪਹੁੰਚਣ ਦੀ ਵੀ ਵੱਡੀ ਜ਼ਰੂਰਤ ਹੈ, ਤਾਂ ਜੋ ਪੰਜਾਬ ਤੇ ਦੇਸ਼ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਨਸ਼ਿਆਂ ਦੀ ਇਹ ਸਮੱਸਿਆ ਕੇਵਲ ਪੰਜਾਬ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਵੱਡਾ ਸਿਰਦਰਦ ਬਣਦੀ ਜਾ ਰਹੀ ਹੈ। ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਗੁਜਰਾਤ, ਮਹਾਰਾਸ਼ਟਰ ਅਤੇ ਕੋਲਕਾਤਾ ਆਦਿ ਰਾਜਾਂ ‘ਚ ਵੀ ਨਸ਼ਾ ਤਸਕਰੀ ਦੇ ਅਨੇਕਾਂ ਮਾਮਲੇ ਨਿੱਤ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਕੁਝ ਦਿਨ ਪਹਿਲਾਂ ਗੁਜਰਾਤ ਤੋਂ ਨਸ਼ਾ ਤਸਕਰੀ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਮੁੰਦਰ ‘ਚ ਘੁੰਮ ਰਹੀ ਇਕ ਕਿਸ਼ਤੀ ਵਿਚੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਨਸ਼ਿਆਂ ਖਿਲਾਫ਼ ਐੱਨ.ਸੀ.ਬੀ., ਭਾਰਤੀ ਜਲ ਸੈਨਾ ਅਤੇ ਗੁਜਰਾਤ ਏ.ਟੀ.ਐੱਸ. ਦੀ ਇਸ ਸਾਂਝੀ ਕਾਰਵਾਈ ‘ਚ 8 ਈਰਾਨੀ ਨਾਗਰਿਕਾਂ ਨੂੰ 700 ਕਿਲੋਗ੍ਰਾਮ ਤੋਂ ਵਧੇਰੇ ਮਾਤਰਾ ਦੇ ‘ਮੇਥਾਮਫੇਟਾਮਾਈਨ’ ਨਾਂਅ ਦੇ ਰਸਾਇਣਕ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ, ਜੋ ਇਸ ਕਿਸ਼ਤੀ ‘ਚ ਸਵਾਰ ਸਨ ਅਤੇ ਨਸ਼ਿਆਂ ਦੀ ਇਸ ਖੇਪ ਦੀ ਕਿਸੇ ਨੂੰ ਸਪਲਾਈ ਦੇਣ ਜਾ ਰਹੇ ਸਨ। ਬਰਾਮਦ ਕੀਤੇ ਨਸ਼ੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3500 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਭਾਰਤ ਤੇ ਸ੍ਰੀਲੰਕਾ ਦੀ ਸਮੁੰਦਰੀ ਫ਼ੌਜ ਨੇ ਵੀ ਅਰਬ ਸਾਗਰ ਵਿਚ ਸਾਂਝੀ ਕਾਰਵਾਈ ਕਰਦਿਆਂ ਮੱਛੀਆਂ ਫੜਨ ਵਾਲੇ 2 ਬੇੜਿਆਂ ‘ਚੋਂ ਲਗਭਗ 500 ਕਿਲੋਗ੍ਰਾਮ ‘ਮੇਥਾਮਫੇਟਾਮਾਈਨ’ ਨਸ਼ਾ ਜ਼ਬਤ ਕੀਤਾ ਹੈ।
ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਦਿੱਲੀ ‘ਚ ਐਨ.ਸੀ.ਬੀ. ਨੇ ਵੀ 82.53 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਲਗਭਗ 900 ਕਰੋੜ ਰੁਪਏ ਹੈ। ਹੁਣ ਤੱਕ ਜਿੰਨੀਆਂ ਵੀ ਕੋਕੀਨ ਨਸ਼ੇ ਨਾਲ ਸੰਬੰਧਿਤ ਖੇਪਾਂ ਫੜੀਆਂ ਗਈਆਂ, ਇਹ ਉਨ੍ਹਾਂ ‘ਚੋਂ ਇਹ ਇਕ ਵੱਡੀ ਖੇਪ ਹੈ। ਇਸ ਕਾਰਵਾਈ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕੋਕੀਨ ਦੀ ਇਹ ਖੇਪ ਨਾਂਗਲੋਈ ਅਤੇ ਜਨਕਪੁਰੀ ਖੇਤਰਾਂ ‘ਚ ਇਕ ਕੋਰੀਅਰ ਦਫ਼ਤਰ ਤੋਂ ਬਰਾਮਦ ਕੀਤੀ ਗਈ ਹੈ ਅਤੇ ਇਸ ਨੂੰ ਅੱਗੇ ਆਸਟ੍ਰੇਲੀਆ ਭੇਜਿਆ ਜਾਣਾ ਸੀ। ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਦਾ ਮੁੱਖ ਸਾਜਿਸ਼ਘਾੜਾ ਦੁਬਈ ‘ਚ ਬੈਠਾ ਇਕ ਵਿਅਕਤੀ ਹੈ। ਫਿਲਹਾਲ ਦੇਸ਼ ਅੰਦਰ ਜਿਸ ਤੇਜ਼ੀ ਨਾਲ ਨਸ਼ੇ ਦਾ ਮਕੜਜਾਲ ਫੈਲਦਾ ਜਾ ਰਿਹਾ ਹੈ, ਉਹ ਸਾਡੇ ਦੇਸ਼ ਅਤੇ ਸਾਡੀ ਨੌਜਵਾਨ ਪੀੜ੍ਹੀ ਲਈ ਖ਼ਤਰੇ ਦੀ ਘੰਟੀ ਹੈ। ਇਸ ਅਲਾਮਤ ‘ਤੇ ਜਿੰਨੀ ਜਲਦੀ ਕਾਬੂ ਪਾ ਲਿਆ ਜਾਵੇ, ਉਨ੍ਹਾਂ ਹੀ ਦੇਸ਼ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਲਈ ਚੰਗਾ ਹੋਵੇਗਾ।

Check Also

ਚਿੰਤਾਜਨਕ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਪੰਜਾਬ

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਸੂਬੇ ਵਿਚ ਆਇਆਂ ਕੁਝ ਮਹੀਨੇ ਹੀ ਹੋਏ ਹਨ …