Breaking News
Home / ਸੰਪਾਦਕੀ / ਚਿੰਤਾਜਨਕ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਪੰਜਾਬ

ਚਿੰਤਾਜਨਕ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ ਪੰਜਾਬ

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਸੂਬੇ ਵਿਚ ਆਇਆਂ ਕੁਝ ਮਹੀਨੇ ਹੀ ਹੋਏ ਹਨ ਪਰ ਇਸ ਸਮੇਂ ਵਿਚ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਨਾਲ ਇਹ ਅਹਿਸਾਸ ਜ਼ਰੂਰ ਕਰਵਾ ਦਿੱਤਾ ਹੈ ਕਿ ਉਨ੍ਹਾਂ ਅੰਦਰ ਸੂਬੇ ਲਈ ਫਿਕਰਮੰਦੀ ਹੈ। ਉਹ ਗੁਆਂਢੀ ਰਾਜ ਰਾਜਸਥਾਨ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਨੇ ਇਕ ਸਫ਼ਲ ਸਿਆਸਤਦਾਨ ਵਜੋਂ ਆਪਣਾ ਨਾਂਅ ਬਣਾਇਆ ਹੈ। ਇਸ ਤੋਂ ਇਲਾਵਾ ਉਹ ਮੈਂਬਰ ਪਾਰਲੀਮੈਂਟ ਵੀ ਰਹੇ ਅਤੇ ਭਾਜਪਾ ਦੇ ਕੇਂਦਰੀ ਆਗੂਆਂ ਨਾਲ ਵੀ ਉਨ੍ਹਾਂ ਦੇ ਨਜ਼ਦੀਕੀ ਸੰਬੰਧ ਰਹੇ ਹਨ। ਗਵਰਨਰ ਦੇ ਅਹੁਦੇ ‘ਤੇ ਨਿਯੁਕਤ ਹੁੰਦਿਆਂ ਹੀ ਉਨ੍ਹਾਂ ਨੇ ਆਪਣੀ ਤਰਜੀਹ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਦੀ ਦਰਸਾਈ ਸੀ। ਹੁਣ ਤੱਕ ਉਹ ਪੰਜਾਬ ਦੇ 5 ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਨੇ ਲੋਕਾਂ ਨਾਲ ਆਪਣੇ ਸੰਪਰਕ ਦੌਰਾਨ ਉਨ੍ਹਾਂ ਦੇ ਹਾਲਾਤ ਨੂੰ ਜਾਨਣ ਦਾ ਯਤਨ ਕੀਤਾ ਹੈ। ਉਨ੍ਹਾਂ ਤੋਂ ਪਹਿਲੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਵੀ ਆਪਣੇ ਕਾਰਜਕਾਲ ਦੌਰਾਨ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਕਰਨ ਨੂੰ ਤਰਜੀਹ ਦਿੱਤੀ ਸੀ।
ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ 500 ਕਿਲੋਮੀਟਰ ਤੋਂ ਵੀ ਵਧੇਰੇ ਹੈ। ਪਾਕਿਸਤਾਨ ਨਾਲ ਭਾਰਤ ਦੇ ਸੰਬੰਧ ਅਕਸਰ ਸੁਖਾਵੇਂ ਨਹੀਂ ਰਹੇ। ਦੋਹਾਂ ਦੇਸ਼ਾਂ ਦੀ ਆਪਸ ਵਿਚ ਸਖ਼ਤ ਕਸ਼ਮਕਸ਼ ਵੀ ਚੱਲਦੀ ਰਹੀ ਹੈ। ਇਸ ਲਈ ਇਹ ਸਰਹੱਦਾਂ ਬੇਹੱਦ ਸੰਵੇਦਨਸ਼ੀਲ ਰਹੀਆਂ ਹਨ। ਇਨ੍ਹਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਵਿਰੋਧੀ ਅਨਸਰ ਘੁਸਪੈਠ ਕਰਦੇ ਰਹੇ ਹਨ। ਇਕ ਸਮੇਂ ਅਜਿਹਾ ਆਉਣ-ਜਾਣ ਇਸ ਕਦਰ ਵਧ ਗਿਆ ਸੀ ਕਿ ਇਨ੍ਹਾਂ ਸਰਹੱਦਾਂ ‘ਤੇ ਸਰਕਾਰ ਨੂੰ ਕੰਡਿਆਲੀ ਤਾਰ ਲਗਾਉਣੀ ਪਈ ਸੀ। ਪਰ ਇਸ ਦੇ ਬਾਵਜੂਦ ਵੀ ਅਨੇਕਾਂ ਚੋਰ ਮੋਰੀਆਂ ਰਾਹੀਂ ਹਰ ਤਰ੍ਹਾਂ ਤਸਕਰੀ ਦਾ ਧੰਦਾ ਚੱਲਦਾ ਰਿਹਾ ਹੈ। ਪਾਕਿਸਤਾਨੀ ਫ਼ੌਜ ਦੇ ਇਰਾਦੇ ਭਾਰਤ ਪ੍ਰਤੀ ਕਦੇ ਵੀ ਚੰਗੇ ਨਹੀਂ ਰਹੇ। ਇਸ ਲਈ ਉਹ ਭਾਰਤ ਵਿਰੋਧੀ ਤੱਤਾਂ ਨੂੰ ਆਪਣੀਆਂ ਕਾਰਵਾਈਆਂ ਕਰਨ ਲਈ ਉਤਸ਼ਾਹਿਤ ਹੀ ਕਰਦੀ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਡਰੋਨਾਂ ਰਾਹੀਂ ਭਾਰਤ ਵਿਚ ਨਸ਼ੇ ਅਤੇ ਹਥਿਆਰ ਭੇਜਣ ਦੀਆਂ ਕਾਰਵਾਈਆਂ ਜਾਰੀ ਰਹੀਆਂ ਹਨ। ਇਸ ਸਭ ਕੁਝ ਕਾਰਨ ਸਰਹੱਦੀ ਖੇਤਰਾਂ ਵਿਚ ਚੰਗੀ ਸਨਅਤ ਵੀ ਨਹੀਂ ਲਗਾਈ ਜਾ ਸਕੀ ਅਤੇ ਨਾ ਹੀ ਦੋਹਾਂ ਦੇਸ਼ਾਂ ਦੇ ਸੰਬੰਧ ਅਣਸੁਖਾਵੇਂ ਹੋਣ ਕਾਰਨ ਕੋਈ ਵੱਡਾ ਵਪਾਰਕ ਆਦਾਨ-ਪ੍ਰਦਾਨ ਹੀ ਹੋ ਸਕਿਆ ਹੈ। ਅਫ਼ਗਾਨਿਸਤਾਨ ਅਤੇ ਹੋਰ ਕੇਂਦਰੀ ਏਸ਼ੀਆ ਦੇ ਦੇਸ਼ਾਂ ਨਾਲ ਜ਼ਮੀਨੀ ਰਸਤੇ ਤੋਂ ਵਪਾਰ ਕਰਨ ਵਿਚ ਵੀ ਪਾਕਿਸਤਾਨ ਹਮੇਸ਼ਾ ਰੁਕਾਵਟਾਂ ਹੀ ਪਾਉਂਦਾ ਰਿਹਾ ਹੈ। ਕਟਾਰੀਆ ਇਨ੍ਹਾਂ ਖੇਤਰਾਂ ਵਿਚ ਵਿਕਾਸ ਕਰਵਾਉਣ ਦੇ ਚਾਹਵਾਨ ਰਹੇ ਹਨ।
ਸੂਬੇ ਵਿਚ ਫੈਲ ਚੁੱਕੇ ਨਸ਼ਿਆਂ ਦੇ ਜਾਲ ਨੂੰ ਤੋੜਨ ਲਈ ਉਹ ਹੋਰ ਖੇਤਰਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਨੂੰ ਵਿਸ਼ੇਸ਼ ਤਰਜੀਹ ਦੇਣਾ ਚਾਹੁੰਦੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਉਨ੍ਹਾਂ ਦਾ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਪਿਆਰ ਝਲਕਦਾ ਦਿਖਾਈ ਦਿੰਦਾ ਹੈ, ਉੱਥੇ ਉਹ ਇਸ ਦੇ ਵਿਕਾਸ ਵਿਚ ਵੀ ਆਪਣਾ ਬਣਦਾ ਯੋਗਦਾਨ ਪਾਉਣ ਦੇ ਇੱਛੁਕ ਹਨ। ਉਨ੍ਹਾਂ ਨੂੰ ਦੁੱਖ ਹੈ ਕਿ ਪੰਜਾਬ ਜੋ ਕਿਸੇ ਸਮੇਂ ਹਰ ਪੱਖੋਂ ਦੇਸ਼ ਦਾ ਮੋਹਰੀ ਸੂਬਾ ਸੀ, ਅੱਜ ਉਹ ਅਨੇਕਾਂ ਖੇਤਰਾਂ ਵਿਚ ਬੁਰੀ ਤਰ੍ਹਾਂ ਪਛੜ ਚੁੱਕਾ ਹੈ। ਇਸ ਨੂੰ ਮੁੜ ਉਠਾਉਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਨਸ਼ਿਆਂ ਦੀ ਦਲਦਲ ਵਿਚ ਫਸੇ ਸੂਬੇ ਪ੍ਰਤੀ ਉਨ੍ਹਾਂ ਡੂੰਘੀ ਫਿਕਰਮੰਦੀ ਦਾ ਇਜ਼ਹਾਰ ਕੀਤਾ, ਜੋ ਪੰਜਾਬ ਦੀ ਨੌਜਵਾਨੀ ਨੂੰ ਨਿਗਲ ਰਹੇ ਹਨ। ਇਸੇ ਲਈ ਉਨ੍ਹਾਂ ਮੀਡੀਆ ਨਾਲ ਕੀਤੀ ਗੱਲਬਾਤ ਵਿਚ ਨਸ਼ਿਆਂ ਦੇ ਖਿਲਾਫ ਵੱਡਾ ਅੰਦੋਲਨ ਛੇੜਨ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਨਸ਼ਿਆਂ ਵਿਰੁੱਧ ਆਰੰਭੀ ਆਪਣੀ ਜੰਗ ਨੂੰ ਜਾਰੀ ਰੱਖਣਗੇ। ਇਸ ਸੰਬੰਧੀ ਉਨ੍ਹਾਂ ਪੰਜਾਬੀਆਂ ਦੇ ਹਰ ਵਰਗ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਵੀ ਹੋਕਾ ਦਿੱਤਾ ਹੈ ਅਤੇ ਆਪ ਵੀ ਉਹ ਅਮਲੀ ਰੂਪ ਵਿਚ ਇਸ ਮੈਦਾਨ ਵਿਚ ਨਿੱਤਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਨਸ਼ਿਆਂ ਵਿਰੁੱਧ ਉਨ੍ਹਾਂ ਦੀ 2 ਦਿਨ ਦੀ ਪੈਦਲ ਯਾਤਰਾ ਲੋਕ ਮਨਾਂ ਵਿਚ ਚੇਤਨਾ ਜਗਾਉਣ ਦਾ ਯਤਨ ਹੈ। ਉਹ ਸੂਬਾ ਸਰਕਾਰ ਤੋਂ ਵੀ ਇਹ ਆਸ ਰੱਖਦੇ ਹਨ ਕਿ ਉਨ੍ਹਾਂ ਵਲੋਂ ਆਰੰਭੇ ਯਤਨਾਂ ਵਿਚ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਨੇ ਇਸ ਗੱਲੋਂ ਵੀ ਫਿਕਰਮੰਦੀ ਜ਼ਾਹਿਰ ਕੀਤੀ ਕਿ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੂਬੇ ਵਿਚ ਸਿਰਜਿਆ ਜਾ ਚੁੱਕਾ ਹੈ, ਉਹ ਸਨਅਤਾਂ ਅਤੇ ਵਪਾਰ ਨੂੰ ਨਿਰਉਤਸ਼ਾਹਿਤ ਕਰਨ ਵਾਲਾ ਹੈ। ਨਸ਼ਿਆਂ ਦੇ ਨਾਲ-ਨਾਲ ਨੌਜਵਾਨਾਂ ਵਿਚ ਵਧਦੀ ਬੇਰੁਜ਼ਗਾਰੀ ਵੀ ਉਨ੍ਹਾਂ ਲਈ ਚਿੰਤਾ ਦਾ ਕਾਰਨ ਹੈ। ਪੰਜਾਬ ਦੇ ਕਿਸਾਨਾਂ ਦੇ ਮਸਲੇ ਵੀ ਉਹ ਗੱਲਬਾਤ ਰਾਹੀਂ ਸੁਲਝਾਉਣ ਦੇ ਹਾਮੀ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਪਣੇ ਤੌਰ ‘ਤੇ ਉਨ੍ਹਾਂ ਨੇ ਸੂਬੇ ਦੇ ਫੰਡਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਾਇਤਾ ਹਾਸਿਲ ਕਰਨ ਲਈ ਕੇਂਦਰ ਸਰਕਾਰ ਦੇ ਵੱਡੇ ਮੰਤਰਾਲਿਆਂ ਨਾਲ ਸੰਪਰਕ ਕੀਤਾ ਹੈ। ਸੂਬਾ ਸਰਕਾਰ ਨੂੰ ਵੀ ਰਾਜ ਦੀ ਬਿਹਤਰੀ ਲਈ ਕਟਾਰੀਆ ਨਾਲ ਲਗਾਤਾਰ ਪੂਰਾ ਸੰਪਰਕ ਬਣਾ ਕੇ ਕੇਂਦਰ ਸਰਕਾਰ ਵਲੋਂ ਇੱਥੇ ਲਾਗੂ ਕੀਤੀਆਂ ਜਾਣ ਵਾਲੀਆਂ ਯੋਜਨਾਵਾਂ ਦਾ ਪੂਰਾ ਲਾਭ ਲੈਣ ਲਈ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੋਵੇਗੀ। ਲੋਕ ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਪ੍ਰਸ਼ਾਸਕੀ ਪੱਧਰ ‘ਤੇ ਵੀ ਸਭ ਦੇ ਸਹਿਯੋਗ ਨਾਲ ਕੀਤੀਆਂ ਜਾਣ ਵਾਲੀਆਂ ਪੁਖ਼ਤਾ ਕਾਰਵਾਈਆਂ ਹੀ ਸੂਬੇ ਦੇ ਬਿਹਤਰ ਭਵਿੱਖ ਦੀਆਂ ਜ਼ਾਮਨ ਹੋ ਸਕਦੀਆਂ ਹਨ।

Check Also

ਭਾਰਤ ‘ਚ ਨਸ਼ਿਆਂ ਦਾ ਵਧਦਾ ਪ੍ਰਕੋਪ

ਭਾਰਤ ਅੰਦਰ ਨਸ਼ਿਆਂ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਪਹਿਲਾਂ ਪਹਿਲ ਲੋਕ …