Breaking News
Home / ਦੁਨੀਆ / ਭਾਰਤ ਲਿਆਂਦਾ ਜਾਵੇਗਾ ਵਿਜੇ ਮਾਲਿਆ

ਭਾਰਤ ਲਿਆਂਦਾ ਜਾਵੇਗਾ ਵਿਜੇ ਮਾਲਿਆ

ਬਰਤਾਨਵੀ ਅਦਾਲਤ ਨੇ ਮਾਲਿਆ ਦੀ ਭਾਰਤ ਹਵਾਲਗੀ ਲਈ ਦਿੱਤੀ ਹਰੀ ਝੰਡੀ
ਲੰਡਨ/ਬਿਊਰੋ ਨਿਊਜ਼ : ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ਵਿਚ ਲੋੜੀਂਦੇ ਭਗੌੜੇ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਯੂਕੇ ਦੀ ਅਦਾਲਤ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾ ਦਿੱਤੇ। ਫ਼ੈਸਲਾ ਸੁਣਾਉਂਦਿਆਂ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਮੁੱਖ ਮੈਜਿਸਟਰੇਟ ਜੱਜ ਐਮਾ ਆਰਬਥਨੌਟ ਨੇ ਕਿਹਾ ਕਿ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਮਾਲਿਆ ਖ਼ਿਲਾਫ਼ ਭਾਰਤ ਵਿਚ ਫ਼ਰਜ਼ੀ ਕੇਸ ਬਣਾਇਆ ਗਿਆ ਹੈ। ਜੱਜ ਨੇ ਕਿਹਾ, ”ਸਾਰੇ ਸਬੂਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਗੱਲ ਸਾਹਮਣੇ ਆਈ ਹੈ ਕਿ ਮਾਲਿਆ ਨੂੰ ਜਵਾਬ ਦੇਣਾ ਬਣਦਾ ਹੈ।” ਜੱਜ ਆਰਬਥਨੌਟ ਨੇ ਕਿਹਾ ਕਿ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਲਾਏ ਗਏ ਦੋਸ਼ਾਂ ਲਈ ਉਸ ਨੂੰ ਮੁਕੱਦਮੇ ਲਈ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ। ਜੱਜ ਨੇ ਕਰਜ਼ੇ ਦੇਣ ਦੀ ਪ੍ਰਕਿਰਿਆ ਦੀ ਨੁਕਤਾਚੀਨੀ ਕੀਤੀ। ਭਾਰਤੀ ਜੇਲ੍ਹਾਂ ਦੇ ਮਾੜੇ ਹਾਲਾਤ ਬਾਰੇ ਬਚਾਅ ਪੱਖ ਵੱਲੋਂ ਦਿੱਤੀ ਗਈ ਦਲੀਲ ਬਾਰੇ ਜੱਜ ਨੇ ਕਿਹਾ ਕਿ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ 12 ਨੰਬਰ ਬੈਰਕ, ਜਿਥੇ ਮਾਲਿਆ ਨੂੰ ਡੱਕਿਆ ਜਾਣਾ ਹੈ, ਨੂੰ ਮੁੜ ਤੋਂ ਸੁਧਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਲਿਆ ਨੂੰ ਡਾਇਬਟੀਜ਼ ਅਤੇ ਹੋਰ ਬਿਮਾਰੀਆਂ ਲਈ ਨਿੱਜੀ ਮੈਡੀਕਲ ਸਹੂਲਤ ਮਿਲੇਗੀ। ‘ਇਹ ਮੰਨਣ ਦਾ ਕੋਈ ਆਧਾਰ ਨਹੀਂ ਹੈ ਕਿ ਮਾਲਿਆ ਨੂੰ ਜੇਲ੍ਹ ਵਿਚ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ।’ ਜੱਜ ਨੇ ਮਾਲਿਆ ਦੀ ਹਵਾਲਗੀ ਦਾ ਕੇਸ ਗ੍ਰਹਿ ਮੰਤਰਲ ਸਾਜਿਦ ਜਾਵਿਦ ਕੋਲ ਭੇਜ ਦਿੱਤਾ ਜੋ ਫ਼ੈਸਲੇ ‘ਤੇ ਆਧਾਰਿਤ ਹੁਕਮ ਜਾਰੀ ਕਰਨਗੇ। ਬਚਾਅ ਪੱਖ ਦੀ ਟੀਮ ਨੂੰ ਚੀਫ਼ ਮੈਜਿਸਟਰੇਟ ਦੇ ਫ਼ੈਸਲੇ ਖ਼ਿਲਾਫ਼ ਯੂਕੇ ਹਾਈ ਕੋਰਟ ਵਿਚ ਅਪੀਲ ਦਾਖ਼ਲ ਕਰਨ ਦਾ ਅਧਿਕਾਰ ਹੈ। ਉਧਰ ਦਿੱਲੀ ‘ਚ ਸੀਬੀਆਈ ਦੇ ਤਰਜਮਾਨ ਨੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਮਾਲਿਆ ਨੇ ਪੈਸਾ ‘ਲੁੱਟਣ’ ਦੇ ਬਿਆਨ ਨੂੰ ਨਕਾਰਦਿਆਂ ਕਿਹਾ ਕਿ ਉਸ ਨੇ ਭਾਰਤੀ ਬੈਂਕਾਂ ਦੀ ਮੂਲ ਰਾਸ਼ੀ ਮੋੜਨ ਦੀ ਪੇਸ਼ਕਸ਼ ਕੀਤੀ ਹੈ ਜੋ ਫ਼ਰਜ਼ੀ ਨਹੀਂ ਹੈ।
ਮਾਲਿਆ ਲਈ ਮੁੰਬਈ ਦੀ ਆਰਥਰ ਰੋਡ ਜੇਲ੍ਹ ‘ਚ ਬੈਰਕ ਤਿਆਰ
ਮੁੰਬਈ : ਭਾਰਤੀ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਲਈ ਮੁੰਬਈ ਦੇ ਆਰਥਰ ਰੋਡ ਵਿਚ ਉੱਚ ਸੁਰੱਖਿਆ ਵਾਲੀ ਬੈਰਕ ਤਿਆਰ ਰੱਖੀ ਗਈ ਹੈ। ਜੇਲ੍ਹ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੇ ਮਾਲਿਆ ਨੂੰ ਭਾਰਤ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਕੰਪਲੈਕਸ ਅੰਦਰ ਦੋ ਮੰਜ਼ਲਾ ਇਮਾਰਤ ਵਿਚ ਸਥਿਤ ਉੱਚ ਸੁਰੱਖਿਆ ਵਾਲੀ ਬੈਰਕ ਵਿਚ ਰੱਖਿਆ ਜਾਵੇਗਾ। ਜੇਲ੍ਹ ਦੇ ਇਸੇ ਹਿੱਸੇ ਵਿਚ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਰੱਖਿਆ ਗਿਆ ਸੀ। ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਮਾਲਿਆ ਨੂੰ ਇੱਥੇ ਆਪਣੇ ਸੁਧਾਰ ਕੇਂਦਰ ਵਿਚ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਹਵਾਲਗੀ ਨੂੰ ਲੱਗ ਸਕਦੇ ਨੇ ਕਈ ਮਹੀਨੇ
ਲੰਡਨ : ਯੂਕੇ ਦੀ ਅਦਾਲਤ ਨੇ ਭਗੌੜੇ ਭਾਰਤੀ ਸ਼ਰਾਬ ਕਾਰੋਬਾਰੀ ਤੇ ਸਰਕਾਰੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦੇ ਦੇਣਦਾਰ ਵਿਜੇ ਮਾਲਿਆ ਨੂੰ ਭਾਵੇਂ ਭਾਰਤ ਦੇ ਸਪੁਰਦ ਕਰਨ ਦੇ ਹੁਕਮ ਸੁਣਾ ਦਿੱਤੇ ਹਨ, ਪਰ ਇਸ ਹੁਕਮ ਨੂੰ ਅਮਲ ਵਿੱਚ ਲਿਆਉਣ ਵਿੱਚ ਅਜੇ ਮਹੀਨਿਆਂਬੱਧੀ ਲੱਗ ਸਕਦੇ ਹਨ। ਇਹ ਦਾਅਵਾ ਯੂਕੇ ਅਧਾਰਿਤ ਜ਼ੈਵਾਲਾ ਐਂਡ ਕੰਪਨੀ ਦੇ ਬਾਨੀ ਤੇ ਸੀਨੀਅਰ ਪਾਰਟਨਰ ਸਾਰੋਸ਼ ਜ਼ੈਵਾਲਾ ਨੇ ਕੀਤਾ ਹੈ। ਉਧਰ ਮਾਲਿਆ ਨੇ ਕਿਹਾ ਕਿ ਉਹ ਇਸ ਫ਼ੈਸਲੇ ਖ਼ਿਲਾਫ਼ ਉੱਚ ਅਦਾਲਤ ਜਾਣਗੇ। ਜ਼ੈਵਾਲਾ ਨੇ ਕਿਹਾ, ‘ਮਾਲਿਆ ਨੂੰ ਅਜੇ ਕਈ ਮਹੀਨਿਆਂ ਤਕ ਭਾਰਤ ਦੇ ਸਪੁਰਦ ਨਹੀਂ ਕੀਤਾ ਜਾ ਸਕਦਾ। ਮਾਲਿਆ ਦੀ ਸਪੁਰਦਗੀ ਸਬੰਧੀ ਫ਼ੈਸਲੇ ਮਗਰੋਂ ਉਸ ਕੋਲ ਹਾਈ ਕੋਰਟ ‘ਚ ਅਪੀਲ ਕਰਨ ਲਈ 14 ਦਿਨ ਦਾ ਸਮਾਂ ਹੈ। ਇਸ ਅਰਸੇ ਦੌਰਾਨ ਉਸ ਨੂੰ ਗ਼੍ਰਿਫ਼ਤਾਰ ਵੀ ਨਹੀਂ ਕੀਤਾ ਜਾ ਸਕਦਾ ਤੇ ਉਹ ਜ਼ਮਾਨਤ ‘ਤੇ ਰਹੇਗਾ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …