5 C
Toronto
Tuesday, November 25, 2025
spot_img
Homeਦੁਨੀਆਕਰਤਾਰਪੁਰ ਲਾਂਘੇ ਪਿੱਛੇ ਪਾਕਿ ਦੀ ਵੱਡੀ ਸਾਜਿਸ਼ : ਕੈਪਟਨ ਅਮਰਿੰਦਰ

ਕਰਤਾਰਪੁਰ ਲਾਂਘੇ ਪਿੱਛੇ ਪਾਕਿ ਦੀ ਵੱਡੀ ਸਾਜਿਸ਼ : ਕੈਪਟਨ ਅਮਰਿੰਦਰ

ਅਕਾਲੀ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਕੀਤੀ ਤਿੱਖੀ ਆਲੋਚਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਇਮਰਾਨ ਖ਼ਾਨ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਜਾਵੇਦ ਕਮਰ ਬਾਜਵਾ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਨਵਜੋਤ ਸਿੰਘ ਸਿੱਧੂ ਕੋਲ ਪ੍ਰਗਟਾਏ ਵਿਚਾਰਾਂ ਸਬੰਧੀ ਤੱਥਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਕਿਸਤਾਨ ਫੌਜ ਵੱਲੋਂ ਘੜੀ ਵੱਡੀ ਸਾਜ਼ਿਸ਼ ਕਰਾਰ ਦਿੱਤਾ ਹੈ।ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਤੌਰ ‘ਤੇ ਆਈਐਸਆਈ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪਾਕਿਸਤਾਨ ਫ਼ੌਜ ਨੇ ਭਾਰਤ ਖ਼ਿਲਾਫ਼ ਵੱਡੀ ਸਾਜ਼ਿਸ਼ ਘੜੀ ਹੈ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੇ ਜਾਣ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਸ ਤੋਂ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਮੁੱਦੇ ਨੂੰ ਗ਼ੈਰਜ਼ਰੂਰੀ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਅਤੇ ਜਿਹੜੇ ਇਸ ਨੂੰ ਉਭਾਰ ਰਹੇ ਹਨ ਉਹ ਸਪੱਸ਼ਟ ਤੌਰ ‘ਤੇ ਆਈਐਸਆਈ ਦੀ ਇਸ ਸਾਜ਼ਿਸ਼ ਨੂੰ ਵੇਖਣ ਤੋਂ ਅਸਮਰੱਥ ਹਨ। ਉਨ੍ਹਾਂ ਪੰਜਾਬ ਦੇ ਮੰਤਰੀ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਹੱਥ-ਠੋਕਾ ਦੱਸਣ ਲਈ ਅਕਾਲੀਆਂ ਦੀ ਤਿੱਖੀ ਆਲੋਚਨਾ ਕੀਤੀ ਹੈ।
ਉਨ੍ਹਾਂ ਪੰਜਾਬ ਕੈਬਨਿਟ ਵਿਚਲੇ ਆਪਣੀ ਸਾਥੀ ਮੰਤਰੀ ਨਵਜੋਤ ਸਿੱਧੂ ਨਾਲ ਸਬੰਧਾਂ ਦੇ ਮੁੱਦੇ ‘ਤੇ ਗੈਰਜ਼ਰੂਰੀ ਵਿਵਾਦ ਖੜ੍ਹਾ ਕਰਨ ਲਈ ਅਕਾਲੀਆਂ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਪਾਕਿਸਤਾਨ ਦਾ ਉਦੇਸ਼ ਹੈ। ਪਾਕਿਸਤਾਨ, ਪੰਜਾਬ ਵਿੱਚ ਦਹਿਸ਼ਤੀ ਸਰਗਰਮੀਆਂ ਰਾਹੀਂ ਜਾਣਬੁਝ ਕੇ ਲਗਾਤਾਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਇਸ ਅਹਿਮ ਮੁੱਦੇ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸਿੱਧੂ ਦਾ ਮੁੱਦਾ ਉਭਾਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਭਾਰਤ ਨਾਲ ਸ਼ਾਂਤੀ ਅਤੇ ਸਦਭਾਵਨਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਥਲ ਸੈਨਾ ਮੁਖੀ (ਬਾਜਵਾ) ‘ਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਸਰਹੱਦ ਉੱਤੇ ਭਾਰਤੀ ਫ਼ੌਜੀਆਂ ਦੀਆਂ ਹੱਤਿਆਵਾਂ ਨੂੰ ਤੁਰੰਤ ਰੋਕੇ ਜਾਣਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਤਿਹਾਸ ਗਵਾਹ ਹੈ ਕਿ ਵਜ਼ੀਰੇ ਆਜ਼ਮ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਫੌਜ ਦੀ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਪਸੰਦੀਦਾ’ ਵਿਅਕਤੀ ਹੈ।
ਨਵਜੋਤ ਸਿੱਧੂ ਪਸੰਦੀਦਾ ਵਿਅਕਤੀ
ਕੈਪਟਨ ਨੇ ਕਿਹਾ ਕਿ ਸਿੱਧੂ ਪਸੰਦੀਦਾ ਵਿਅਕਤੀ ਹੈ। ਉਨ੍ਹਾਂ ਦੇ ਸਿੱਧੂ ਦੇ ਮਾਪਿਆਂ ਨਾਲ ਵੀ ਨਿੱਘੇ ਸਬੰਧ ਹਨ। ਉਨ੍ਹਾਂ ਦੋਵਾਂ ਵਿਚਕਾਰ ਕਦੇ ਟਕਰਾਅ ਪੈਦਾ ਨਹੀਂ ਹੋਇਆ ਜਿਵੇਂ ਕਿ ਮੀਡੀਆ ‘ਚ ਦੱਸਿਆ ਜਾ ਰਿਹਾ ਹੈ। ਸਰਕਾਰ ਦੇ ਕੰਮਕਾਜ ਦੌਰਾਨ ਵੀ ਸਿੱਧੂ ਨਾਲ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਈ। ਸਿੱਧੂ ਹਮੇਸ਼ਾ ਸਿੱਧੇ ਪੱਧਰੇ ਤਰੀਕੇ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਇਕੋ ਇਕ ਸਮੱਸਿਆ ਇਹ ਹੈ ਕਿ ਉਹ ਕਈ ਵਾਰ ਸੋਚਣ ਤੋਂ ਪਹਿਲਾਂ ਹੀ ਬੋਲ ਜਾਂਦੇ ਹਨ। ਸਿੱਧੂ ਵਲੋਂ ਕੀਤੀ ਗਈ ਟਿੱਪਣੀ ‘ਰਾਹੁਲ ਮੇਰੇ ਕੈਪਟਨ’ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਮੁੱਦਾ ਨਹੀਂ। ਸਿੱਧੂ ਨੇ ਹਮੇਸ਼ਾ ਉਨ੍ਹਾਂ (ਕੈਪਟਨ) ਨੂੰ ਆਪਣੇ ਪਿਤਾ ਸਮਾਨ ਸਮਝਿਆ ਹੈ।
ਬਾਦਲ ਵੱਲੋਂ ਕੈਪਟਨ ਨੂੰ ਕਰਤਾਰਪੁਰ ਲਾਂਘੇ ‘ਚ ਅੜਿੱਕੇ ਨਾ ਪਾਉਣ ਦੀ ਨਸੀਹਤ
ਚੰਡੀਗੜ੍ਹ : ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਅਜਿਹਾ ਕੁੱਝ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਵਿਚ ਰੁਕਾਵਟ ਪੈ ਸਕਦੀ ਹੋਵੇ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ ਪਿਛਲੇ 70 ਸਾਲਾਂ ਤੋਂ ਦੁਨੀਆਂ ਭਰ ਦੇ ਕਰੋੜਾਂ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਅਤੇ ਖਾਹਿਸ਼ਾਂ ਪੂਰੀਆਂ ਹੋਣ ਦੇ ਰਾਹ ਵਿਚ ਅੜਿੱਕੇ ਨਾ ਪਾਉਣ। ਬਾਦਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਵਾਸਤੇ ਭਾਰਤ ਸਰਕਾਰ ਵੱਲੋਂ ਕੀਤਾ ਉਪਰਾਲਾ ਅਤੇ ਪਾਕਿਸਤਾਨ ਦਾ ਹੁੰਗਾਰਾ ਸਮੁੱਚੇ ਖਾਲਸਾ ਪੰਥ ਦੀ ਇੱਕ ਸਾਂਝੀ ਪ੍ਰਾਪਤੀ ਹੈ, ਜਿਹੜੀ ਕਿ ਨਿੱਜੀ ਜਾਂ ਪਾਰਟੀ ਮਸਲਿਆਂ ਤੋਂ ਬਹੁਤ ਪਰੇ ਦੀ ਗੱਲ ਹੈ। ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਅਜਿਹਾ ਕੁੱਝ ਕਹਿਣਾ ਜਾਂ ਕਰਨਾ ਨਹੀਂ ਚਾਹੀਦਾ, ਜਿਸ ਨਾਲ ਇਸ ਪ੍ਰਾਪਤੀ ਦੇ ਰਾਹ ਵਿਚ ਅੜਿੱਕਾ ਖੜ੍ਹਾ ਹੋ ਸਕਦਾ ਹੋਵੇ। ਧਿਆਨ ਰਹੇ ਕਿ ਕੈਪਟਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਪਿੱਛੇ ਪਾਕਿ ਦੀ ਵੱਡੀ ਸਾਜਿਸ਼ ਹੈ।

RELATED ARTICLES
POPULAR POSTS