ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਤੱਕ ਦੱਖਣੀ ਅਫ਼ਰੀਕਾ ਦੌਰੇ ’ਤੇ
ਬਿ੍ਰਕਸ ਸੰਮੇਲਨ ’ਚ ਲੈਣਗੇ ਹਿੱਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਸਾਲ ਮਗਰੋਂ ਇਕ ਵਾਰ ਫਿਰ ਦੱਖਣੀ ਅਫ਼ਰੀਕਾ ਦੇ ਦੌਰੇ ’ਤੇ ਹਨ। ਇਸ ਵਾਰ ਉਨ੍ਹਾਂ ਮਕਸਦ ਸਿਰਫ਼ ਬਿ੍ਰਕਸ ਸੰਮੇਲਨ ਵਿਚ ਹਿੱਸਾ ਲੈਣ ਹੀ ਨਹੀਂ ਬਲਕਿ ਦੱਖਣੀ ਅਫਰੀਕਾ ’ਚ ਭਾਰਤ ਦੀ ਪਕੜ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ। ਦੱਖਣੀ ਅਫਰੀਕਾ ਪੰਜਵਾਂ ਅਜਿਹਾ ਦੇਸ਼ ਹੈ, ਜਿਸ ’ਤੇ ਚੀਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਅਤੇ ਇਹ ਖੁਲਾਸਾ ਤਾਇਵਾਨ ਦੀ ਇਕ ਏਜੰਸੀ ਵੱਲੋਂ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਭਾਰਤ ਨੇ ਹੁਣ ਦੱਖਣੀ ਅਫਰੀਕਾ ’ਚ ਚੀਨ ਨੂੰ ਮਾਤ ਦੇਣ ਦੀ ਤਿਆਰੀ ਕਰ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਤੱਕ ਦੱਖਣੀ ਅਫ਼ਰੀਕਾ ਦੇ ਦੌਰੇ ’ਤੇ ਹਨ ਅਤੇ ਇਸ ਦੌਰਾਨ ਉਹ ਬਿ੍ਰਕਸ ਸੰਮੇਲਨ ਦੇ ਮੈਂਬਰ ਦੇਸ਼ਾਂ ਦੇ ਨਾਲ ਗੱਲਬਾਤ ਵੀ ਕਰਨਗੇ। ਉਧਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਬਿ੍ਰਕਸ ਸੰਮੇਲਨ ’ਚ ਹਿੱਸਾ ਲੈਣਗੇ ਅਜਿਹੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਨਾਲ ਮੁਲਾਕਾਤ ਹੋ ਸਕਦੀ ਹੈ। ਬਿ੍ਰਕਸ ਸਮੂਹ ’ਚ ਭਾਰਤ ਤੋਂ ਇਲਾਵਾ ਚੀਨ, ਰੂਸ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵੀ ਸ਼ਾਮਲ ਹਨ। 14 ਸਾਲ ਪਹਿਲਾਂ 2009 ’ਚ ਬਣੇ ਬਿ੍ਰਕਸ ਸਮੂਹ ਦੀ ਇਸ ਵਾਰ ਹੋਣ ਵਾਲੀ ਮੀਟਿੰਗ ਨੂੰ ਮਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਸੰਗਠਨ ’ਚ 40 ਹੋਰ ਮੁਲਕ ਵੀ ਸ਼ਾਮਲ ਹੋਣਾ ਚਾਹੁੰਦੇ ਹਨ ਜਿਨ੍ਹਾਂ ’ਚ ਸਾਉਦੀ ਅਰਬ, ਤੁਰਕੀ, ਪਾਕਿਸਤਾਨ ਅਤੇ ਇਰਾਨ ਆਦਿ ਦੇ ਨਾਮ ਸ਼ਾਮਲ ਹਨ। ਇਸ ਵਾਰ ਦੀ ਮੀਟਿੰਗ ਦਾ ਮੁੱਖ ਮੁੱਦਾ ਬਿ੍ਰਕਸ ਸਮੂਹ ਦਾ ਵਿਸਥਾਰ ਕਰਨਾ ਹੀ ਹੋਵੇਗਾ ਜਦਕਿ ਇਸ ਦੇ ਪੰਜ ਮੈਂਬਰ ਦੇਸ਼ਾਂ ਦਰਮਿਆਨ ਫ਼ਿਲਹਾਲ ਇਸ ਮੁੱਦੇ ’ਤੇ ਸਹਿਮਤੀ ਨਹੀਂ ਬਣ ਪਾਈ। ਜਦਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਲਾਈ 2018 ’ਚ ਸਾਊਥ ਅਫ਼ਰੀਕਾ ਗਏ ਸਨ।