Breaking News
Home / ਭਾਰਤ / ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ‘ਸਿਆਸੀ ਵਾਰਿਸ’ ਐਲਾਨਿਆ

ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ‘ਸਿਆਸੀ ਵਾਰਿਸ’ ਐਲਾਨਿਆ

ਲਖਨਊ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ‘ਉੱਤਰਾਧਿਕਾਰੀ’ (ਸਿਆਸੀ ਵਾਰਿਸ) ਐਲਾਨ ਦਿੱਤਾ ਹੈ। ਹਾਲਾਂਕਿ ਪਾਰਟੀ ਨੇ ਅਧਿਕਾਰਤ ਤੌਰ ‘ਤੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦੀ ਸ਼ਾਹਜਹਾਂਪੁਰ (ਉਤਰ ਪ੍ਰਦੇਸ਼) ਜ਼ਿਲ੍ਹਾ ਇਕਾਈ ਦੇ ਪ੍ਰਧਾਨ ਉਦੈਵੀਰ ਸਿੰਘ ਨੇ ਮੀਡੀਆ ਨੂੰ ਕਿਹਾ, ‘ਆਕਾਸ਼ (ਆਨੰਦ) ਨੂੰ ਮਾਇਆਵਤੀ ਨੇ ਆਪਣਾ ਵਾਰਿਸ ਐਲਾਨ ਦਿੱਤਾ ਹੈ। ਆਕਾਸ਼ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਦੇਸ਼ ਵਿਚ ਉਨ੍ਹਾਂ ਥਾਵਾਂ ਉਤੇ ਮਜ਼ਬੂਤ ਕਰਨ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਿੱਥੇ ਇਹ ਕਮਜ਼ੋਰ ਹੈ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਨੂੰ ਛੱਡ ਕੇ ਉਹ ਪੂਰੇ ਦੇਸ਼ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਗੇ।
ਪਾਰਟੀ ਅਹੁਦੇਦਾਰ ਨੇ ਕਿਹਾ ਕਿ ਮਾਇਆਵਤੀ ਨੇ ਇਸ ਸਬੰਧੀ ਐਲਾਨ ਬਸਪਾ ਦੀ ਲਖਨਊ ਵਿਚ ਹੋਈ ਕੌਮੀ ਪੱਧਰ ਦੀ ਮੀਟਿੰਗ ਵਿਚ ਕੀਤਾ ਹੈ। ਇਸ ਮੌਕੇ ਪੂਰੇ ਦੇਸ਼ ਦੇ ਪਾਰਟੀ ਆਗੂ ਹਾਜ਼ਰ ਸਨ। ਬਸਪਾ ਆਗੂ ਮੁਤਾਬਕ ਮਾਇਆਵਤੀ ਨੇ ਕਿਹਾ, ‘ਮੇਰੇ ਤੋਂ ਬਾਅਦ ਆਕਾਸ਼ ਮੇਰਾ ਸਿਆਸੀ ਵਾਰਿਸ ਹੋਵੇਗਾ।’ ਇਸ ਐਲਾਨ ਦੀ ਪੁਸ਼ਟੀ ਕਰਦਿਆਂ ਬਸਪਾ ਦੇ ਐਮਐਲਸੀ ਭੀਮ ਰਾਓ ਅੰਬੇਡਕਰ ਨੇ ਕਿਹਾ, ‘ਸਾਨੂੰ ਅਕਾਸ਼ ਆਨੰਦ ਦੇ ਰੂਪ ਵਿਚ ਨੌਜਵਾਨ ਆਗੂ ਮਿਲ ਗਿਆ ਹੈ। ਜਿਹੜੇ ਰਾਜਾਂ ਵਿਚ ਪਾਰਟੀ ਕਮਜ਼ੋਰ ਹੈ, ਅਕਾਸ਼ ਉੱਥੇ ਇਸ ਨੂੰ ਮਜ਼ਬੂਤ ਕਰਨਗੇ।’ ਆਨੰਦ ਦੇ ਮਾਇਆਵਤੀ ਦਾ ਵਾਰਿਸ ਬਣਨ ਬਾਰੇ ਜਦ ਬਸਪਾ ਦੇ ਸੂਬਾ ਪ੍ਰਧਾਨ ਵਿਸ਼ਵਨਾਥ ਪਾਟਿਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘ਪੂਰਾ ਬਹੁਜਨ ਸਮਾਜ ਖੁਸ਼ ਹੈ।’ ਆਨੰਦ ਵਰਤਮਾਨ ‘ਚ ਪਾਰਟੀ ਦੇ ਕੌਮੀ ਕੋਆਰਡੀਨੇਟਰ ਹਨ।
ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਮਾਇਆਵਤੀ ਨੇ ਮੀਟਿੰਗ ਵਿਚ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਗਰੀਬਾਂ, ਪੱਛੜਿਆਂ ਤੇ ਹੋਰਨਾਂ ਕਮਜ਼ੋਰ ਵਰਗਾਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਲੋਕ ਸਭਾ ਚੋਣਾਂ ‘ਚ ਪਾਰਟੀ ਦਾ ਆਧਾਰ ਵਧਾਉਣ ਲਈ ਕੰਮ ਕਰਨ। ਮਾਇਆਵਤੀ ਨੇ ਇਸ ਮੌਕੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸੂਬਿਆਂ ਦੇ ਪਾਰਟੀ ਅਹੁਦੇਦਾਰਾਂ ਨੂੰ ਵਿਸਤਾਰ ਵਿਚ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਅੰਬੇਡਕਰਵਾਦੀ ਪਾਰਟੀ ਵਜੋਂ ਬਸਪਾ ਦਾ ਯਤਨ ਬਹੁਜਨ ਸਮਾਜ ਦੀ ਸਿਆਸੀ ਸ਼ਕਤੀ ਨੂੰ ਵਿਕਸਿਤ ਕਰਨਾ ਹੋਣਾ ਚਾਹੀਦਾ ਹੈ, ਤੇ ਇਸ ਲਈ ਆਪਸੀ ਭਾਈਚਾਰੇ ਦੇ ਆਧਾਰ ਉਤੇ ਬਹੁਜਨ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਜੋੜਨਾ ਪਏਗਾ।
ਬਸਪਾ ਕਿਸੇ ਗੱਠਜੋੜ ਦਾ ਹਿੱਸਾ ਨਹੀਂ ਬਣੇਗੀ: ਮਾਇਆਵਤੀ
ਹਾਲੀਆ ਵਿਧਾਨ ਸਭਾ ਚੋਣਾਂ ‘ਤੇ ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਮੁਕਾਬਲਾ ਬਹੁਕੋਣਾ ਹੋਣ ਦੇ ਬਾਵਜੂਦ ਵੀ ਨਤੀਜਿਆਂ ਦਾ ਪੂਰਨ ਤੌਰ ‘ਤੇ ਇਕਪਾਸੜ ਰਹਿਣਾ ਚਰਚਾ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਨਤੀਜੇ ਲੋਕਾਂ ਦੀਆਂ ਆਸਾਂ ਮੁਤਾਬਕ ਨਹੀਂ ਆਏ ਹਨ। ਮਾਇਆਵਤੀ ਨੇ ਇਸ ਮੌਕੇ ਕਿਸੇ ਵੀ ਸਿਆਸੀ ਗੱਠਜੋੜ ਵਿਚ ਸ਼ਾਮਲ ਨਾ ਹੋਣ ਦੀ ਗੱਲ ਦੁਹਰਾਈ। ਉਨ੍ਹਾਂ ਪਹਿਲਾਂ ਵਾਲੇ ‘ਕੌੜੇ ਤਜਰਬੇ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਵੀ ਗੱਠਜੋੜ ‘ਚ ਸ਼ਾਮਲ ਹੋਣਾ ਬਹੁਜਨ ਅੰਦੋਲਨ ਲਈ ਮਾੜਾ ਸਾਬਿਤ ਹੋਵੇਗਾ। ਬਸਪਾ ਮੁਖੀ ਨੇ ਕਿਹਾ ਕਿ ਭਵਿੱਖ ਵਿਚ ਇਹ ਦੇਖਣ ਵਾਲਾ ਹੋਵੇਗਾ ਕਿ ਕੀ ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਦੇ ਸਤਾਏ ਲੋਕ ਲਾਚਾਰੀ ਨਾਲ ਸਭ ਦੇਖਦੇ ਰਹਿੰਦੇ ਹਨ ਜਾਂ ਕੋਈ ਲੋਕਤੰਤਰਿਕ ਹੱਲ ਤਲਾਸ਼ਦੇ ਹਨ। ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਨੂੰ ਜਾਤੀਵਾਦੀ ਤੇ ਫਿਰਕੂ ਰੰਗਤ ਦੇ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਮੁੱਖ ਮੁਸ਼ਕਲਾਂ ਤੋਂ ਉਨ੍ਹਾਂ ਦਾ ਧਿਆਨ ਭਟਕਾਇਆ ਜਾਵੇਗਾ।

Check Also

ਕੰਗਣਾ ਰਣੌਤ ਨੇ ਖੇਤੀ ਕਾਨੂੰਨਾਂ ਬਾਰੇ ਦਿੱਤਾ ਆਪਣਾ ਬਿਆਨ ਲਿਆ ਵਾਪਸ

ਕੰਗਣਾ ਨੇ ਤਿੰਨ ਖੇਤੀ ਕਾਨੂੰਨ ਮੁੜ ਲਿਆਉਣ ਦੀ ਕਹੀ ਸੀ ਗੱਲ ਨਵੀਂ ਦਿੱਲੀ/ਬਿਊਰੋ ਨਿਊਜ਼ ਕੰਗਨਾ …