Breaking News
Home / Uncategorized / ਕਿਸਾਨ ਅੰਦੋਲਨ ਬਣਿਆ ਆਰ-ਪਾਰ ਦੀ ਲੜਾਈ

ਕਿਸਾਨ ਅੰਦੋਲਨ ਬਣਿਆ ਆਰ-ਪਾਰ ਦੀ ਲੜਾਈ

ਸਮਾਜ ਦੇ ਹਰ ਵਰਗ ਨੂੰ ਕਿਸਾਨੀ ਸੰਘਰਸ਼ ‘ਚ ਨਿੱਤਰਨ ਦਾ ਸੱਦਾ
ਤਲਵੰਡੀ ਸਾਬੋ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਚ ਕਿਸਾਨ ਕਾਨਫਰੰਸ ਕੀਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਨੇ ਕਿਸਾਨ ਅੰਦੋਲਨ ਨੂੰ ‘ਆਰ-ਪਾਰ’ ਦੀ ਲੜਾਈ ਕਰਾਰ ਦਿੰਦਿਆਂ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁੱਟ ਹੋ ਕੇ ਇਸ ਖਿਲਾਫ ਨਿੱਤਰਨ ਦਾ ਸੱਦਾ ਦਿੱਤਾ।
ਇਤਿਹਾਸਕ ਜੱਲ੍ਹਿਆਂਵਾਲਾ ਬਾਗ ਅਤੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਇਸ ਕਾਨਫਰੰਸ ਦੌਰਾਨ ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਇਤਿਹਾਸ ਦਿਹਾੜੇ ਤੋਂ ਪ੍ਰੇਰਨਾ ਲੈਂਦਿਆਂ ਖੇਤੀ ਕਾਨੂੰਨਾਂ ਖਿਲਾਫ ਸੰਗਰਾਮ ਨੂੰ ਹੋਰ ਮਘਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 21 ਅਪਰੈਲ ਨੂੰ ਸੂਬੇ ਭਰ ‘ਚੋਂ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਅਤੇ ਬੀਬੀਆਂ ਦਾ ਕਾਫਲਾ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਵਿਚ ਦਿੱਲੀ ਨੂੰ ਕੂਚ ਕਰੇਗਾ।
ਉਨ੍ਹਾਂ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਜਿਸ ਅੰਗਰੇਜ਼ ਹਕੂਮਤ ਤੋਂ ਮੁਕਤੀ ਲਈ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਸਨ, ਉਨ੍ਹਾਂ ਅੰਗਰੇਜ਼ਾਂ ਸਣੇ ਹੋਰ ਸਾਮਰਾਜੀ ਮੁਲਕਾਂ ਵਲੋਂ ਭਾਰਤ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਲਈ ਫਿਰ ਹੱਲਾ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਤੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਨ ਦਾ ਦੋਸ਼ ਲਾਇਆ। ਉਨ੍ਹਾਂ ਕਿਸਾਨ ਘੋਲ ਨੂੰ ਸਿਰਫ ‘ਸਿੱਖਾਂ ਦਾ ਘੋਲ’ ਵਜੋਂ ਸਥਾਪਿਤ ਕਰਨ ਵਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਮਾਤ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਬਰ ਤੇ ਜ਼ੁਲਮ ਦੇ ਖਾਤਮੇ ਲਈ ਜਾਤਪਾਤੀ ਵਿਵਸਥਾ ਨੂੰ ਖਤਮ ਕਰਕੇ ਸਮੂਹ ਕਿਰਤੀ ਕਿਸਾਨਾਂ ਨੂੰ ਇਕਜੁੱਟ ਕਰਨ ਲਈ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।
ਹਰਿਆਣਾ ਤੋਂ ਖੇਤੀ ਕਾਨੂੰਨਾਂ ਵਿਰੋਧੀ ਮਹਿਲਾ ਵਿੰਗ ਦੀ ਆਗੂ ਸ਼ਾਰਦਾ ਦੀਕਸ਼ਿਤ ਅਤੇ ਰੀਤੂ ਕੌਸ਼ਿਕ ਨੇ ਕਿਹਾ ਕਿ ਹਰਿਆਣਾ ਦੀਆਂ ਮਹਿਲਾਵਾਂ ਵੀ ਇਸ ਘੋਲ ‘ਚ ਪੰਜਾਬ ਦੀਆਂ ਔਰਤਾਂ ਵਾਂਗ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀਆਂ ਹਨ। ਬੀਕੇਯੂ (ਉਗਰਾਹਾਂ) ਦੀ ਮਹਿਲਾ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਮਹਿਲਾਵਾਂ ਹਾੜ੍ਹੀ ਦੇ ਰੁਝੇਵਿਆਂ ‘ਚ ਕਿਸਾਨ ਮੋਰਚਿਆਂ ਦੀ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣ।
ਪੂਰੇ ਦੇਸ਼ ਦਾ ਘੋਲ ਬਣਿਆ ਕਿਸਾਨੀ ਸੰਘਰਸ਼ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ ਘੋਲ ਸਮੁੱਚੇ ਮੁਲਕ ਦੇ ਕਿਸਾਨਾਂ ਦਾ ਘੋਲ ਬਣ ਕੇ ‘ਲੋਕ ਘੋਲ’ ਵਿਚ ਤਬਦੀਲ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਗੱਲਬਾਤ ਦੀ ਮੇਜ਼ ‘ਤੇ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਮੀਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਲਈ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਕਿਸਾਨੀ ਸੰਘਰਸ਼ ‘ਚ ਸ਼ਮੂਲੀਅਤ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਦੇ ਹੀ ਸੀਨੀਅਰ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਦੇਸ਼ ਦੇ ਕੁਝ ਵੱਡੇ ਘਰਾਣੇ ਲੋਕਾਂ ਦੀ ਕਿਰਤ ਹੜੱਪ ਰਹੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਜਾਤਾਂ ਤੇ ਧਰਮਾਂ ਤੋਂ ਉਪਰ ਉਠ ਕੇ ਮੁੱਠੀ ਭਰ ਲੁਟੇਰਿਆਂ ਵਿਰੁੱਧ ‘ਜਮਾਤੀ ਜੰਗ’ ਤਿੱਖੀ ਕੀਤੀ ਜਾਵੇ।

 

Check Also

ਪੰਜਾਬ ਪੁਲਿਸ ਨੇ ਇੰਟਰ ਸਟੇਟ ਸਾਈਬਰ ਗਿਰੋਹ ਫੜਿਆ

ਅਸਾਮ ਪੁਲਿਸ ਦੀ ਮੱਦਦ ਨਾਲ ਚਲਾਇਆ ਗਿਆ ਸੀ ਇਹ ਅਪਰੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਲੁਧਿਆਣਾ ਦੀ ਪੁਲਿਸ …