Breaking News
Home / ਦੁਨੀਆ / ਮੇਰੇ ਉਤੇ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ : ਟਰੰਪ

ਮੇਰੇ ਉਤੇ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ : ਟਰੰਪ

ਕਿਹਾ : ਰਾਸ਼ਟਰਪਤੀ ਚੋਣ ਵਿਚੋਂ ਪਿੱਛੇ ਨਹੀਂ ਹਟਾਂਗਾ
ਗਰੀਨਜ਼ਬੋਰੋ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਫ਼ੀਆ ਦਸਤਾਵੇਜ਼ ਰੱਖਣ ਸਬੰਧੀ ਮਾਮਲੇ ‘ਚ ਆਪਣੇ ਉੱਪਰ ਲੱਗੇ ਦੋਸ਼ ਨੂੰ ਹਾਸੋਹੀਣੇ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਟਰੰਪ ਇਸ ਮਾਮਲੇ ‘ਚ ਆਪਣੇ ਖਿਲਾਫ ਲੱਗੇ ਦੋਸ਼ ਜਨਤਕ ਹੋਣ ਮਗਰੋਂ ਪਹਿਲੀ ਵਾਰ ਲੋਕਾਂ ਸਾਹਮਣੇ ਆਏ। ਉਨ੍ਹਾਂ ਆਪਣੇ ‘ਤੇ ਲੱਗੇ 37 ਦੋਸ਼ਾਂ ਨੂੰ ਆਪਣੇ ਹਮਾਇਤੀਆਂ ‘ਤੇ ਹਮਲਾ ਕਰਾਰ ਦਿੱਤਾ ਅਤੇ ਇਸ ਸਾਰੇ ਘਟਨਾਕ੍ਰਮ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ।
ਟਰੰਪ ਨੇ ਜੌਰਜੀਆ ਤੇ ਨਾਰਥ ਕੈਰੋਲੀਨਾ ‘ਚ ਰਿਪਬਲਿਕਨ ਪਾਰਟੀ ਦੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਨਿਆਂ ਵਿਭਾਗ ਵੱਲੋਂ ਲਾਏ ਗਏ ਦੋਸ਼ਾਂ ਨੂੰ ਰਾਸ਼ਟਰਪਤੀ ਵਜੋਂ ਉਨ੍ਹਾਂ ਦੀਆਂ ਵਾਪਸੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੱਸਿਆ। ਟਰੰਪ ਨੇ ਆਪਣੇ ਹਮਾਇਤੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘ਉਹ ਮੈਨੂੰ ਇੱਕ ਤੋਂ ਬਾਅਦ ਇੱਕ ਕਈ ਮਾਮਲਿਆਂ ‘ਚ ਨਿਸ਼ਾਨਾ ਬਣਾ ਕੇ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਕਰਕੇ ਉਹ ਸਾਡੀ ਮੁਹਿੰਮ ਨੂੰ ਰੋਕਣਾ ਚਾਹੁੰਦੇ ਹਨ। ਉਹ ਮੇਰੇ ਪਿੱਛੇ ਨਹੀਂ ਆ ਰਹੇ, ਉਹ ਤੁਹਾਡੇ ਪਿੱਛੇ ਪਏ ਹੋਏ ਹਨ।’
ਟਰੰਪ ਨੇ ਅਹਿਦ ਲਿਆ ਕਿ ਉਹ ਦੋਸ਼ ਲੱਗਣ ਦੇ ਬਾਵਜੂਦ ਰਾਸ਼ਟਰਪਤੀ ਚੋਣ ਦੀ ਦੌੜ ‘ਚ ਬਣੇ ਰਹਿਣਗੇ। ਸਾਬਕਾ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਕੁਝ ਵੀ ਗਲਤ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੈਦਾਨ ਨਹੀਂ ਛੱਡਣਗੇ। ਉਨ੍ਹਾਂ ਆਸ ਜਤਾਈ ਕਿ ਉਹ ਦੋਸ਼ੀ ਨਹੀਂ ਠਹਿਰਾਏ ਜਾਣਗੇ। ਜ਼ਿਕਰਯੋਗ ਹੈ ਕਿ ਟਰੰਪ ਦੀ ਰਿਹਾਇਸ਼ ਤੋਂ ਖੁਫ਼ੀਆ ਦਸਤਾਵੇਜ਼ ਮਿਲਣ ਸਬੰਧੀ ਦੋਸ਼ਾਂ ਨਾਲ ਜੁੜੇ ਕੇਸ ਨੂੰ ਪਿਛਲੇ ਦਿਨੀਂ ਜਨਤਕ ਕਰ ਦਿੱਤਾ ਗਿਆ ਸੀ।

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …