ਬਰੈਂਪਟਨ/ਡਾ ਝੰਡ : ‘ਮਾਈ ਡਰੀਮ ਸਮਾਈਲ’ ਇਕ ਰਜਿਸਟਰਡ ਨਾਨ ਪ੍ਰਾਫ਼ਿਟ ਆਰਗੇਨਾਈਜ਼ੇਸ਼ਨ ਹੈ ਜਿਹੜੀ ਕਿ ਓਰਲ ਹੈੱਲਥ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਾ ਕੇਵਲ ਕੈਨੇਡਾ ਵਿਚ ਹੀ, ਸਗੋਂ ਤੀਸਰੀ ਦੁਨੀਆਂ ਦੇ ਦੇਸ਼ ਭਾਰਤ ਵਿਚ ਵੀ ਅਸਮਰੱਥ ਬੱਚਿਆਂ ਤੇ ਨੌਜੁਆਨਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਲਈ ਸਰਗ਼ਰਮ ਹੈ ਜੋ ਇਸ ਦੀ ਆਪਣੇ ਦਿਲਾਂ ਵਿਚ ਤਮੰਨਾ ਰੱਖਦੇ ਹਨ। ਇਹ ਸੰਸਥਾ ਨੌਜੁਆਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਸਹਾਇਤਾ ਕਰਦੀ ਹੈ ਅਤੇ ਕੈਨੇਡਾ ਤੇ ਭਾਰਤ ਵਿਚ ਡੈਂਟਲ ਅਤੇ ਹੈੱਲਥ ਐਜੂਕੇਸ਼ਨ ਲਈ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੀ ਹੈ।
ਇਸ ਸੰਸਥਾ ਦੇ ਮੈਂਬਰ ਇਕੱਤਰ ਕੀਤੇ ਗਏ ਬੱਚਿਆਂ ਦੇ ਯੂਜ਼ਡ ਖਿਡਾਉਣਿਆਂ, ਪੁਸਤਕਾਂ, ਬੋਰਡ ਗੇਮਾਂ ਅਤੇ ਸਾਈਕਲਾਂ ਆਦਿ ਦੀ ਹਰ ਸਾਲ ਸੇਲ ਲਗਾਉਂਦੇ ਹਨ ਜਿਸ ਨੂੰ ਕਮਿਊਨਿਟੀ ਦੇ ਮੈਂਬਰਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਫ਼ਾਦਰ ਟੌਬਿਨ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਖਿਡਾਉਣਿਆਂ ਆਦਿ ਦੀ ਇਸ ਸਲਾਨਾ ਸੇਲ ਦਾ ਸਿਲਸਿਲਾ ਸ਼ੁਰੂ ਕੀਤਾ ਜਿਸ ਨੂੰ ਸਮਾਜ ਦੇ ਹਰੇਕ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸੰਸਥਾ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਸਲਾਨਾ ਸੇਲ ਤੋਂ ਇਕੱਠੀ ਹੋਈ ਰਕਮ ਕੈਨੇਡਾ ਤੇ ਭਾਰਤ ਵਿਚ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦੰਦਾਂ ਦੀ ਸੰਭਾਲ ਲਈ ਟੁੱਥ-ਬਰੱਸ਼ ਤੇ ਪੇਸਟਾਂ ਵੀ ਵੰਡੀਆਂ ਜਾਂਦੀਆਂ ਹਨ। ਵਰਨਣਯੋਗ ਹੈ ਕਿ ਬਲਬੀਰ ਸੋਹੀ ਨੇ ਬੀਤੇ ਸਾਲਾਂ ਵਿਚ ਕੈਨੇਡਾ ਦੇ ਸਕੂਲਾਂ ਵਿਚ ਜਾ ਕੇ ਪੇਰੈਂਟਸ-ਟੀਚਰਜ਼ ਮੀਟਿੰਗਾਂ ਦੌਰਾਨ ਡੈਂਟਲ ਐਂਡ ਹੈੱਲਥ ਕੇਅਰ ਬਾਰੇ ਆਪਣੀਆਂ ਪ੍ਰੈਜ਼ੈਨਟੇਸ਼ਨਾਂ ਦਿੱਤੀਆਂ ਜਿਸ ਦੇ ਲਈ ਉਸ ਨੂੰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ।
ਇਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਸਿਹਤ ਸਬੰਧੀ ਜਗਰੂਕਤਾ ਕੈਂਪ ਵੱਖ-ਵੱਖ ਥਾਵਾਂ ‘ਤੇ ਲਗਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਉਸਦੀ ਜਾਣ-ਪਛਾਣ ਦਾ ਦਾਇਰਾ ਹੋਰ ਵਡੇਰਾ ਹੁੰਦਾ ਗਿਆ ਅਤੇ ਇਸ ਨੇ ਉਸ ਨੂੰ ਸਕੂਲ-ਟਰੱਸਟੀ ਲਈ ਉਮੀਦਵਾਰ ਬਣਨ ਲਈ ਉਤਸ਼ਾਹਿਤ ਕੀਤਾ। ਇਨ੍ਹਾਂ ਮਿਉਂਨਿਸਿਪਲ ਚੋਣਾਂ ਵਿਚ ਉਹ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ-ਟਰੱਸਟੀ ਲਈ ਉਮੀਦਵਾਰ ਹੈ ਅਤੇ ਉਹ ਸਾਰਿਆਂ ਨੂੰ ਆਪਣੇ ਹੱਕ ਵਿਚ ਵੋਟਾਂ ਪਾਉਣ ਲਈ ਅਪੀਲ ਕਰਦੀ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …