Breaking News
Home / ਕੈਨੇਡਾ / ਵਰਿਆਮ ਸਿੰਘ ਸੰਧੂ ਦਾ ਸਨਮਾਨ ਅਤੇ ਦੋ ਕਿਤਾਬਾਂ ਰਿਲੀਜ਼

ਵਰਿਆਮ ਸਿੰਘ ਸੰਧੂ ਦਾ ਸਨਮਾਨ ਅਤੇ ਦੋ ਕਿਤਾਬਾਂ ਰਿਲੀਜ਼

ਬਰੈਂਪਟਨ/ਬਿਉਰੋ ਨਿਉਜ਼
‘ਅਸੀਸ ਮੰਚ ਟਰਾਂਟੋ’ ਵੱਲੋਂ ਬਰੈਂਪਟਨ ਵਿੱਚ ਹੋਏ ਸਮਾਗਮ ਨੂੰ ਬਹੁਤ ਹੀ ਸ਼ਾਨਦਾਰ ਹੁੰਗਾਰਾ ਮਿਲ਼ਿਆ ਜਿਸ ਵਿੱਚ ਟਰਾਂਟੋ ਇਲਾਕੇ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ, ਮੈਂਬਰ, ਪੱਤਰਕਾਰ, ਅਤੇ ਸਾਹਿਤਕਾਰ ਸ਼ਾਮਿਲ ਹੋਏ। ਵਰਿਆਮ ਸਿੰਘ ਸੰਧੂ ਹੁਰਾਂ ਦਾ ”ਸ੍ਰੀਮਤੀ ਨਿਰੰਜਨ ਕੌਰ ਅਵਾਰਡ” ਦੇ ਸਨਮਾਨ ਚਿੰਨ੍ਹ ਅਤੇ 2100 ਡਾਲਰ ਨਾਲ਼ ਸਨਮਾਨ ਕੀਤਾ ਗਿਆ।
ਇਸ ਸਮੇਂ ਵਰਿਆਮ ਸਿੰਘ ਸੰਧੂ ਬਾਰੇ ਬੋਲਦਿਆਂ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ‘ਬਹੁ-ਪ੍ਰਤਿਭਾ’ (10-ਇਨ-1) ਵਾਲ਼ੇ ਸਾਹਿਤਕਾਰ ਨੇ ਜੋ ਜਿੰਨੇ ਲੇਖਣੀ ਵਿੱਚ ਉੱਚੇ ਨੇ ਓਨੇ ਹੀ ਆਪਣੇ ਕਿਰਦਾਰ ਵਿੱਚ ਵੀ ਉੱਚੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਲੇਖਕ ਦੀ ਲਿਖਤ ਨੂੰ ਉਸਦੇ ਕਿਰਦਾਰ ਨਾਲ਼ੋਂ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਇੰਦਰਜੀਤ ਬੱਲ ਹੁਰਾਂ ਨੇ ਸੰਧੂ ਹੁਰਾਂ ਬਾਰੇ ਬੋਲਦਿਆਂ ਕਿਹਾ ਕਿ ਸੰਧੂ ਸਾਹਿਬ ਪੰਜਾਬੀ ਸਾਹਿਤ ਜਗਤ ਦਾ ਮਾਣ ਅਤੇ ਸਤਿਕਾਰਯੋਗ ਹਸਤੀ ਨੇ। ਪਰਮਜੀਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਰਮਜੀਤ ਦੇ ਪੇਕੇ ਪਰਵਾਰ ਅਤੇ ਸਹੁਰਾ ਪਰਵਾਰ ਨੂੰ ਨੇੜਿਓਂ ਜਾਣਦਿਆਂ ਹੋਇਆਂ ਉਹ ਜਾਣਦੇ ਨੇ ਕਿ ਇਸ ਕੁੜੀ ਨੇ ਕਿਨ੍ਹਾਂ ਹਾਲਤਾਂ ਦਾ ਸਾਹਮਣਾ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਸੁਰਜਨ ਜ਼ੀਰਵੀ ਹੁਰਾਂ ਨੇ ਕਿਹਾ ਕਿ ਵਰਿਆਮ ਸਿੰਘ ਸੰਧੂ ਹੁਰਾਂ ਨੇ ਜਿਸ ਦਲੇਰੀ ਨਾਲ਼ ਪੰਜਾਬ ਦੇ ਖ਼ੂਨੀ ਮਾਹੌਲ ਦੌਰਾਨ ਲਿਖਿਆ ਅਤੇ ਜਿਸ ਤਰ੍ਹਾਂ ਉਨ੍ਹਾਂ ਨੇ ਗ਼ਦਰੀ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਉਸ ਲਈ ਉਹ ਸਨਮਾਨ ਦੇ ਪੂਰੇ ਹੱਕਦਾਰ ਨੇ।
ਇਸ ਮੌਕੇ ਬੋਲਦਿਆਂ ਵਰਿਆਮ ਸਿੰਘ ਸੰਧੂ ਹੁਰਾਂ ਕਿਹਾ ਕਿ ਪਰਮਜੀਤ ਦਿਓਲ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਉਸਨੇ ਸਾਰੀਆਂ ਹੀ ਜਥੇਬੰਦੀਆਂ ਅਤੇ ਸਾਹਿਤਕਾਰਾਂ ਨੂੰ ਇੱਕ ਪਲੈਟਫਾਰਮ ‘ਤੇ ਇਕੱਠੇ ਕਰ ਲਿਆ ਹੈ।
ਦੂਸਰੇ ਪੜਾਅ ਵਿੱਚ ਪਰਮਜੀਤ ਦੀ ਕਿਤਾਬ ‘ਮੈਂ ਇੱਕ ਰਿਸ਼ਮ’ ਬਾਰੇ ਗੱਲਬਾਤ ਹੋਈ ਜਿਸ ਵਿੱਚ ਬ੍ਰਜਿੰਦਰ ਗੁਲਾਟੀ ਹੁਰਾਂ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਪਰਮਜੀਤ ਦੀ ਕਵਿਤਾ ਕਿਸੇ ਇੱਕ ਵਿਸ਼ੇ ਨਾਲ ਸੀਮਿਤ ਨਹੀਂ, ਉਹ ਜਿੱਥੇ ਕੁਦਰਤ ਦੇ ਵਰਤਾਰੇ ਨੂੰ ਲੈ ਕੇ ਗੱਲ ਕਰਦੀ ਹੈ ਉੱਥੇ ਹੀ ਜੀਵਨ ਵਿੱਚ ਹੁੰਦੇ ਲੋਕਾਂ ਦੇ ਵਰਤਾਰੇ ਦੀ ਗੱਲ ਵੀ ਕਰਦੀ ਹੈ ਅਤੇ ਸਮਾਜ ਦੇ ਬਦਲਦੇ ਰੂਪ ਦੀ ਵੀ ਝਲਕ ਮਿਲਦੀ ਹੈ ਉਸ ਦੀ ਕਵਿਤਾ ਵਿੱਚ। ਉਨ੍ਹਾਂ ਕਿਹਾ ਕਿ ਪਰਮਜੀਤ ਦੀਆਂ ਕਵਿਤਾਵਾਂ ਜ਼ਿਆਦਾਤਰ ਛੋਟੀਆਂ ਹੀ ਹਨ ਪਰ ਉਸ ਵਿੱਚ ਛੁਪੇ ਅਹਿਸਾਸ ਨੂੰ ਸਿੱਧੀਆਂ ਦਿਲ ਦੀ ਗਹਿਰਾਈ ਤੱਕ ਪਹੁੰਚਾ ਦਿੰਦੀਆਂ ਹਨ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ‘ਮੈਂ ਇੱਕ ਰਿਸ਼ਮ’ ਕਿਤਾਬ ਰਾਹੀਂ ਪਰਮਜੀਤ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਈ ਹੈ ਕਿਉਂਕਿ ਇਸ ਵਿਚਲੀਆਂ ਕਵਤਿਾਵਾਂ ਜਿੱਥੇ ਛੋਟੀਆਂ ਨਜ਼ਮਾਂ ਦੇ ਰੂਪ ਵਿੱਚ ਹਨ ਓਥੇ ਇਹ ਪਰਮਜੀਤ ਦੀ ਸਿਆਸੀ, ਸਮਾਜੀ, ਅਤੇ ਸੱਭਿਆਚਾਰਕ ਸੂਝ ਦੀ ਗਹਿਰਾਈ ‘ਤੇ ਵੀ ਝਾਤ ਪਵਾਉਂਦੀਆਂ ਨੇ। ਭੁਪਿੰਦਰ ਦੁਲੈ ਨੇ ਇਸ ਕਿਤਾਬ ਵਿੱਚੋਂ ਅਨੇਕਾਂ ਉਦਾਹਰਣਾਂ ਦੇ ਕੇ ਪਰਮਜੀਤ ਦੀ ਕਾਵਿਕ ਸੂਝ ਦੀ ਪ੍ਰਸੰਸਾ ਕੀਤੀ। ਗੁਰਬਖਸ਼ ਭੰਡਾਲ ਹੁਰਾਂ ਨੇ ਇਸ ਸੈਸ਼ਨ ਦੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਪਰਮਜੀਤ ਨੂੰ ਬਹੁਤ ਨੇੜਿਓਂ ਵੇਖਿਆ ਹੈ ਅਤੇ ਉਹ ਜਾਣਦੇ ਨੇ ਕਿ ਪਰਮਜੀਤ ਜ਼ਿੰਦਗੀ ਦੇ ਕਿਨ੍ਹਾਂ ਤਲਖ਼ ਤਜਰਬਿਆਂ ‘ਚੋਂ ਲੰਘੀ ਹੈ ਤੇ ਕਿਸ ਤਰ੍ਹਾਂ ਉਸਦੇ ਸ਼ਬਦ-ਭੰਡਾਰ ਵਿੱਚ ਅਮੀਰੀ ਆਈ ਹੈ।
ਇਸ ਸਮੇਂ ਕਬੱਡੀ ਦੇ ਪ੍ਰਸਿੱਧ ਕੌਮੈਂਟੇਟਰ ਰੁਪਿੰਦਰ ਜਲਾਲ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਰਾਜ ਘੁੰਮਣ, ਇਕਬਾਲ ਬਰਾੜ, ਅਤੇ ਰਿੰਟੂ ਭਾਟੀਆ ਨੇ ਪਰਮਜੀਤ ਦੇ ਗੀਤ ਗਾਏ। ਸ਼ੌਕਤ ਅਲੀ ਦੇ ਬੇਟੇ ਮੋਹਿਸਨ ਨੇ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਡਾ. ਸਵਰਾਜ ਸੰਧੂ, ਡਾ. ਪਰਗਟ ਬੱਗਾ, ਜਸਪਾਲ ਢਿੱਲੋਂ, ਅਤੇ ਕੁਲਜੀਤ ਮਾਨ ਵੱਲੋਂ ਵਧਾਈ ਦਿੱਤੀ ਗਈ। ਸਟੇਜ ਦੀ ਜ਼ਿੰਮੇਂਵਾਰੀ ਪਿਆਰਾ ਸਿੰਘ ਕੁੱਦੋਵਾਲ਼ ਅਤੇ ਪਰਮਜੀਤ ਢਿੱਲੋਂ ਵੱਲੋਂ ਬਾਖ਼ੂਬੀ ਨਿਭਾਈ ਗਈ।
ਇਸ ਸਮੇਂ ਸਰਗਮ ਰੇਡੀਓ ਤੋਂ ਡਾ. ਬਲਵਿੰਦਰ, ਫ਼ੁਲਕਾਰੀ ਰੇਡੀਓ ਤੋਂ ਰਾਜ ਘੁੰਮਣ, ਪੰਜਾਬੀ ਟ੍ਰਿਬਿਊਨ ਤੋਂ ਪ੍ਰਤੀਕ,ਅਤੇ ਪੀ.ਟੀ.ਸੀ., ਹਮਦਰਦ, ਅਤੇ ਪੰਜਾਬੀ ਚੈਨਲ/ਜੀ.ਟੀ.ਵੀ. ਦੇ ਰੀਪੋਰਟਰ ਵੀ ਹਾਜ਼ਰ ਸਨ। ਪਰਮਜੀਤ ਵੱਲੋਂ ਆਪਣੇ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵਿੱਚ ਸਿਮਰ ਸਿੱਧੂ, ਮਲਕੀਤ ਜੱਜ, ਮਨਪ੍ਰੀਤ ਦਿਓਲ, ਅਵਤਾਰ ਦਿਓਲ, ਸਰਬਜੀਤ ਸੰਘਾ, ਪਰਮਜੀਤ ਢਿੱਲੋਂ, ਮਨਪ੍ਰੀਤ ਸਿੱਧੂ, ਕੁਲਵਿੰਦਰ ਖਹਿਰਾ, ਅਤੇ ਰਿੰਟੂ ਭਾਟੀਆ, ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਬਲਬੀਰ ਕੌਰ ਸੰਘੇੜਾ, ਸੁਰਜੀਤ ਕੌਰ, ਸੈਂਡੀ ਗਿੱਲ, ਪਰਮ ਸਰਾਂ, ਗੁਰਦੇਵ ਮਾਨ, ਪੂਰਨ ਸਿੰਘ ਪਾਂਧੀ, ਸੰਤੋਖ ਸੰਧੂ, ਗਿਆਨ ਸਿੰਘ ਕੰਗ, ਬਲਰਾਜ ਚੀਮਾ, ਮਿੰਨੀ ਗਰੇਵਾਲ਼, ਸੁਰਿੰਦਰ ਸ਼ਿੰਦ, ਸੁਰਿੰਦਰਜੀਤ ਕੌਰ, ਬਲਦੇਵ ਦੂਹੜੇ, ਸੁੰਦਰਪਾਲ ਰਾਜਾਸਾਂਸੀ, ਪੰਮਾ ਦਿਓਲ, ਅਮਰ ਸਿੰਘ ਢੀਂਡਸਾ, ਵਕੀਲ ਕਲੇਰ, ਜਿੰਦੂ ਖਹਿਰਾ, ਗੁਰਮਿੰਦਰ ਆਹਲੂਵਾਲੀਆ, ਇੰਦਰਜੀਤ ਢਿੱਲੋਂ, ਰਾਜਵੰਤ ਕੌਰ ਸੰਧੂ, ਸੁਰਿੰਦਰ ਸੰਧੂ, ਬਲਜੀਤ ਧਾਲੀਵਾਲ, ਬਲਰਾਜ ਧਾਲੀਵਾਲ, ਹੀਰਾ ਰੰਧਾਵਾ, ਗੁਰਮੀਤ ਜੱਸੀ, ਨਾਹਰ ਔਜਲਾ, ਡਾ. ਜਗਮੋਹਨ ਸੰਘਾ, ਪਰਵੀਨ ਕੌਰ, ਆਦਿ ਸ਼ਾਮਲ ਸਨ। ਕਬੱਡੀ ਟੀਮ ਦੇ ਹੈਪੀ ਸਹੋਤਾ, ਲਾਡਾ ਸਹੋਤਾ, ਰਜਿੰਦਰ ਦਿਓਲ, ਬਲਜਿੰਦਰ ਥਿੰਦ ਸਮੇਤ ਓ.ਕੇ.ਸੀ. ਦੀ ਪੂਰੀ ਕਬੱਡੀ ਟੀਮ ਤੀਰਥ ਦਿਓਲ ਦੇ ਸੱਦੇ ‘ਤੇ ਹਾਜ਼ਰ ਹੋਈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …