ਬਰੈਂਪਟਨ/ਡਾ. ਝੰਡ : ਜੋਗਿੰਦਰ ਸਿੰਘ ਸੇਖੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਪਿਤਾ ਜੀ ਗਿਆਨੀ ਅਤਰ ਸਿੰਘ ਸੇਖੋਂ ਨੇ ਲੰਘੇ ਹਫ਼ਤੇ 11 ਤੋਂ 13 ਅਗੱਸਤ ਨੂੰ ਯੌਰਕ ਯੂਨੀਵਰਸਿਟੀ ਟੋਰਾਂਟੋ ਦੇ ‘ਯੌਰਕ ਲਾਇਨਜ਼ ਸਟੇਡੀਅਮ’ ਵਿਚ ਹੋਈ ‘ਨਾਰਥ ਐਂਡ ਸੈਂਟਰਲ ਅਮਰੀਕਾ ਐਂਡ ਕੈਰੇਬੀਅਨ ਵਰਲਡ ਮਾਸਟਰਜ਼ ਚੈਂਪੀਅਨਸ਼ਿਪ’ ਵਿਚ ਭਾਗ ਲੈ ਕੇ ਕਈ ਮੈਡਲ ਹਾਸਲ ਕੀਤੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ਗਿਆਨੀ ਅਤਰ ਸਿੰਘ ਹੋਰਾਂ ਦੀ ਉਮਰ ਇਸ ਸਮੇਂ 94 ਸਾਲ ਹੈ ਅਤੇ ਉਹ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਸੱਭ ਤੋਂ ਵਡੇਰੀ ਉਮਰ ਦੇ ਐਥਲੀਟ ਸਨ। ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਦੀ ਗੂੰਜ ਵਿਚ ਉਹ ਇਸ ਚੈਂਪੀਅਨਸ਼ਿਪ ਵਿਚ 10 ਮੈਡਲ ਜਿੱਤ ਕੇ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕਾਰਨ ਬਣੇ। ਉਨ੍ਹਾਂ ਨੇ 100 ਮੀਟਰ ਤੇ 200 ਮੀਟਰ ਦੌੜਾਂ, ਲੰਮੀ ਛਾਲ, ਉੱਚੀ ਛਾਲ, ਗੋਲਾ ਸੁੱਟਣ ਅਤੇ ਵੇਟ-ਥਰੋਅ ਵਰਗੇ ਈਵੈਂਟਸ ਵਿਚ ਭਾਗ ਲਿਆ ਅਤੇ ਇਨ੍ਹਾਂ ਵਿਚ ਪਹਿਲੇ ਨੰਬਰ ‘ਤੇ ਰਹਿ ਕੇ ਇਹ ਮੈਡਲ ਪ੍ਰਾਪਤ ਕੀਤੇ। ਇਸ ਚੈਂਪੀਅਨਸ਼ਿਪ ਦਾ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਵਿਚ 26 ਦੇਸ਼ਾਂ ਦੇ 944 ਅਥਲੀਟਾਂ ਨੇ ਹਿੱਸਾ ਲਿਆ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਏਡੀ ਵੱਡੀ ਗਿਣਤੀ ਵਿਚ ਆਏ ਖਿਡਾਰੀਆਂ ਨਾਲ ਦੌੜ ਕੇ ਅਤੇ ਹੋਰ ਅਥਲੈਟਿਕ ਈਵੈਂਟਸ ਵਿਚ ਭਾਗ ਲੈ ਕੇ ਗਿਆਨੀ ਅਤਰ ਸਿੰਘ ਹੋਰਾਂ ਨੇ ਨਾ ਕੇਵਲ ਪੰਜਾਬੀ ਕਮਿਊਨਿਟੀ ਦਾ ਹੀ ਨਾਂ ਉੱਚਾ ਕੀਤਾ ਹੈ, ਸਗੋਂ ਇਹ ਵੀ ਦਰਸਾਅ ਦਿੱਤਾ ਹੈ ਕਿ 105-ਸਾਲਾ ਉੱਘੇ ਮੈਰਾਥਨ ਦੌੜਾਕ ਸ. ਫ਼ੌਜਾ ਸਿੰਘ ਵਾਂਗ ਕਮਿਊਨਿਟੀ ਕੋਲ ਇਕ ਹੋਰ ‘ਹੀਰਾ’ ਵੀ ਮੌਜੂਦ ਹੈ ਜੋ ਉਮਰ ਦੇ ਇਸ ਪੜਾਅ ਵਿਚ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲ ਰਿਹਾ ਹੈ। ਕਮਿਊਨਿਟੀ ਨੂੰ ਅਜਿਹੇ ‘ਹੀਰਿਆਂ’ ਅਤੇ ‘ਹੀਰੋਆਂ’ ‘ਤੇ ਪੂਰਾ ਮਾਣ ਹੈ।