ਬਰੈਂਪਟਨ/ਹਰਜੀਤ ਬੇਦੀ : ਪਿਛਲੇ ਹਫਤੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਰਿਵਾਰਕ ਪਿਕਨਿਕ ਦਾ ਆਯੋਜਨ ਕੌਫੀ ਪਾਰਕ ਮਾਲਟਨ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਪਿਕਨਿਕ ਦਾ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਨੰਦ ਮਾਣਿਆ। ਠੀਕ 11 ਵਜੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਤੇ ਥੋੜ੍ਹੇ ਸਮੇਂ ਵਿੱਚ ਪੂਰੀ ਰੌਣਕ ਲੱਗ ਗਈ। ਪਹੁੰਚਣ ਵਾਲੇ ਮਹਿਮਾਨਾਂ ਦਾ ਜਾਣ ਸਾਰ ਚਾਹ ਪਾਣੀ ਅਤੇ ਸਨੇਕਸ ਨਾਲ ਸੁਆਗਤ ਕੀਤਾ ਜਾਂਦਾ ਰਿਹਾ। ਪ੍ਰਬੰਧਕਾਂ ਦੀ ਟੀਮ ਹਰ ਮਹਿਮਾਨ ਵੱਲ ਪੂਰੀ ਤਵੱਜੋ ਦੇ ਰਹੀ ਸੀ। ਕੁਝ ਦੇਰ ਬਾਦ ਬਾਰ ਬੀ ਕਿਊ ਤੇ ਖਾਣ ਪੀਣ ਦੀਆਂ ਹੋਰ ਵਸਤੂਆਂ ਦਾ ਦੌਰ ਸ਼ੁਰੂ ਹੋ ਗਿਆ। ਤਰਕਸ਼ੀਲ ਸੁਸਾਇਟੀ ਦੇ ਵਾਲੰਟੀਅਰਾਂ ਨੇ ਬਹੁਤ ਹੀ ਸ਼ੌਕ ਅਤੇ ਉਤਸ਼ਾਹ ਨਾਲ ਬਾਰ-ਬੀ-ਕਿਊ ਕਰਨ ਦੀ ਡਿਊਟੀ ਨਿਭਾਈ। ਇਸ ਪ੍ਰੋਗਰਾਮ ਵਿੱਚ ਤਰਕਸ਼ੀਲ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਹੋਰ ਸਮਾਜ ਸੇਵੀ ਜਥੇਬੰਦੀਆਂ, ਲੇਖਕ ਸਭਾਵਾਂ ਅਤੇ ਸੀਨੀਅਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਸੀਨੀਅਰਜ਼ ਐਸੋਸੀਏਸ਼ਨ ਅਤੇ ਰੈੱਡ ਵਿੱਲੋ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਿਟੀ ਕੌਂਸਲਰ ਹਰਕੀਰਤ ਸਿੰਘ ਨੇ ਉਚੇਚੇ ਤੌਰ ‘ਤੇ ਪਿਕਨਿਕ ਵਿੱਚ ਹਾਜ਼ਰੀ ਲੁਆਈ।
ਖਾਣ ਪੀਣ ਦੇ ਨਾਲ ਗੱਲਾਂ ਬਾਤਾਂ ਦਾ ਦੌਰ ਅਤੇ ਆਪਸੀ ਵਿਚਾਰ ਵਟਾਂਦਰਾ ਚਲਦਾ ਰਿਹਾ ਜੋ ਪਰਿਵਾਰਾਂ ਦੀ ਜਾਣ-ਪਹਿਚਾਣ ਅਤੇ ਮੇਲ ਜੋਲ ਦਾ ਵਧੀਆ ਸਬੱਬ ਬਣਿਆ। ਕਾਫੀ ਗਿਣਤੀ ਵਿੱਚ ਬੱਚਿਆਂ ਨੇ ਪਿਕਨਿਕ ਵਿੱਚ ਭਾਗ ਲਿਆ ਤੇ ਉਹਨਾਂ ਦੇ ਮਨੋਰੰਜਨ ਲਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ ਜਿਸਦੀ ਜਿੰਮੇਵਾਰੀ ਸਕਾਰਬਰੋਅ ਦੀ ਤਰਕਸੀਲ ਵਾਲੰਟੀਅਰ ਟੀਮ ਭਰਪੂਰ ਸਿੰਘ ਅਤੇ ਸਾਥੀਆਂ ਨੇ ਨਿਭਾਈ। ਗੇਮਾਂ ਬਾਅਦ ਬੱਚਿਆਂ ਨੂੰ ਇਨਾਮ ਵੰਡੇ ਗਏ। ਬੱਚਿਆਂ ਨੂੰ ਇਨਾਮ ਦੇਣ ਦੀ ਕਾਰਵਾਈ ਸਪਾਂਸਰਜ਼ ਸੁਰਿੰਦਰ ਘੁੰਮਣ, ਜਗਦੀਸ਼ ਜਾਂਗੜਾ ਅਤੇ ਕੁਲਦੀਪ ਚਾਹਲ ਆਦਿ ਨੇ ਕੀਤੀ। ਸ਼ਾਮ ਦੇਰ ਤੱਕ ਇਸ ਪਰਿਵਾਰਕ ਪਿਕਨਿਕ ਦਾ ਪ੍ਰੋਗਰਾਮ ਚਲਦਾ ਰਿਹਾ ਅਤੇ ਖਾਣ-ਪਣਿ ਦੀਆਂ ਅਨੇਕ ਵੰਨਗੀਆਂ ਦੇ ਨਾਲ ਹੀ ਹਾਜ਼ਰੀਨ ਨੂੰ ਤਰਕਸ਼ੀਲ ਸੁਸਾਇਟੀ ਦੇ ਬਲਦੇਵ ਰਹਿਪਾ, ਨਿਰਮਲ ਸੰਧੂ, ਹਰਬੰਸ ਮੱਲ੍ਹੀ, ਬਲਰਾਜ ਛੋਕਰ, ਸੁਰਜੀਤ ਸਹੋਤਾ ਤੇ ਹੋਰ ਵਾਲੰਟੀਅਰਾਂ ਦਾ ਪਿਆਰ ਸਤਿਕਾਰ ਮਿਲਦਾ ਰਿਹਾ। ਪਿਕਨਿਕ ਦੀ ਸਮਾਪਤੀ ਤੋਂ ਬਾਅਦ ਪਰਿਵਾਰ ਮਿੱਤਰਾਂ ਦੋਸਤਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਮਨਾਂ ਵਿੱਚ ਸਮੇਟਦੇ ਹੋਏ ਖੁਸ਼ੀ ਖੁਸ਼ੀ ਘਰਾਂ ਨੂੰ ਪਰਤ ਗਏ। ਤਰਕਸ਼ੀਲ ਸੁਸਾਇਟੀ ਦੇ ਪ੍ਰੋਗਰਾਮਾਂ ਸਬੰਧੀ ਜਾਂ ਸੁਸਾਇਟੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …