ਚੰਡੀਗੜ/ਬਿਊਰੋ ਨਿਊਜ਼ : ਅਮਰੀਕਾ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਉੱਘੇ ਸਿੱਖ ਆਗੂ, ਉੱਦਮੀ ਅਤੇ ਜਨਤਕ ਬੁਲਾਰੇ ਗੁਰਿੰਦਰ ਸਿੰਘ ਖਾਲਸਾ ਨੂੰ ਗੱਤਕਾ ਫੈਡਰੇਸ਼ਨ ਯੂਐਸਏ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਵ ਗੱਤਕਾ ਫੈਡਰੇਸ਼ਨ (ਡਬਲਯੂ.ਜੀ.ਐਫ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ. ਦੀਪ ਸਿੰਘ ਨੇ ਗੁਰਿੰਦਰ ਸਿੰਘ ਖਾਲਸਾ ਨੂੰ ਇੰਡੀਆਨਾ ਦੇ ਸ਼ਹਿਰ ਫਿਸ਼ਰਜ਼ ਵਿਖੇ ਨਿਯੁਕਤੀ ਪੱਤਰ ਭੇਂਟ ਕੀਤਾ ਅਤੇ ਉਨਾਂ ਨੂੰ ਇਸ ਨਿਯੁਕਤੀ ਲਈ ਦਿਲੋਂ ਵਧਾਈਆਂ ਦਿੱਤੀਆਂ। ਗੱਤਕਾ ਫੈਡਰੇਸ਼ਨ ਯੂਐਸਏ ਦੇ ਚੇਅਰਮੈਨ ਵਜੋਂ, ਡਬਲਯੂ.ਜੀ.ਐਫ. ਨੇ ਖਾਲਸਾ ਨੂੰ ਦੇਸ਼ ਭਰ ਵਿੱਚ ਗੱਤਕੇ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਵਿਸਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਐਸੋਸੀਏਸ਼ਨਾਂ ਦੀ ਸਥਾਪਨਾ ਕਰਨਾ, ਗੱਤਕਾ ਖਿਡਾਰੀਆਂ/ਅਖਾੜਿਆਂ ਨਾਲ ਤਾਲਮੇਲ ਕਰਨਾ, ਦੇਸ਼ ਵਿੱਚ ਮੀਟਿੰਗਾਂ ਅਤੇ ਸਮਾਗਮਾਂ ਦਾ ਆਯੋਜਨ ਕਰਨਾ ਅਤੇ ਗੱਤਕਾ ਮੁਕਾਬਲਿਆਂ ਅਤੇ ਸਮਾਗਮਾਂ ਦੌਰਾਨ ਗੱਤਕਾ ਫੈਡਰੇਸ਼ਨ ਯੂਐਸਏ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ।