ਸੱਚ, ਹੱਕ, ਨਿਆਂ ਅਤੇ ਪ੍ਰੇਮ ਦੇ ਸੰਦੇਸ਼-ਵਾਹਕ : ਆਦਿ ਗੁਰੂ ਗ੍ਰੰਥ ਸਾਹਿਬ
ਡਾ. ਗੁਰਵਿੰਦਰ ਸਿੰਘ
ਆਦਿ ਗੁਰੂ ਗ੍ਰੰਥ ਸਾਹਿਬ ਵਿਸ਼ਵ ਦੇ ਧਾਰਮਿਕ ਤੇ ਅਧਿਆਤਮਕ ਸਾਹਿਤ ਦਾ ਅਜਿਹਾ ਮਹਾਨ ਕੋਸ਼ ਹੈ, ਜਿਸ ਵਿੱਚ ਆਤਮਿਕ ਗਿਆਨ, ਅਧਿਆਤਮਕ ਵੀਚਾਰ ਅਤੇ ਪ੍ਰੇਮ- ਭਗਤੀ ਦੀ ਸਾਂਝੀ ਧੁਨ ਜੀਵਨ ਲਈ ਕਲਿਆਣਕਾਰੀ ਸੱਚ ਦਾ ਸੰਦੇਸ਼ ਦਿੰਦੀ ਹੈ। ਸੰਪੂਰਨ ਮਨੁੱਖੀ ਭਾਈਚਾਰੇ ਲਈ ਚਾਨਣ-ਮੁਨਾਰਾ ਬਣ ਕੇ ਵਲਗਣਾਂ, ਵਖਰੇਵਿਆਂ ਤੇ ਵਿਤਕਰਿਆਂ ਦੇ ਚੱਕਰਵਿਯੂ ਤੋਂ ਨਿਜਾਤ ਦੁਆ ਕੇ, ਆਦਿ ਗੁਰੂ ਗ੍ਰੰਥ ਸਾਹਿਬ ਸਦਾਚਾਰ ਦੇ ਸੁਮਾਰਗ ਰਾਹੀਂ ਅਧਿਆਤਮਿਕ ਮੰਜ਼ਿਲ ‘ਤੇ ਪਹੁੰਚਾਉਂਦੇ ਹਨ। ਇਹ ਧਰਮ ਗ੍ਰੰਥ ਪੰਜ ਸੌ ਵਰ੍ਹਿਆਂ ਦਾ ਅਜਿਹਾ ਦਰਪਣ ਹੈ, ਜਿਸ ਵਿਚੋਂ ਮੱਧਕਾਲੀ ਸਮਾਜ ਦੀ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਰੂਪ-ਰੇਖਾ ਪ੍ਰਤੀਬਿੰਬਤ ਹੁੰਦੀ ਹੈ। ਵਿਸ਼ਵ ਸਾਹਿਤ ਪੱਖੋਂ ਵਿੱਚ ਗੁਰੂ ਗ੍ਰੰਥ ਸਾਹਿਬ ਅਜਿਹੀ ਅਦੁੱਤੀ ਰਚਨਾ ਹੈ, ਜਿਸ ਵਿੱਚ ‘ਸਤਿ ਚਿਤੁ ਆਨੰਦ’ ਦਾ ਮਹਾਨ ਸੰਕਲਪ ਦ੍ਰਿਸ਼ਟੀਗੋਚਰ ਹੁੰਦਾ ਹੈ।
ਮੱਧ-ਯੁਗ ਦੇ ਸਾਹਿਤ ਅਤੇ ਧਰਮ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਪ੍ਰਕਿਰਿਆ ਜੁਗਾਂਤਰਕਰੀ ਵਰਤਾਰਾ ਹੈ। ਜਿਥੇ ਇਸ ਨਾਲ ਸਾਹਿਤ ਜਗਤ ਵਿੱਚ ਗ੍ਰੰਥ ਸੰਪਾਦਨ ਕਲਾ ਦਾ ਆਰੰਭ ਹੁੰਦਾ ਹੈ, ਉਥੇ ਮਹਾਂ-ਗਿਆਨ ਦੇ ਵਿਸ਼ਾਲ ਖਜ਼ਾਨੇ ਨੂੰ ਕਿਸੇ ਕਿਸਮ ਦੇ ਰਲਾਅ ਤੋਂ ਸਦੀਵੀ ਤੌਰ ‘ਤੇ ਸੁਰੱਖਿਅਤ ਕਰਕੇ, ਭਵਿੱਖ ਲਈ ਅਨਮੋਲ ਸਮੱਗਰੀ ਹੂ-ਬ ਹੂ ਬਰਕਰਾਰ ਰੱਖਣ ਦੀ ਪਿਰਤ ਪੈਂਦੀ ਹੈ। ਸੰਸਾਰ ਸਾਹਿਤ ਵਿੱਚ ਧਰਮ-ਗ੍ਰੰਥ ਦੀ ਪਰੰਪਰਾ ਨਾਲੋਂ ਨਿਰਾਲੀ ਮਿਸਾਲ ਕਾਇਮ ਕਰਦੇ ਹੋਏ, ਗੁਰੂ ਅਰਜਨ ਸਾਹਿਬ ਨੇ ਬਾਣੀ ਇਕੱਤਰ ਅਤੇ ਸੰਕਲਨ ਕਰਨ ਦਾ ਕਾਰਜ 1588 ਈ. ਤੋਂ ਲੈ ਕੇ 1603 ਈ. ਤੱਕ ਤਕਰੀਬਨ 15 ਸਾਲ ਦੀ ਘਾਲਣਾ ਕਰਕੇ ਸੰਪੂਰਨ ਕਰਵਾਇਆ। ਤਦ ਭਾਈ ਗੁਰਦਾਸ ਜੀ ਤੋਂ ਇਕ ਸਾਲ ਨੌਂ ਮਹੀਨੇ ਵਿੱਚ ਸਮੁੱਚੀ ਬਾਣੀ ਲਿਖਵਾ ਕੇ ਸੰਨ 1604 ਈ. ਨੂੰ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਸੱਚਖੰਡ ਦਰਬਾਰ ਸਾਹਿਬ ਵਿੱਚ ਕਰਵਾਇਆ ਗਿਆ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਸਥਾਨ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕਰਦੇ ਹੋਏ, 1685 ਈ. ਵਿੱਚ ਆਦਿ ਗ੍ਰੰਥ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਅਤੇ ਅੰਤਮ ਸਮੇਂ ਸੰਨ 1708 ਈ. ਨੂੰ ਸੱਚਖੰਡ ਹਜ਼ੂਰ ਸਾਹਿਬ ਵਿਖੇ ਬੀੜ ਸਾਹਿਬ ਨੂੰ ਗੁਰਗੱਦੀ ਦਿੰਦੇ ਹੋਏ ‘ਗੁਰੂ’ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ।
ਆਦਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਤੇ ਉਪਦੇਸ਼ ਸਰਬ- ਕਾਲੀ, ਸਰਬ – ਵਿਆਪਕ ਤੇ ਸਰਬ – ਸਾਂਝਾ ਹੈ। ਇਸ ਵਿਚਲੀ ਵਿਚਾਰਧਾਰਾ ਸਮੂਹ ਜਗਤ ਕਲਿਆਣ ਲਈ ਅਧਿਆਤਮਕ ਚਿੰਤਨ ਹੈ। ਸਮੁੱਚੇ ਸੰਸਾਰ ਲਈ ਭਾਵਾਤਮਕ ਸਾਂਝ ਦਾ ਸੁਨੇਹਾ ਦਿੰਦਾ ਇਹ ਪਹਿਲਾ ਧਰਮ ਗ੍ਰੰਥ ਹੈ, ਜਿਸ ਵਿੱਚ 12ਵੀਂ ਤੋਂ 17 ਵੀਂ ਸਦੀ ਤੱਕ ਦੀਆਂ, ਪੰਜ ਸਦੀਆਂ ਦੇ 36 ਮਹਾਂ- ਪੁਰਖਾਂ ਦੇ ਰੂਹਾਨੀ ਤੱਤ ਗਿਆਨ ਦਾ ਨਿਚੋੜ ਦੇਸ਼, ਕਾਲ ਤੇ ਸਮੇਂ ਦੀਆਂ ਹੱਦਾਂ ਖਤਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਮਹਾਂ- ਪੁਰਖ ਦਾ ਅੰਦਾਜ਼ ਚਾਹੇ ਨਿਵੇਕਲਾ ਹੈ, ਪਰ ਸਭ ਦਾ ਸੰਦੇਸ਼ ਸਾਂਝਾ ਹੈ, ਜੋ ਕਿ ਵਰਣ- ਵੰਡ, ਊਚ ਨੀਚ, ਜਾਤ- ਪਾਤ ਅਤੇ ਰੰਗ- ਨਸਲ ਤੋਂ ਉਚੇ ਉੱਠ ਕੇ, ਪ੍ਰਭੂ – ਪ੍ਰੇਮ ਵਿੱਚ ਲੀਨ ਹੋ ਕੇ , ਉਚੀ ਆਤਮਕ- ਅਵਸਥਾ ਵਿੱਚ ਬਿਰਾਜਣ ਦਾ ਹੈ। ਇਸ ਵਿਚਲੇ ਕੁੱਲ 5894 ਸ਼ਬਦਾਂ ਵਿਚੋਂ 4956 ਗੁਰੂਆਂ ਦੇ ਅਤੇ 938 ਭਗਤਾਂ ਦੇ ਸ਼ਬਦ ਹਨ। ਸਮੁੱਚੀ ਬਾਣੀ ਦੀ ਇਕਸੁਰਤਾ ਅਜਿਹੀ ਹੈ ਕਿ ਪੜ੍ਹਨ ਵਾਲਾ ਜਗਿਆਸੂ ਸੁੱਤੇ- ਸਿੱਧ ਗੁਰੂ ਬਾਣੀ ਤੋਂ ਭਗਤ ਬਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਤੇ ਭਗਤ ਬਾਣੀ ਤੋਂ ਗੁਰੂ ਬਾਣੀ ਵਿੱਚ । ਗੁਰੂ ਗ੍ਰੰਥ ਸਾਹਿਬ ਅਜਿਹਾ ਬਹੁ- ਪਸਾਰੀ ਸੰਕਲਨ ਹੈ, ਜਿਸ ਵਿੱਚ ਅਕਾਲ ਪੁਰਖ, ਜਗਤ, ਮਾਨਵ, ਧਰਮ , ਦਰਸ਼ਨ , ਆਤਮਾ, ਅਨੁਭਵ, ਨੈਤਿਕ ਗੁਣ, ਸਤ, ਆਚਾਰ ਨੀਤੀ , ਸਮਾਜ ਆਦਿ ਅਨੇਕਾਂ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਅਤੇ ਸਮਾਜਿਕ ਵਿਸ਼ਿਆਂ ਉੱਪਰ ਵਿਸਤਾਰ- ਪੂਰਵਕ ਵਿਚਾਰ ਹੋਇਆ ਹੈ।
ਗੁਰਬਾਣੀ ਵਿੱਚ ਪਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ, ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ, ਸੱਚ ਹੱਕ ਅਤੇ ਇਨਸਾਫ਼ ਦਾ ਸੰਦੇਸ਼ ਵਾਹਕ ਬਣਦੇ ਹੋਏ, ਸਮਾਜ ਦੀ ਪੁਨਰ – ਸਿਰਜਣਾ ਕੀਤੀ ਗਈ ਹੈ। ਸਮਕਾਲੀ ਸੰਪਰਦਾਵਾਂ ਨੂੰ ਅਡੰਬਰ. ਪਖੰਡ ਤੇ ਕੱਟੜਪੁਣੇ ਤੋਂ ਮੁਕਤ ਕਰਕੇ, ਸੱਚੇ ਧਰਮ ਦੇ ਕੇਂਦਰ – ਬਿੰਦੂ ਨਾਲ ਜੋੜਨ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਨੂੰ ਨਵੀਨ ਅਤੇ ਬਿਬੇਕਮਈ ਢੰਗ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ :
(ਓ) ਮੁਸਲਮਾਣੁ ਮੋਮ ਦਿਲਿ ਹੋਵੈ॥
ਅੰਤਰ ਕੀ ਮਲੁ ਦਿਲ ਤੋ ਧੋਵੈ॥
(ਮਾਰੂ ਮਹੱਲਾ 5, ਪੰਨਾ 1084)
(ਅ) ਸੋ ਪੰਡਤ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥
(ਸੁਖਮਨੀ ਸਾਹਿਬ , ਅਸਟਪਦੀ 9)
ਗੁਰਬਾਣੀ ਖ਼ਾਸ ਵਰਗ ਦੀ ਥਾਂ ਜਨ -ਸਾਧਾਰਨ ਨੂੰ ਸੰਬੋਧਤ ਹੈ। ਗੁਰਬਾਣੀ ਦਾ ਮੁੱਖ ਮੰਤਵ ਉੱਚੇ ਸੁੱਚੇ ਸਿਧਾਂਤ ਨੂੰ ਸਰਲ ਢੰਗ ਨਾਲ ਬਿਆਨ ਕਰਕੇ ਲੋਕ -ਸਮੂਹ ਤੱਕ ਪਹੁੰਚਾਉਣਾ ਹੈ। ਗੁਰਬਾਣੀ ਵਿੱਚ ਲੋਕ- ਧਰਮ ਅਤੇ ਲੋਕ-ਗਾਥਾਵਾਂ ਦਾ ਵਰਨਣ ਖੰਡਨਾਤਮਕ ਤੇ ਮੰਡਨਾਤਮਕ, ਦੋਹਾਂ ਵਿਧੀਆਂ ਰਾਂਹੀ ਹੋਇਆ ਹੈ। ਚਾਰ- ਵਰਣ, ਚਾਰ- ਆਸ਼ਰਮ, ਹੋਮ- ਜੱਗ, ਤੀਰਥ- ਗਮਨ, ਸੂਤਕ – ਪਾਤਕ , ਜਾਤ -ਪਾਤ, ਊਚ-ਨੀਚ ਆਦਿਕ ਕਰਮ – ਕਾਂਡ ਪ੍ਰਤੀ ਖੰਡਨਾਤਮਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਗੁਰਮਤਿ ਦਾ ਮਾਰਗ ਪ੍ਰਵਿਰਤੀ ਮੂਲਕ ਨਵਿਰਤੀ ਅਤੇ ਪ੍ਰੇਮਾ-ਭਗਤੀ ਦਾ ਸਹਿਜ ਤੇ ਸੁਖੈਨ ਮਾਰਗ ਹੈ। ਗੁਰਬਾਣੀ ਦੀ ਕਲਾ ਸਹਿਜ ਅਵਸਥਾ ਵਿਚੋਂ ਹੀ ਉਪਜੀ ਹੈ ਤੇ ਸਹਿਜ ਦਾ ਹੀ ਪ੍ਰਚਾਰ ਕਰਦੀ ਹੈ। ਡਾ. ਤਾਰਨ ਸਿੰਘ ਅਨੁਸਾਰ ਸਹਿਜ ਅਜਿਹੀ ਜੀਵਨ-ਜਾਚ ਹੈ ਜੋ ਪਹਿਲਾਂ ਸ਼ਖਸੀਅਤ ਵਿੱਚ ਆਉਂਦੀ ਹੈ ਫਿਰ ਕਥਨੀ ਤੇ ਕਰਨੀ ਵਿੱਚ। ਅਦਵੈਤਵਾਦੀ ਤੇ ਇਕ- ਈਸ਼ਵਰਵਾਦੀ ਭਾਵਨਾ ਭਰਪੂਰ ਗੁਰਬਾਣੀ ਤੋਂ ਉਪਜੀ ਸਹਿਜ ਅਵਸਥਾ ਵਿੱਚ ਸਾਰੇ ਅੰਤਰ ਵਿਰੋਧ ਖ਼ਤਮ ਹੋ ਜਾਂਦੇ ਹਨ ਅਤੇ ਖਾਲਕ ਖ਼ਲਕਤ ਦੇ ਕਣ -ਕਣ ਵਿੱਚ ਰਵਿਆ ਨਜ਼ਰ ਆਉਂਦਾ ਹੈ। ਇਥੇ ਰੱਬ ਨੂੰ ਮਨੁੱਖ ਨਹੀਂ ਬਣਨ ਦਿੱਤਾ, ਪਰ ਫਿਰ ਵੀ ‘ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ’ ਤੱਕ ਲੈ ਆਂਦਾ ਹੈ। ਇਸ ਰਚਨਾ ਦਾ ਉਦੇਸ਼ ਮਾਨਵ ਕਲਿਆਣ ਹੈ ਤੇ ਇਸ ਦੀ ਕਲਾ- ਪਰੰਪਰਾ ਸਹਿਜ ਦੀ ਹੈ, ਜੋ ਉਲਾਰ , ਕਲਪਨਾ, ਰੋਮਾਂਸ , ਭਾਵੁਕਤਾ, ਫਲਸਫ਼ਿਆਂ ਜਾਂ ਰਸਾਂ ਵਿੱਚੋਂ ਨਹੀਂ ਉਪਜਦੀ।
ਗੁਰੂ ਗ੍ਰੰਥ ਸਾਹਿਬ ਵਿੱਚ ਰੂਹ ਨੂੰ ਰੱਬ ਨਾਲ ਇਕਸੁਰ ਤੇ ਇਕਾਗਰ ਕਰਨ ਦਾ ਪ੍ਰਮੁੱਖ ਸਾਧਨ ਸੰਗੀਤ ਹੈ। ਜਿੱਥੇ ਸ਼ਾਸਤਰੀ ਸੰਗੀਤ ਵਿੱਚ ਗਾਇਕੀ ਤੇ ਹਰਕਤ ਵੱਧ ਤੇ ਬੋਲ ਘੱਟ ਹੁੰਦੇ ਹਨ, ਉਥੇ ਗੁਰਮਤਿ ਸੰਗੀਤ ਵਿੱਚ ਬਾਣੀ ਵਧੇਰੇ ਅਤੇ ਗਾਇਕੀ ਮੁਕਾਬਲਤਨ ਘੱਟ ਹੁੰਦੀ ਹੈ। ਗੁਰਬਾਣੀ ਦਾ ਉਪਦੇਸ਼ ਸ਼ਾਸਤਰੀ ਢੰਗਾਂ ਨਾਲ਼ ਰਾਗਾਂ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ, ਸੁਖੈਨ ਤੇ ਸੁਭਾਵਿਕ ਕੀਰਤਨ ਰਾਹੀ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਲੈਅ -ਭਰਪੂਰ ‘ਨਾਮ ਵਾਲੀ ਸ਼ਖ਼ਸੀਅਤ’ ਦੀ ਉਸਾਰੀ ਕਰਨਾ ਹੈ। ਦਿਮਾਗੋਂ ਰਾਗ, ਦਿਲੋਂ ਧੁਨ, ਹਿਰਦੇ ਤੋਂ ਸੁਰਤ, ਹੱਥੋਂ ਸਾਜ, ਮੂੰਹੋਂ ਸੁਰਾਂ, ਕੰਨੋਂ ਤਾਨ ਅਤੇ ਪੈਰੋਂ ਨ੍ਰਿਤਕਾਰੀ ਆਦਿ ਸਾਰੀ ਸਮੱਗਰੀ ਅਕਾਲ- ਪੁਰਖ ਨਾਲ ਇਕ-ਮਿੱਕ ਤੇ ਇੱਕਸੁਰ ਹੋਣ ਦੇ ਸਾਧਨ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 14 ਤੋਂ ਲੈ ਕੇ 1352 ਤੱਕ ਸਾਰੀ ਬਾਣੀ ਸਭ ਮੱਤਾਂ ਸੰਪਰਦਾਵਾਂ, ਮੌਸਮਾਂ ਤੇ ਰੁੱਤਾਂ ਨਾਲ ਸੰਬੰਧਿਤ 31 ਰਾਗਾਂ ਵਿੱਚ ਰਚੀ ਹੈ, ਜੋ ਕ੍ਰਮਵਾਰ ਸਿਰੀ ਰਾਗ, ਮਾਝ, ਗਉੜੀ, ਆਸਾ ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ ਬਿਲਾਵਲ, ਗੌਂਡ , ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ ਹਨ। ਸਭ ਤੋਂ ਵਧੇਰੇ 30 ਰਾਗਾਂ ਵਿੱਚ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਸਾਹਿਬ ਨੇ ਬਾਣੀ ਲਿਖੀ ਹੈ। ਗੁਰੂ ਨਾਨਕ ਸਾਹਿਬ ਨੇ 19 , ਗੁਰੂ ਅਮਰਦਾਸ ਜੀ ਨੇ 17 ਤੇ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰੀ ਹੈ। ਭਗਤ ਕਵੀਆਂ ਵਿਚੋਂ ਕਬੀਰ ਤੇ ਨਾਮਦੇਵ ਨੇ 18 , ਭਗਤ ਰਵਿਦਾਸ ਨੇ 16, ਭਗਤ ਤ੍ਰਿਲੋਚਨ ਤੇ ਭਗਤ ਬੇਣੀ ਨੇ 3, ਭਗਤ ਧੰਨਾ, ਭਗਤ ਜੈਦੇਵ ਤੇ ਬਾਬਾ ਫਰੀਦ ਨੇ 2 ਅਤੇ ਭਗਤ ਭੀਖਣ, ਭਗਤ ਸੈਣ , ਭਗਤ ਪੀਪਾ, ਭਗਤ ਸਧਨਾ ਤੇ ਭਗਤ ਪਰਮਾਨੰਦ ਨੇ ਕੇਵਲ ਇਕ ਹੀ ਰਾਗ ਵਿੱਚ ਬਾਣੀ ਰਚੀ ਹੈ।
ਗੁਰਬਾਣੀ ਸਾਹਿਤ ਦੀ ਵਿਲੱਖਣ ਨੁਹਾਰ ਦਾ ਕਾਰਨ ਰਹੱਸਮਈ ਰੂਹਾਨੀ ਪ੍ਰਗਟਾਵਾ ਅਤੇ ਗੁਰਮਤਿ ਸੰਗੀਤ ਦੇ ਨਾਲ- ਨਾਲ ਸਮੇਂ ਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਭਾਸ਼ਾ ਸਦੀਵੀ ਸਮਝੀ ਜਾਣ ਵਾਲੀ, ਲੋਕ – ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਦੀ ਲਿਪੀ ਚਾਹੇ ਗੁਰਮੁਖੀ ਹੈ, ਪਰ ਇਸ ਵਿੱਚ ਵੱਖ- ਵੱਖ ਭਾਸ਼ਾਵਾਂ ਮਿਲਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮੱਧ -ਕਾਲ ਦੀਆਂ ਅਨੇਕਾਂ ਭਾਸ਼ਾਵਾਂ, ਜਿਵੇਂ ਸਿੰਧੀ, ਦੱਖਣੀ, ਬ੍ਰਿਜ ਭਾਸ਼ਾ, ਅਪਭ੍ਰੰਸ਼, ਪ੍ਰਕਿਰਤ, ਮਰਾਠੀ, ਮੈਥਿਲੀ, ਲਗਾਥਾ, ਭੋਜਪੁਰੀ, ਸਧੁੱਕੜੀ, ਰੇਖਤਾ, ਬਾਂਗੜੂ, ਬਾਗੜੀ, ਫਾਰਸੀ, ਸੰਸਕ੍ਰਿਤੀ, ਹਿੰਦੀ ਤੇ ਪੰਜਾਬੀ ਆਦਿ ਬੋਲੀਆਂ ਦਾ ਮਹਾਨ ਖ਼ਜ਼ਾਨਾ ਹੈ। ਗੁਰਬਾਣੀ ਦਾ ਵੱਡਾ ਹਿੱਸਾ ਪੰਜਾਬ ਵਿੱਚ ਲਿਖਿਆ ਹੋਣ ਕਰਕੇ ਇਸ ਬੋਲੀ ਦਾ ਜੁੱਸਾ, ਮੁਹਾਵਰਾ ਤੇ ਸ਼ੈਲੀ, ਵਿਸ਼ੇਸ਼ ਰੂਪ ਵਿੱਚ ਪੰਜਾਬੀ ਹੈ, ਪਰ ਫਿਰ ਵੀ ਇਹ ਬੋਲੀ ਪੂਰਨ ਤੌਰ ‘ਤੇ ਪੰਜਾਬੀ ਨਹੀਂ। ਡਾ: ਹਰਕੀਰਤ ਸਿੰਘ ਦੇ ਵੀਚਾਰ ਮੁਤਾਬਕ ”ਗੁਰੂ ਗ੍ਰੰਥ ਸਾਹਿਬ ਦੀ ਮੁੱਖ ਭਾਸ਼ਾ ‘ਸਧੁੱਕੜੀ’ ਜਾਂ ‘ਸਾਧ-ਭਾਸ਼ਾ’ ਹੈ, ਜਿਹੜੀ ਅੱਜ ਵੀ ਸਾਧੂਆਂ ਸੰਤਾਂ ਵਿੱਚ ਪ੍ਰਚੱਲਤ ਹੈ।”
ਗੁਰਬਾਣੀ ਮੁੱਖ ਤੌਰ ‘ਤੇ ਲੋਕ- ਬੋਲੀ ਤੇ ਲੋਕ-ਮੁਹਾਵਰੇ ਵਿੱਚ ਹੋਣ ਕਰਕੇ ਲੋਕ – ਸਾਹਿਤ ਦੀ ਸਿਰਮੌਰ ਬਣ ਗਈ ਹੈ। ਮਿਸਾਲ ਵਜੋਂ ਗੁਰਬਾਣੀ ਦੇ ਇਹ ਸ਼ਬਦ ਮੁਹਾਵਰੇ ਅਤੇ ਅਖਾਣ ਬਣ ਚੁੱਕੇ ਹਨ :
(ਓ) ਮਨ ਜੀਤੈ ਜਗੁ ਜੀਤੁ॥
(ਅ) ਮਿਠੁਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ॥
(ੲ) ਰੁਖੀ ਸੁਖੀ ਖਾਇ ਕੈ ਠੰਡਾ ਪਾਣੀ ਪੀਉ॥ ਆਦਿ
ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਭੰਡਾਰ ਵਿੱਚ ਚਿੰਨ੍ਹ , ਪ੍ਰਤੀਕ , ਅਲ਼ੰਕਾਰ, ਰਸ, ਸ਼ਬਦ- ਚਿੱਤਰ, ਬੋਲ- ਚਿਤੱਰ ਤੇ ਭਾਵ -ਚਿੱਤਰ ਅਨੇਕਾਂ ਰਹੱਸਮਈ ਭਾਵਾਂ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ. ਜਿਵੇ ਧਰਤੀ- ਅਕਾਸ਼, ਬਾਰਕੁ- ਮਾਤਾ, ਸਹੁਰਾ- ਪੇਕਾ, ਸੁਹਾਗਣ-ਦੁਹਾਗਣ, ਬੇੜੀ-ਤੁਲਹਾ, ਬੋਹਿਥ- ਸਾਗਰ, ਮੱਛਲੀ, ਕਮਲ, ਭਉਰ, ਮਿਰਗ, ਦੀਵਾ ਆਦਿ ਅਨੇਕਾਂ ਘਰੋਗੀ ਅਤੇ ਕੁਦਰਤੀ ਵਸਤੂਆਂ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ। ਗੁਰਮਤਿ ਕਾਵਿ ਵਿੱਚ ਵਰਤੇ ਗਏ ਪਿੰਗਲ ਦੇ ਪ੍ਰਮੁੱਖ ਛੰਦ ਦੋਹਿਰਾ, ਸੋਰਠਾ, ਦਵੈਯਾ, ਸਵੈਯਾ, ਚੌਪਾਈ, ਝੂਲਨਾ, ਨਿਸ਼ਾਨੀ, ਸਿਰਖੰਡੀ, ਹੰਸਗੀਤ, ਚਿਤਰਕਲਾ, ਛਪੈ, ਸਾਰ, ਸਰਸੀ , ਹਾਕਲ , ਉਗਾਹਾ, ਉਲਾਲਾ, ਰੂਪਮਾਲਾ, ਰਡ, ਅੰਮ੍ਰਿਤ, ਘਟ, ਕਜਲ, ਕਲਸ, ਘਨਾਛੀਰ ਆਦਿ ਦੀ ਮੌਜੂਦਗੀ ਬੇਹੱਦ ਪ੍ਰਭਾਵਸ਼ਾਲੀ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਅਹਿਮੀਅਤ ਛੰਦ- ਘਾੜਤ ਨੂੰ ਨਹੀਂ, ਸਗੋਂ ਭਾਵ- ਪ੍ਰਗਟਾਵੇ ਨੂੰ ਦਿੱਤੀ ਗਈ ਹੈ।
ਬਾਣੀਕਾਰ ਆਵੇਸ਼ ਵਿੱਚ ਉਗਮਦੀ ਸਰੋਧ ਹੂਕ ਦੇ ਧੁਰੋਂ ਉੱਠਣ ‘ਤੇ ਰਚਨਾ ਕਰਦੇ ਹਨ ਅਤੇ ਛੰਦਾ-ਬੰਦੀ ਦੀ ਕੈਦ ਨੂੰ ਨਹੀਂ ਸਵੀਕਾਰਦੇ। ਬਾਣੀਕਾਰ ਜ਼ਿਆਦਾਤਰ ਜਨ- ਸਾਧਾਰਨ ਦੇ ਪ੍ਰਚਲਤ ਛੰਦਾਂ ਨੂੰ ਅਪਨਾ ਕੇ ਲੋਕ- ਕਾਵਿ ਰੂਪਾਂ ਦੋਹੇ, ਛੰਤ, ਘੋੜੀਆਂ, ਲਾਵਾਂ, ਅਲਾਹੁਣੀਆਂ, ਬਾਰਾਮਾਹ, ਗੋਸਟ, ਸਲੋਕ, ਸੋਹਿਲਾ, ਆਰਤੀ, ਬਾਵਨ ਅਖਰੀ, ਕਾਫ਼ੀ, ਮੰਗਲ, ਛਿੰਝ, ਰੁੱਤਾਂ, ਥਿਤਾਂ, ਪਹਿਰ ਦਿਨ ਰੈਣਿ, ਫੁਨਹੇ, ਕਰਹਲੇ, ਗੁਣਵੰਤੀ, ਸੁਚਜੀ, ਕੁਚਜੀ, ਅੰਜਲੀ, ਸਤਵਾਰਾ, ਬਿਸ਼ਨਪਦਾ, ਗੀਤ, ਵਾਰਾਂ ਆਦਿ ਵਿੱਚ ਬਾਣੀ ਰਚਨਾ ਕਰਦੇ ਹਨ।
ਆਦਿ ਗੁਰੂ ਗ੍ਰੰਥ ਸਾਹਿਬ ਦਾ ਮੰਤਵ ਸਰਬ- ਸ੍ਰੇਸ਼ਟ, ਰੂਹਾਨੀ ਫਲਸਫਾ ਉਤਮ ਕਾਵਿ ਕਲਾ ਰਾਹੀ ਪੇਸ਼ ਕਰਦੇ ਹੋਏ, ਸਦੀਵੀ ਆਨੰਦ ਪੈਦਾ ਕਰਨਾ ਹੈ। ਗੁਰਬਾਣੀ ਵਿੱਚ ਵਿਸ਼ੇ ਤੇ ਰੂਪ ਦਾ, ਅਕਾਰ ਤੇ ਪ੍ਰਕਾਰ ਦਾ, ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਭਗਤੀ ਤੇ ਸ਼ਕਤੀ ਦਾ, ਧਰਮ ਤੇ ਕਰਮ ਦਾ, ਗਿਆਨ ਤੇ ਸ਼ਰਮ ਦਾ, ਗ੍ਰਹਿਸਤ ਤੇ ਉਦਾਸ ਦਾ, ਆਸਾ ਤੇ ਨਿਰਾਸ਼ਾ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ, ਆਦਰ ਤੇ ਯਥਾਰਥ ਦਾ, ਮਨੁੱਖ ਤੇ ਪ੍ਰਕ੍ਰਿਤੀ ਦਾ, ਧਰਮ ਤੇ ਰਾਜਨੀਤੀ ਦਾ ਮਹਾਨ ਸੰਜੋਗ ਹੈ, ਜਿਸ ਦੀ ਅਜਿਹੀ ਮਿਸਾਲ ਵਿਸ਼ਵ ਸਾਹਿਤ ਤੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਸਰਬੱਤ ਦੀ ਚੜ੍ਹਦੀ ਕਲਾ ਦਾ ਪ੍ਰੇਕ ਆਦਿ ਗੁਰੂ ਗ੍ਰੰਥ ਸਾਹਿਬ ਸਰਬ ਸਾਂਝੇ ਅਧਿਆਮਤਿਕ ਗਿਆਨ ਦਾ ਸਦੀਵੀ ਸੱਚ ਹੈ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ (ਪੰਨਾ ੫੨੨)
Check Also
‘ਨਵਾਂ ਭਾਰਤ’ ਅਤੇ ਮਜ਼ਦੂਰ ਜਮਾਤ
ਡਾ. ਕੇਸਰ ਸਿੰਘ ਭੰਗੂ ਪਹਿਲੀ ਮਈ ਨੂੰ ਦੁਨੀਆ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। …