Breaking News
Home / Uncategorized / ਜੇਲ੍ਹ ਤੋਂ ਬਾਹਰ ਆਉਣ ਦੀ ਅਰਜੀ ਡੇਰਾ ਮੁਖੀ ਨੇ ਆਪੇ ਲਈ ਵਾਪਸ

ਜੇਲ੍ਹ ਤੋਂ ਬਾਹਰ ਆਉਣ ਦੀ ਅਰਜੀ ਡੇਰਾ ਮੁਖੀ ਨੇ ਆਪੇ ਲਈ ਵਾਪਸ

ਖੇਤੀਬਾੜੀ ਸੰਭਾਲਣ ਲਈ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਮੰਗੀ ਸੀ ਪੈਰੋਲ

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਰੋਹਤਕ ਦੀ ਸੋਨਾਰੀਆ ਵਿਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਵੀ ਡਰ ਲੱਗਣ ਲੱਗ ਪਿਆ ਹੈ ਅਤੇ ਉਸਨੇ ਆਪਣੀ ਖੇਤੀਬਾੜੀ ਸੰਭਾਲਣ ਵਾਲੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ ਹੈ। ਡੇਰਾ ਮੁਖੀ ਵਲੋਂ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੀ ਪੁਸ਼ਟੀ ਸਿਰਸਾ ਦੇ ਐਸਪੀ ਅਰੁਣ ਸਿੰਘ ਨੇ ਕੀਤੀ ਹੈ। ਹਾਲਾਂਕਿ ਪੈਰੋਲ ਦੀ ਅਰਜ਼ੀ ਵਾਪਸ ਲੈਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਵੀ ਡਰ ਲੱਗ ਰਿਹਾ ਹੈ। ਕਿਉਂਕਿ ਜੇਲ੍ਹ ਤੋਂ ਬਾਹਰ ਆਉਣਾ ਵੀ ਉਸ ਲਈ ਸੁਰੱਖਿਅਤ ਨਹੀਂ ਹੈ। ਚਾਰੇ ਪਾਸਿਆਂ ਤੋਂ ਡੇਰਾ ਮੁਖੀ ਦੇ ਹੋ ਰਹੇ ਵਿਰੋਧ ਤੋਂ ਬਾਅਦ ਉਸ ਨੂੰ ਪੈਰੋਲ ਦੀ ਅਰਜ਼ੀ ਵਾਪਸ ਲੈਣੀ ਪਈ।

ਜ਼ਿਕਰਯੋਗ ਹੈ ਕਿ ਜਦੋਂ ਡੇਰਾ ਮੁਖੀ ਨੇ ਪੈਰੋਲ ਮੰਗੀ ਸੀ ਤਾਂ ਉਸ ਤੋਂ ਬਾਅਦ ਪੰਜਾਬ ਵਿਚ ਮਾਹੌਲ ਫਿਰ ਤੋਂ ਗਰਮਾਹਟ ਵਾਲਾ ਹੋ ਗਿਆ ਸੀ ਅਤੇ ਰਾਜਨੀਤੀ ਵੀ ਗਰਮਾ ਗਈ ਸੀ। ਛੱਤਰਪਤੀ ਦੇ ਪਰਿਵਾਰ ਸਮੇਤ ਹੋਰ ਸਮਾਜਿਕ ਸੰਗਠਨਾਂ ਅਤੇ ਕਈ ਵਕੀਲਾਂ ਤੱਕ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਵਿਰੋਧ ਕੀਤਾ ਸੀ। ਰਾਮ ਰਹੀਮ ਨੇ 18 ਜੂਨ ਨੂੰ ਖੇਤੀਬਾੜੀ ਦੇ ਕੰਮਾਂ ਲਈ ਪੈਰੋਲ ਮੰਗੀ ਸੀ, ਜਦਕਿ ਰਾਮ ਰਹੀਮ ਦੇ ਨਾਮ ਕੋਈ ਜਾਇਦਾਦ ਹੀ ਨਹੀਂ ਹੈ। ਰਾਮ ਰਹੀਮ ਕੋਲੋਂ ਖੇਤੀਯੋਗ ਜ਼ਮੀਨ ਸਬੰਧੀ ਵੇਰਵਾ ਵੀ ਮੰਗਿਆ ਗਿਆ ਸੀ।

ਪੈਰੋਲ ਦੇ ਵਿਰੋਧ ‘ਚ ਉਠੀਆਂ ਸਨ ਅਵਾਜ਼ਾਂ

ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੀ ਚਰਚਾ ਛਿੜਨ ਤੋਂ ਬਾਅਦ ਜਿੱਥੇ ਹਰਿਆਣਾ ਦੇ ਸਿੱਖ ਭਾਈਚਾਰੇ ਨੇ ਤੇ ਕੁੱਝ ਹੋਰ ਸੰਸਥਾਵਾਂ ਨੇ ਵਿਰੋਧ ਪ੍ਰਗਟਾਇਆ, ਉਥੇ ਹੀ ਪੰਜਾਬ ਵਿਚ ਵੀ ਡੇਰਾ ਮੁਖੀ ਖਿਲਾਫ਼ ਇਕ ਵਾਰ ਫਿਰ ਅਵਾਜ਼ਾਂ ਉਠਣ ਲੱਗੀਆਂ ਸਨ। ਅਕਾਲੀ ਦਲ ਲਈ ਵੀ ਦੁਬਿਧਾ ਵਾਲੀ ਸਥਿਤੀ ਪੈਦਾ ਹੋ ਰਹੀ ਸੀ। ਇਕ ਪਾਸੇ ਜਿੱਥੇ ਸਿੱਖ ਸੰਗਤ ਵਿਰੋਧ ‘ਚ ਸਾਹਮਣੇ ਆ ਰਹੀ ਸੀ, ਉਥੇ ਹੀ ਛਤਰਪਤੀ ਪਰਿਵਾਰ ਵੀ ਇਸ ਪੈਰੋਲ ਦੇ ਵਿਰੋਧ ‘ਚ ਆ ਡਟਿਆ।  ਗੁਰਮੀਤ ਰਾਮ ਰਹੀਮ ਨੂੰ ਪੈਰੋਲ ਨਾ ਦੇਣ ਦੇ ਮਾਮਲੇ ਵਿਚ ਪੱਤਰਕਾਰ ਛੱਤਰਪਤੀ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਹੋਰ ਵਿਅਕਤੀਆਂ ਨੇ ਐਡਵੋਕੇਟ ਰਣਜੀਤ ਭਾਂਬੂ ਦੀ ਅਗਵਾਈ ਵਿਚ ਡੀਸੀ ਨੂੰ ਮੰਗ ਪੱਤਰ ਦਿੱਤਾ ਸੀ। ਐਡਵੋਕੇਟ ਨੇ ਕਿਹਾ ਕਿ ਡੇਰਾ ਮੁਖੀ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਰਾਮ ਰਹੀਮ ਦੀ ਗ੍ਰਿਫਤਾਰੀ ਦੇ ਸਮੇਂ ਸਿਰਸਾ ਦਾ ਆਰਥਿਕ ਨੁਕਸਾਨ ਹੋਇਆ ਸੀ। ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਛੱਤਰਪਤੀ ਦੇ ਭਤੀਜੇ ਰੂਪ ਕੁਮਾਰ ਨੇ ਕਿਹਾ ਕਿ ਜੇਕਰ ਡੇਰਾ ਮੁਖੀ ਨੂੰ ਪੈਰੋਲ ਮਿਲਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਨ ਦਾ ਖਤਰਾ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਕ ਵਾਰ ਡੇਰਾਮੁਖੀ ਬਾਹਰ ਆ ਗਿਆ ਤਾਂ ਉਹ ਵਾਪਸ ਜੇਲ੍ਹ ਨਹੀਂ ਜਾਵੇਗਾ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …