Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਚੋਣਾਂ 2019

ਫੈਡਰਲ ਚੋਣਾਂ 2019

ਚੋਣ ਸਰਵਿਆਂ ਦੇ ਦਾਅਵੇ
ਵੋਟ ਪ੍ਰਤੀਸ਼ਤ ਵੱਧ ਕੰਸਰਵੇਟਿਵ ਨੂੰ ਸੀਟਾਂ ਵੱਧ ਲਿਬਰਲ ਜਿੱਤੇਗੀ!
ਤਾਜ਼ਾ ਸਰਵੇ ਵਿਚ 32 ਫੀਸਦੀ ਕੈਨੇਡੀਅਨ ਲੋਕਾਂ ਦੇ ਪਸੰਦੀਦਾ ਪ੍ਰਧਾਨ ਮੰਤਰੀ ਐਂਡ੍ਰਿਊ ਸ਼ੀਅਰ ਤੇ 30 ਫੀਸਦੀ ਦੀ ਪਸੰਦ ਜਸਟਿਨ ਟਰੂਡੋ
ਟੋਰਾਂਟੋ/ਬਿਊਰੋ ਨਿਊਜ਼ : ਵੱਖੋ-ਵੱਖ ਚੋਣ ਸਰਵਿਆਂ ‘ਤੇ ਜੇ ਸਾਂਝੀ ਨਜ਼ਰਸਾਨੀ ਕੀਤੀ ਜਾਵੇ ਤਾਂ ਲਿਬਰਲ ਅਤੇ ਕੰਸਰਵੇਟਿਵ ਵਿਚ ਬੜੀ ਸਖਤ ਟੱਕਰ ਦਿਖਾਈ ਦੇ ਰਹੀ ਹੈ। ਇਹ ਸਖਤ ਟੱਕਰ ਇਹ ਵੀ ਸੰਭਾਵਨਾ ਪੈਦਾ ਕਰ ਰਹੀ ਹੈ ਕਿ ਸ਼ਾਇਦ ਦੋਵਾਂ ਵਿਚੋਂ ਇਕ ਸਪੱਸ਼ਟ ਬਹੁਮਤ ਹਾਸਲ ਵੀ ਨਾ ਕਰ ਸਕੇ। ਪਹਿਲੇ ਅਤੇ ਦੂਜੇ ਨੰਬਰ ਦੀ ਲੜਾਈ ਜਿੱਥੇ ਲਿਬਰਲ ਅਤੇ ਕੰਸਰਵੇਟਿਵ ਵਿਚਾਲੇ ਦਿਖ ਰਹੀ ਹੈ, ਉਥੇ ਹੀ ਤੀਜੇ ਅਤੇ ਚੌਥੇ ਨੰਬਰ ਲਈ ਚੋਣ ਪਿੜ ਵਿਚ ਐਨਡੀਪੀ ਅਤੇ ਗਰੀਨ ਪਾਰਟੀ ਭਿੜਦੀ ਦਿਖ ਰਹੀ ਹੈ। ਵੱਖੋ-ਵੱਖ ਚੋਣ ਸਰਵਿਆਂ ਦੇ ਦਾਅਵੇ ਅਨੁਸਾਰ ਵੋਟ ਪ੍ਰਤੀਸ਼ਤ ਵਿਚ ਕੰਸਰਵੇਟਿਵ ਪਾਰਟੀ ਦਾ ਹੱਥ ਲਿਬਰਲ ਤੋਂ ਥੋੜ੍ਹਾ ਉਪਰ ਹੈ। ਜਦੋਂਕਿ ਇਕ ਸਰਵੇ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਬੇਸ਼ਕ ਵੋਟ ਪ੍ਰਤੀਸ਼ਤ ਦੇ ਮਾਮਲੇ ਵਿਚ ਕੰਸਰਵੇਟਿਵ ਬਾਜ਼ੀ ਮਾਰਦੀ ਦਿਖ ਰਹੀ ਹੈ ਪਰ ਸੀਟਾਂ ਦੇ ਮਾਮਲੇ ਵਿਚ ਲਿਬਰਲ ਮੋਹਰੀ ਪਾਰਟੀ ਬਣ ਕੇ ਸਾਹਮਣੇ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਸੀਬੀਸੀ ਵੱਲੋਂ ਹਾਲ ਹੀ ਦੇ ਸਰਵੇ ਅਨੁਸਾਰ ਲਿਬਰਲ ਨੂੰ 33.8 ਫੀਸਦੀ ਵੋਟਾਂ ਮਿਲਣ ਦੀ ਆਸ ਹੈ ਜਦੋਂਕਿ ਇਸ ਤੋਂ ਥੋੜ੍ਹੀ ਜਿਹੀ ਜ਼ਿਆਦਾ ਭਾਵ 34 ਕੁ ਫੀਸਦੀ ਵੋਟਾਂ ਕੰਸਰਵੇਟਿਵ ਨੂੰ ਮਿਲ ਸਕਦੀਆਂ ਹਨ। ਪਰ ਇਹੋ ਸਰਵੇ ਆਖ ਰਿਹਾ ਹੈ ਕਿ ਓਨਟਾਰੀਓ ਤੇ ਕਿਊਬਿਕ ਸੂਬਿਆਂ ਵਿਚ ਲਿਬਰਲ ਪਾਰਟੀ ਜ਼ਿਆਦਾ ਮਜ਼ਬੂਤ ਹੈ, ਜਿਸ ਦੇ ਸਦਕਾ ਸੀਟਾਂ ਦੀ ਗਿਣਤੀ ਵਿਚ ਲਿਬਰਲ ਕੰਸਰਵੇਟਿਵ ਨੂੰ ਪਛਾੜ ਸਕਦੀ ਹੈ। ਉਕਤ ਸਰਵੇ ਦੀ ਮੰਨੀਏ ਤਾਂ ਲਿਬਰਲ 167 ਤੱਕ ਅੱਪੜ ਜਾਵੇਗੀ ਤੇ ਕੰਸਰਵੇਟਿਵ ਵੱਧ ਵੋਟ ਪ੍ਰਤੀਸ਼ਤ ਲੈ ਕੇ ਵੀ ਸੀਟਾਂ ਦੇ ਮਾਮਲੇ ਵਿਚ ਪਛੜਦਿਆਂ 139 ਤੱਕ ਹੀ ਪਹੁੰਚ ਪਾਵੇਗਾ। ਦੂਜੇ ਪਾਸੇ ਨੈਨੋਜ਼ ਰਿਸਰਚ ਦੇ ਦਾਅਵੇ ਮੁਤਾਬਕ ਕੰਸਰਵੇਟਿਵ ਨੂੰ 37.2 ਫੀਸਦੀ ਅਤੇ ਲਿਬਰਲ ਨੂੰ 35.5 ਫੀਸਦੀ ਵੋਟਾਂ ਹਾਸਲ ਹੋਣਗੀਆਂ ਜਦੋਂਕਿ 13.6 ਫੀਸਦੀ ਵੋਟਾਂ ਲੈ ਕੇ ਐਨਡੀਪੀ ਤੀਜੇ ਨੰਬਰ ‘ਤੇ ਅਤੇ 7 ਫੀਸਦੀ ਵੋਟਾਂ ਨਾਲ ਗ੍ਰੀਨ ਪਾਰਟੀ ਚੌਥੇ ਸਥਾਨ ‘ਤੇ ਤੇ ਇਸ ਤੋਂ ਬਾਅਦ 4 ਫੀਸਦੀ ਵੋਟਾਂ ਨਾਲ ਕਿਊਬਿਕ ਪੰਜਵੇਂ ‘ਤੇ ਤੇ ਇਸ ਤੋਂ ਬਾਅਦ ਪੀਪਲਜ਼ ਪਾਰਟੀ ਆਫ਼ ਕੈਨੇਡਾ 1.7 ਫੀਸਦੀ ਵੋਟਾਂ ਲੈ ਕੇ ਫਸੱਡੀ ਰਹਿ ਜਾਵੇਗੀ। ਇੰਝ ਸਾਫ਼ ਹੈ ਕਿ ਚੋਣ ਮੁਕਾਬਲਾ ਲਿਬਰਲ ਤੇ ਕੰਸਰਵੇਟਿਵ ਵਿਚਾਲੇ ਰਹਿਣ ਦੀ ਉਮੀਦ ਹੈ।
ਕਿਸੇ ਦੀ ਪਸੰਦ ਐਂਡ੍ਰਿਊ ਸ਼ੀਅਰ ਤੇ ਕਿਸੇ ਦੀ ਪਸੰਦ ਬਣੇ ਟਰੂਡੋ
ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਮੂਹਰੇ ਚੱਲ ਰਹੇ ਐਂਡ੍ਰਿਊ ਸ਼ੀਅਰ ਅਤੇ ਜਸਟਿਨ ਟਰੂਡੋ ਵਿਚੋਂ ਨੈਨੋਜ਼ ਰਿਸਰਚ ਮੁਤਾਬਕ ਵੀ ਐਂਡ੍ਰਿਊ ਸ਼ੀਅਰ ਦੀ ਹਰਮਨ ਪਿਆਰਤਾ ਜਸਟਿਨ ਟਰੂਡੋ ‘ਤੇ ਭਾਰੀ ਪੈ ਰਹੇ ਹੈ। ਇੰਝ ਹੀ ਸੀਬੀਸੀ ਦਾ ਵੀ ਦਾਅਵਾ ਹੈ ਕਿ 32 ਫੀਸਦੀ ਲੋਕਾਂ ਦੀ ਪ੍ਰਧਾਨ ਮੰਤਰੀ ਵਜੋਂ ਪਸੰਦ ਐਂਡ੍ਰਿਊ ਸ਼ੀਅਰ ਹਨ ਤੇ 30 ਫੀਸਦੀ ਲੋਕ ਜਸਟਿਨ ਟਰੂਡੋ ਵਿਚ ਆਪਣਾ ਪ੍ਰਧਾਨ ਮੰਤਰੀ ਵੇਖ ਰਹੇ ਹਨ। ਕੁੱਲ ਮਿਲਾ ਕੇ ਵੋਟ ਫੀਸਦੀ ਅਤੇ ਪ੍ਰਧਾਨ ਮੰਤਰੀ ਦੀ ਪਸੰਦ ਵਜੋਂ ਕੰਸਰਵੇਟਿਵ ਮੂਹਰੇ ਹੈ ਜਦੋਂਕਿ ਸੀਟਾਂ ਦੀ ਗਿਣਤੀ ਦੇ ਹਿਸਾਬ ਨਾਲ ਲਿਬਰਲ ਮੂਹਰੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …