28.1 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਵਿਦੇਸ਼ੀਆਂ ਵੱਲੋਂ ਕੈਨੇਡਾ ਵਿਚ ਘਰ ਖਰੀਦਣ 'ਤੇ 2 ਸਾਲ ਦੀ ਪਾਬੰਦੀ

ਵਿਦੇਸ਼ੀਆਂ ਵੱਲੋਂ ਕੈਨੇਡਾ ਵਿਚ ਘਰ ਖਰੀਦਣ ‘ਤੇ 2 ਸਾਲ ਦੀ ਪਾਬੰਦੀ

ਓਟਵਾ/ਬਿਊਰੋ ਨਿਊਜ਼ : ਟਰੂਡੋ ਸਰਕਾਰ ਨੇ ਵੀਰਵਾਰ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਬਜਟ ਵਿਚ ਇਹ ਤਜਵੀਜ਼ ਰੱਖੀ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ਵਿਚ ਘਰ ਖਰੀਦਣ ਵਾਲੇ ਲੋਕਾਂ ‘ਤੇ 2 ਸਾਲ ਦੀ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਘਰ ਦੀ ਡਾਊਨ ਪੇਮੈਂਟ ਦੇਣ ਲਈ 40 ਹਜ਼ਾਰ ਡਾਲਰ ਤੱਕ ਦਾ ਟੈਕਸ ਫਰੀ ਅਕਾਊਂਟ ਸਥਾਪਤ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਲਿਬਰਲਾਂ ਵੱਲੋਂ ਅਗਲੇ ਦੋ ਸਾਲਾਂ ਲਈ ਵਿਦੇਸ਼ੀ ਲੋਕਾਂ ਦੇ ਕੈਨੇਡਾ ਵਿੱਚ ਰਿਹਾਇਸ਼ੀ ਸੰਪਤੀ ਖਰੀਦਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਪ੍ਰਾਪਰਟੀ ਵਿੱਚ ਕੌਂਡੋਜ਼, ਅਪਾਰਟਮੈਂਟਸ ਤੇ ਸਿੰਗਲ ਰੈਜੀਡੈਂਸ਼ੀਅਲ ਯੂਨਿਟਸ ਸ਼ਾਮਲ ਹੋਣਗੀਆਂ। ਪਰਮਾਨੈਂਟ ਰੈਜੀਡੈਂਟਸ, ਵਿਦੇਸ਼ੀ ਵਰਕਰਜ਼ ਤੇ ਵਿਦਿਆਰਥੀਆਂ ਦੇ ਨਾਲ ਨਾਲ ਕੈਨੇਡਾ ਵਿੱਚ ਆਪਣੀ ਮੁੱਢਲੀ ਰਿਹਾਇਸ਼ ਖਰੀਦਣ ਵਾਲੇ ਵਿਦੇਸ਼ੀਆਂ ਨੂੰ ਇਨ੍ਹਾਂ ਮਾਪਦੰਡਾਂ ਤੋਂ ਪਾਸੇ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2021 ਦੀ ਫੈਡਰਲ ਚੋਣ ਕੈਂਪੇਨ ਵਿੱਚ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਵਿਦੇਸ਼ੀ ਲੋਕਾਂ ਦੇ ਕੈਨੇਡਾ ਵਿੱਚ ਘਰ ਖਰੀਦਣ ਉੱਤੇ ਦੋ ਸਾਲ ਦੀ ਪਾਬੰਦੀ ਲਾਉਣਗੇ। ਇਹ ਉਹ ਲੋਕ ਹਨ ਜਿਹੜੇ ਬਾਹਰੋਂ ਆ ਕੇ ਕੈਨੇਡਾ ਵਿੱਚ ਘਰ ਤਾਂ ਖਰੀਦ ਲੈਂਦੇ ਹਨ ਪਰ ਉਨ੍ਹਾਂ ਘਰਾਂ ਵਿੱਚ ਰਹਿਣ ਲਈ ਕਦੇ ਨਹੀਂ ਆਉਂਦੇ ਤੇ ਉਨ੍ਹਾਂ ਦੇ ਘਰ ਖਾਲੀ ਪਏ ਰਹਿੰਦੇ ਹਨ ਤੇ ਇਸ ਤਰ੍ਹਾਂ ਹੋਰ ਲੋਕ ਉਹ ਘਰ ਨਹੀਂ ਖਰੀਦ ਪਾਉਂਦੇ। ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਅਪਣਾਏ ਗਏ ਹੋਰ ਮਾਪਦੰਡਾਂ ਵਿੱਚ ਰਿਹਾਇਸ਼ੀ ਪ੍ਰਾਪਰਟੀਜ ਦੀ ਤੇਜ਼ੀ ਨਾਲ ਉਸਾਰੀ ਦਾ ਰਾਹ ਪੱਧਰਾ ਕਰਨ ਵਾਸਤੇ ਮਿਊਂਸਪੈਲਿਟੀਜ਼ ਦੀ ਮਦਦ ਲਈ 4 ਬਿਲੀਅਨ ਡਾਲਰ ਰਾਖਵੇਂ ਰੱਖੇ ਜਾਣਗੇ ਜਿਸ ਨਾਲ ਉਹ ਆਪਣੇ ਜੋਨਿੰਗ ਤੇ ਪਰਮਿਟ ਸਿਸਟਮਜ ਨੂੰ ਅਪਡੇਟ ਕਰ ਸਕਣ। ਇਸ ਤੋਂ ਇਲਾਵਾ ਲੋਨਜ ਤੇ ਕੋ-ਆਪ ਹਾਊਸਿੰਗ ਲਈ 1.5 ਬਿਲੀਅਨ ਡਾਲਰ ਤੇ ਕਿਫਾਇਤੀ ਘਰਾਂ ਦੀ ਉਸਾਰੀ ਲਈ 1 ਬਿਲੀਅਨ ਡਾਲਰ ਰਾਖਵੇਂ ਰੱਖੇ ਜਾਣਗੇ। ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਵੀਰਵਾਰ ਨੂੰ ਦੁਪਹਿਰੇ 4:00 ਵਜੇ ਬਜਟ ਪੇਸ਼ ਕੀਤਾ ਗਿਆ।

RELATED ARTICLES
POPULAR POSTS