ਓਟਵਾ/ਬਿਊਰੋ ਨਿਊਜ਼ : ਗਾਜ਼ਾ ਸਿਹਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖਬਰ ਦਿਲ ਦਹਿਲਾ ਦੇਣੇ ਵਾਲੀ ਤੇ ਅਸਵੀਕਾਰਯੋਗ ਹੈ।
ਪ੍ਰਸ਼ਨ ਕਾਲ ਵਿੱਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਇਸ ਤੇ ਹਰੇਕ ਮਾਮਲੇ ਵਿੱਚ ਕੌਮਾਂਤਰੀ ਮਨੁੱਖਤਾਵਾਦੀ ਤੇ ਕੌਮਾਂਤਰੀ ਕਾਨੂੰਨ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਜੰਗ ਲੜਨ ਦਾ ਵੀ ਸਲੀਕਾ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣਾ ਗੈਰਕਾਨੂੰਨੀ ਹੈ। ਇਸ ਦੌਰਾਨ ਇਜ਼ਰਾਈਲੀ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾ ਨੂੰ ਵੱਖ ਵੱਖ ਖੁਫੀਆ ਸਰੋਤਾਂ ਤੋਂ ਪਤਾ ਲੱਗਿਆ ਹੈ ਕਿ ਇਸਲਾਮਿਕ ਜੇਹਾਦ ਇਸ ਲਈ ਜ਼ਿੰਮੇਵਾਰ ਹੈ ਕਿਉਂਕਿ ਅਸਫਲ ਰਾਕੇਟ ਲਾਂਚ ਤੋਂ ਬਾਅਦ ਰਾਕੇਟ ਸਿੱਧਾ ਗਾਜ਼ਾ ਦੇ ਹਸਪਤਾਲ ਉੱਤੇ ਜਾ ਡਿੱਗਿਆ। ਪਰ ਰਾਈਟਰਜ਼ ਵੱਲੋਂ ਇਸਲਾਮਿਕ ਜੇਹਾਦ ਦੇ ਹਵਾਲੇ ਨਾਲ ਆਖਿਆ ਗਿਆ ਕਿ ਆਈਡੀਐਫ ਦੇ ਇਹ ਦਾਅਵੇ ਝੂਠੇ ਹਨ ਤੇ ਸਾਰੀ ਗੱਲ ਮਨਘੜਤ ਹੈ।
ਇਸ ਦੌਰਾਨ ਗਲੋਬਲ ਅਫੇਅਰਜ਼ ਕੈਨੇਡਾ (ਜੀਏਸੀ) ਦੀ ਅਸਿਸਟੈਂਟ ਡਿਪਟੀ ਮਨਿਸਟਰ ਫੌਰ ਕਾਊਂਸਲਰ, ਸਕਿਊਰਿਟੀ ਐਂਡ ਐਮਰਜੰਸੀ ਮੈਨੇਜਮੈਂਟ ਜੂਲੀ ਸੰਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਗਾਜ਼ਾ ਪੱਟੀ ਤੋਂ ਕੈਨੇਡੀਅਨਜ਼ ਨੂੰ ਬਾਹਰ ਕੱਢਣ ਲਈ ਕੰਮ ਕੀਤਾ ਜਾ ਰਿਹਾ ਹੈ।
ਜੰਗ ਦੇ ਵੀ ਕੁੱਝ ਨਿਯਮ ਹੁੰਦੇ ਹਨ : ਟਰੂਡੋ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਤੁਰੰਤ ਛੱਡਣ ਲਈ ਆਖਿਆ ਹੈ। ਇਸ ਦੇ ਨਾਲ ਹੀ ਗਾਜ਼ਾ ਵਿੱਚ ਮਨੁੱਖਤਾਵਾਦੀ ਮਦਦ ਪਹੁੰਚਾਉਣ ਲਈ ਰਾਹ ਦੇਣ ਦੀ ਮੰਗ ਵੀ ਕੀਤੀ ਗਈ ਹੈ। ਇਸ ਰੀਜਨ ਵਿੱਚ ਜੰਗ ਆਪਣੇ ਦਸਵੇਂ ਦਿਨ ਵਿੱਚ ਦਾਖਲ ਹੋ ਗਈ ਹੈ।
ਮੱਧ ਪੂਰਬ ਦੇ ਮੌਜੂਦਾ ਹਾਲਾਤ ਬਾਰੇ ਹਾਊਸ ਆਫ ਕਾਮਨਜ਼ ਵਿੱਚ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਟਰੂਡੋ ਨੇ ਆਖਿਆ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਸੱਭ ਵਾਪਰ ਰਿਹਾ ਹੈ। ਟਰੂਡੋ ਨੇ ਆਖਿਆ ਕਿ ਇਜ਼ਰਾਈਲ ਤੇ ਵੈਸਟ ਬੈਂਕ ਤੋਂ ਲੋਕਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ ਪਰ ਗਾਜ਼ਾ ਵਿੱਚ ਮਨੁੱਖਤਾਵਾਦੀ ਲਾਂਘਾ ਖੋਲ੍ਹਣ ਵਿੱਚ ਕਈ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇੱਥੇ ਇਜ਼ਰਾਈਲ ਵੱਲੋਂ ਫੂਡ, ਪਾਣੀ ਤੇ ਬਿਜਲੀ ਸਪਲਾਈ ਕੱਟ ਦਿੱਤੀ ਗਈ ਹੈ। ਖੁਦ ਦੀ ਰਾਖੀ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦਾ ਕੈਨੇਡਾ ਪੂਰਾ ਸਮਰਥਨ ਕਰਦਾ ਹੈ ਪਰ ਮਨੁੱਖਤਾਵਾਦੀ ਮਦਦ ਮੁਹੱਈਆ ਕਰਵਾਉਣ ਲਈ ਰਾਹ ਨੂੰ ਬਰਕਰਾਰ ਰੱਖਣ ਦੀ ਵੀ ਹਮਾਇਤ ਕਰਦਾ ਹੈ। ਟਰੂਡੋ ਨੇ ਆਖਿਆ ਕਿ ਜੰਗ ਦੇ ਵੀ ਕੋਈ ਨਿਯਮ ਹੁੰਦੇ ਹਨ ਤੇ ਉਨ੍ਹਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। 7 ਅਕਤੂਬਰ ਨੂੰ ਹਮਾਸ ਵੱਲੋ ਇਜ਼ਰਾਈਲ ਉੱਤੇ ਹਮਲਾ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਉੱਤੇ ਟਰੂਡੋ ਨੇ ਇਹ ਬਿਆਨ ਦਿੱਤਾ। ਹੁਣ ਤੱਕ ਇਸ ਜੰਗ ਕਾਰਨ 4,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …