Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨਾਂ ਨੂੰ ਸਸਤਾ ਹਵਾਈ ਸਫ਼ਰ ਕਰਵਾਉਣ ਲਈ ਤਿਆਰ ਕੈਨੇਡਾ ਜੈਟਲਾਈਨ

ਕੈਨੇਡੀਅਨਾਂ ਨੂੰ ਸਸਤਾ ਹਵਾਈ ਸਫ਼ਰ ਕਰਵਾਉਣ ਲਈ ਤਿਆਰ ਕੈਨੇਡਾ ਜੈਟਲਾਈਨ

ਓਨਟਾਰੀਓ/ਬਿਊਰੋ ਨਿਊਜ਼
ਕੈਨੇਡਾ ਜੈੱਟਲਾਈਨਜ਼ ਏਅਰਲਾਈਨ ਨੇ ਆਪਣਾ ਕਿਰਾਇਆ ਭਾੜਾ ਹੱਦੋਂ ਵੱਧ ਘਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਇਹ ਐਲਾਨ ਕੀਤਾ ਹੈ ਕਿ ਇੱਕ ਘੰਟੇ ਦੇ ਫਰਕ ਨਾਲ ਉਸ ਦੀਆਂ ਦੋ ਉਡਾਨਾਂ ਟੋਰਾਂਟੋ ਤੋਂ ਇੱਕ ਘੰਟੇ ਦੀ ਦੂਰੀ ਤੋਂ ਅਗਲੀਆਂ ਗਰਮੀਆਂ ਤੋਂ ਸ਼ੁਰੂ ਹੋਣਗੀਆਂ। ਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਸਟੈਨ ਗੈਡੇਕ ਨੇ ਆਖਿਆ ਕਿ ਏਅਰਲਾਈਨ ਨੇ ਹੈਮਿਲਟਨ, ਓਨਟਾਰੀਓ ਦੇ ਜੌਹਨ ਸੀ. ਮੁਨਰੋ ਇੰਟਰਨੈਸ਼ਨਲ ਏਅਰਪੋਰਟ ਨਾਲ ਇੱਕ ਡੀਲ ਕੀਤੀ ਹੈ ਤੇ ਉਹ ਇਹੋ ਜਿਹੀ ਹੀ ਇੱਕ ਹੋਰ ਡੀਲ ਬਾਰੇ ਰੀਜਨ ਆਫ ਵਾਟਰਲੂ ਇੰਟਰਨੈਸ਼ਨਲ ਏਅਰਪੋਰਟ ਨਾਲ ਵੀ ਗੱਲਬਾਤ ਕਰ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡਾ ਭਰ ਵਿੱਚ ਉਡਾਨਾਂ ਦੀ ਪੇਸ਼ਕਸ਼ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਉਹ ਅਮਰੀਕਾ, ਮੈਕਸੀਕੋ ਤੇ ਕੈਰੇਬੀਅਨ ਲਈ ਵੀ ਨਾਨ ਸਟਾਪ ਉਡਾਨਾਂ ਸ਼ੁਰੂ ਕਰਨ ਦੀ ਯੋਜਨਾ ਰੱਖਦੇ ਹਨ।
ਗੈਡੇਕ ਨੇ ਆਖਿਆ ਕਿ ਸਾਡੇ ਗਾਹਕ ਉਹ ਲੋਕ ਹਨ ਜਿਹੜੇ ਪੈਸੇ ਬਚਾਉਣੇ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਲੋਕ ਉਨ੍ਹਾਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਦਾ ਕਿਰਾਇਆ ਕਿਸ ਹੱਦ ਤੱਕ ਘੱਟ ਹੋ ਸਕਦਾ ਹੈ? ਉਨ੍ਹਾਂ ਆਖਿਆ ਕਿ ਉਹ ਇਸ ਦੇ ਜਵਾਬ ਵਿੱਚ ਆਖਦੇ ਹਨ ਕਿ ਇਹ ਇੱਕ ਜੋੜੀ ਜੀਨਜ਼ ਜਿੰਨਾ ਹੀ ਹੋਵੇਗਾ। ਕੈਨੇਡਾ ਜੈੱਟਲਾਈਨਜ਼ ਵੱਲੋਂ ਅਜੇ ਕਿਰਾਏ ਸਬੰਧੀ ਤਫਸੀਲ ਨਾਲ ਜਾਣਕਾਰੀ ਦਿੱਤੀ ਜਾਣੀ ਬਾਕੀ ਹੈ।
ਅਜਿਹਾ ਕਰਕੇ ਕੰਪਨੀ ਸਿੱਧਿਆਂ ਵੈਸਟਜੈੱਟ ਏਅਰਲਾਈਨਜ਼ ਨੂੰ ਚੁਣੌਤੀ ਦੇਵੇਗੀ। ਕੈਲਗਰੀ ਸਥਿਤ ਇਸ ਏਅਰਲਾਈਨਜ਼ ਨੇ ਇਸ ਸਾਲ ਦੇ ਅੰਤ ਤੱਕ ਸਸਤੀਆਂ ਉਡਾਨਾਂ ਸ਼ੁਰੂ ਕਰਨ ਦੀ ਆਪਣੀ ਯੋਜਨਾ ਵਾਪਸ ਲੈ ਲਈ ਤੇ ਇਸ ਯੋਜਨਾ ਨੂੰ 2018 ਦੇ ਮੱਧ ਵਿੱਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਗੈਡੇਕ ਨੇ ਆਖਿਆ ਕਿ ਕੈਨੇਡਾ ਜੈੱਟਲਾਈਨਜ਼ ਸਸਤੇ ਕਿਰਾਏ ਨਾਲ ਉਨ੍ਹਾਂ ਯਾਤਰੀਆਂ ਦੀ ਮਦਦ ਕਰਨੀ ਚਾਹੁੰਦੀ ਹੈ ਜਿਹੜੇ ਹੱਥ ਘੁੱਟ ਕੇ ਚੱਲਣਾ ਚਾਹੁੰਦੇ ਹਨ। ਅਸਲ ਵਿੱਚ ਕੈਨੇਡੀਅਨ ਏਅਰ ਟਰੈਵਲ ਲਈ ਲੋੜੋਂ ਵੱਧ ਪੈਸਾ ਖਰਚ ਕਰ ਰਹੇ ਹਨ ਤੇ ਅਸੀਂ ਇਸ ਸੱਭ ਨੂੰ ਬਦਲਣਾ ਚਾਹੁੰਦੇ ਹਾਂ ਤੇ ਇਸ ਲਈ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਹਿਸਾਬ ਨਾਲ ਸਫਰ ਕਰਵਾਉਣਾ ਚਾਹੁੰਦੇ ਹਾਂ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …