ਮਿਸੀਸਾਗਾ : ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਕਮਿਊਨਿਟੀ ਵਿਚ ਜਾਣੀ ਪਛਾਣੀ ਸ਼ਖ਼ਸੀਅਤ ਅਤੇ ਪ੍ਰਸਿੱਧ ਬਿਜਨਸਮੈਨ ਸੁਖਦੇਵ ਤੂਰ ਜੋ ਕਿ ਲੰਮੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ, ਵੀ ਉਨਟਾਰੀਓ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਲੜਨ ਦਾ ਫੈਸਲਾ ਕਰ ਚੁੱਕੇ ਹਨ ਅਤੇ ਬਹੁਤ ਜਲਦੀ ਜਨਤਕ ਤੌਰ ‘ਤੇ ਇਸਦਾ ਐਲਾਨ ਕਰਨ ਵਾਲੇ ਹਨ। ਵਰਨਣਯੋਗ ਹੈ ਕਿ ਪਿਛਲੀਆਂ ਪ੍ਰੋਵਿਨਸ਼ੀਅਲ ਚੋਣਾਂ ਵਿਚ ਹਾਰ ਤੋਂ ਬਾਅਦ ਸਾਬਕਾ ਪ੍ਰੀਮੀਅਰ ਕੈਥਲੀਨ ਵਿੰਨ ਨੂੰ ਆਪਣੇ ਲੀਡਰਸ਼ਿਪ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਕਿਉਂਕਿ ਲਿਬਰਲ ਪਾਰਟੀ ਸੂਬੇ ਵਿਚ ਇਕ ਯੋਗ ਰਾਜਨੀਤਕ ਪਾਰਟੀ ਦਾ ਵੱਕਾਰ ਗੁਆ ਬੈਠੀ ਸੀ। ਇਸ ਤੋਂ ਬਾਅਦ ਪਾਰਟੀ ਵਲੋਂ ਨਵੇਂ ਲੀਡਰ ਦੀ ਚੋਣ ਦੀ ਪ੍ਰਕਿਰਿਆ ਆਰੰਭ ਕੀਤੀ ਗਈ ਸੀ। ਜਿਸਦੇ ਚੱਲਦਿਆਂ ਪਾਰਟੀ ਦੇ ਡੈਲੀਗੇਟਾਂ ਵਲੋਂ ਹੁਣ ਅਗਲੇ ਸਾਲ 8 ਮਾਰਚ ਨੂੰ ਮਿਸੀਸਾਗਾ ਦੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਚ ਪਾਰਟੀ ਦੀ ਹੋਣ ਵਾਲੀ ਕਨਵੈਨਸ਼ਨ ਵਿਚ ਨਵੇਂ ਲੀਡਰ ਦੀ ਚੋਣ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਜਿੱਥੇ ਸਾਬਕਾ ਮੰਤਰੀ ਸਟੀਵਨ ਡੈਲ ਡੂਕਾ ਅਤੇ ਇਕ ਹੋਰ ਸਾਬਕਾ ਮੰਤਰੀ ਤੇ ਮੌਜੂਦਾ ਐਮਪੀਪੀ ਮਾਈਕਲ ਕੋਟੋ ਆਪਣੀ ਉਮੀਦਵਾਰੀ ਦਾ ਐਲਾਨ ਕਰਕੇ ਮੈਦਾਨ ਵਿਚ ਡਟ ਚੁੱਕੇ ਹਨ, ਉਥੇ ਕੁਝ ਹੋਰ ਨਾਮ ਵੀ ਸਾਹਮਣੇ ਆ ਸਕਦੇ ਹਨ। ਪੰਜਾਬ ਤੋਂ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਸੁਖਦੇਵ ਤੂਰ ਇਕ ਰਾਜਨੀਤਕ ਪਰਿਵਾਰ ਨਾਲ ਸਬੰਧਤ ਹਨ ਅਤੇ ਕੈਨੇਡਾ ਆ ਕੇ ਉਨ੍ਹਾਂ ਨੇ ਜਿੱਥੇ ਬਿਜਨਸ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਉਥੇ ਉਹ ਬਹੁਤ ਲੰਮੇ ਸਮੇਂ ਤੋਂ ਲਿਬਰਲ ਪਾਰਟੀ ਨਾਲ ਜੁੜੇ ਰਹੇ ਹਨ ਅਤੇ ਪਾਰਟੀ ਦੇ ਕਈ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਉਨ੍ਹਾਂ ਵਲੋਂ ਮੈਦਾਨ ਵਿਚ ਆ ਜਾਣ ਨਾਲ ਇਹ ਮੁਕਾਬਲਾ ਹੋਰ ਵੀ ਰੌਚਕ ਹੋ ਜਾਵੇਗਾ। ਸੂਤਰਾਂ ਮੁਤਾਬਕ ਸੁਖਦੇਵ ਤੂਰ ਨੇ ਇਸ ਲਈ ਇਕ ਵੱਡੀ ਟੀਮ ਬਣਾ ਕੇ ਆਪਣੀ ਕੰਪੇਨ ਨੂੰ ਵਧੀਆ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …