Breaking News
Home / ਭਾਰਤ / ਲੰਪੀ ਸਕਿਨ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ : ਨਰਿੰਦਰ ਮੋਦੀ

ਲੰਪੀ ਸਕਿਨ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ : ਨਰਿੰਦਰ ਮੋਦੀ

ਗਊਆਂ ‘ਚ ਬਿਮਾਰੀ ਰੋਕਣ ਲਈ ਦੇਸੀ ਵੈਕਸੀਨ ਤਿਆਰ, ਪਸ਼ੂਆਂ ਦਾ ਵੀ ਬਣੇਗਾ ‘ਪਸ਼ੂ ਆਧਾਰ’ ਕਾਰਡ
ਗਰੇਟਰ ਨੋਇਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪਸ਼ੂਆਂ ‘ਚ ਲੰਪੀ ਸਕਿਨ ਰੋਗ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਰੋਗ ਕਾਰਨ ਵੱਡੀ ਗਿਣਤੀ ਗਊਆਂ ਜਾਨ ਗੁਆ ਚੁੱਕੀਆਂ ਹਨ।
ਕੌਮਾਂਤਰੀ ਡੇਅਰੀ ਫੈਡਰੇਸ਼ਨ-ਵਿਸ਼ਵ ਡੇਅਰੀ ਸੰਮੇਲਨ 2022 ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਲੰਪੀ ਸਕਿਨ ਰੋਗ ਲਈ ਦੇਸੀ ਵੈਕਸੀਨ ਤਿਆਰ ਕੀਤੀ ਗਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਸਮੇਤ ਅੱਠ ਸੂਬਿਆਂ ‘ਚ ਇਸ ਰੋਗ ਕਾਰਨ ਹਜ਼ਾਰਾਂ ਗਊਆਂ ਦੀ ਜਾਨ ਜਾ ਚੁੱਕੀ ਹੈ। ਮੋਦੀ ਨੇ ਕਿਹਾ ਕਿ ਭਾਰਤੀ ਸਾਇੰਸਦਾਨਾਂ ਨੇ ਲੰਪੀ ਸਕਿਨ ਰੋਗ ਲਈ ਦੇਸੀ ਵੈਕਸੀਨ ਵਿਕਸਤ ਕੀਤੀ ਹੈ। ਸੰਮੇਲਨ ‘ਚ ਵੱਡੀ ਗਿਣਤੀ ਵਿਦੇਸ਼ੀ ਡੈਲੀਗੇਟ ਵੀ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਗ ਕਾਰਨ ਪਸ਼ੂਆਂ ਦੀ ਜਾਨ ਨੂੰ ਤਾਂ ਖ਼ਤਰਾ ਹੈ ਹੀ, ਪਰ ਇਸ ਦਾ ਅਸਰ ਕਿਸਾਨਾਂ ਅਤੇ ਉਨ੍ਹਾਂ ਦੀ ਆਮਦਨੀ ‘ਤੇ ਵੀ ਪੈਂਦਾ ਹੈ। ‘ਅਸੀਂ ਪਸ਼ੂਆਂ ਨੂੰ ਮੂੰਹ-ਖੁਰ ਦੇ ਰੋਗਾਂ ਤੋਂ ਬਚਾਉਣ ਲਈ ਉਨ੍ਹਾਂ ਦੇ 100 ਫ਼ੀਸਦੀ ਟੀਕਾਕਰਨ ਲਈ ਵਚਨਬੱਧ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਡੇਅਰੀ ਪਸ਼ੂਆਂ ਦਾ ਸਭ ਤੋਂ ਵੱਡਾ ਡੇਟਾਬੇਸ ਤਿਆਰ ਕੀਤਾ ਜਾ ਰਿਹਾ ਹੈ ਅਤੇ ਡੇਅਰੀ ਸੈਕਟਰ ਨਾਲ ਜੁੜੇ ਜਾਨਵਰਾਂ ‘ਤੇ ਟੈਗ ਲਗਾਇਆ ਜਾਵੇਗਾ। ‘ਅਸੀਂ ਪਸ਼ੂਆਂ ਦੀ ਬਾਇਓਮੀਟਰਿਕ ਪਛਾਣ ਦਾ ਕੰਮ ਵੀ ਕਰ ਰਹੇ ਹਾਂ ਜਿਸ ਨੂੰ ‘ਪਸ਼ੂ ਆਧਾਰ’ ਦਾ ਨਾਮ ਦਿੱਤਾ ਗਿਆ ਹੈ।’
ਮੋਦੀ ਨੇ ਕਿਹਾ ਕਿ ਡੇਅਰੀ ਈਕੋਸਿਸਟਮ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਵਾਧੂ ਆਮਦਨ, ਗਰੀਬਾਂ ਦਾ ਸ਼ਕਤੀਕਰਨ, ਸਵੱਛਤਾ, ਰਸਾਇਣ ਮੁਕਤ ਖੇਤੀ, ਸਾਫ਼ ਊਰਜਾ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਉਸ ਨਾਲ ਜੁੜੀ ਹੋਵੇ।
ਉਨ੍ਹਾਂ ਕਿਹਾ ਕਿ ਖੇਤੀ ਅਤੇ ਡੇਅਰੀ ਸੈਕਟਰ ‘ਚ ਪਿਛਲੇ 5 ਤੋਂ 6 ਸਾਲਾਂ ‘ਚ ਇਕ ਹਜ਼ਾਰ ਤੋਂ ਜ਼ਿਆਦਾ ਸਟਾਰਟਅੱਪ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੁੱਧ ਦੇ ਉਤਪਾਦਨ ‘ਚ ਭਾਰਤ ਸਭ ਤੋਂ ਵੱਡਾ ਮੁਲਕ ਹੈ ਅਤੇ 8 ਕਰੋੜ ਤੋਂ ਜ਼ਿਆਦਾ ਕਿਸਾਨਾਂ ਲਈ ਇਹ ਰੋਜ਼ੀ-ਰੋਟੀ ਦਾ ਸਾਧਨ ਹੈ। ਉਨ੍ਹਾਂ ਡੇਅਰੀ ਸੈਕਟਰ ‘ਚ ਮਹਿਲਾਵਾਂ ਦੇ ਯੋਗਦਾਨ ਦਾ ਵੀ ਉਚੇਚੇ ਤੌਰ ‘ਤੇ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਖੇਤਰ ਨਾਲ 70 ਫੀਸਦੀ ਮਹਿਲਾਵਾਂ ਜੁੜੀਆਂ ਹੋਈਆਂ ਹਨ।

 

 

Check Also

ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ’ਚ ਭਾਰਤ ਨੇ ਪਾਕਿਸਤਾਨ 2-1 ਨਾਲ ਹਰਾਇਆ

ਦੋਵੇਂ ਗੋਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ : …