ਕਾਂਗਰਸ ਪਾਰਟੀ ਸਮੇਤ 21 ਪਾਰਟੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ
ਨਵੀਂ ਦਿੱਲੀ : ਪੈਟਰੋਲ ਅਤੇ ਡੀਜ਼ਲ ਦੀਆਂ ਅਸਮਾਨੀਂ ਚੜ੍ਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਸੋਮਵਾਰ ਨੂੰ ਕਾਂਗਰਸ ਸਮੇਤ 21 ਪਾਰਟੀਆਂ ਨੇ ਪ੍ਰਦਰਸ਼ਨ ਕਰਦਿਆਂ ਸਰਕਾਰ ‘ਤੇ ਜ਼ੋਰ ਪਾਇਆ ਕਿ ਪੈਟਰੋਲੀਅਮ ਵਸਤਾਂ ਨੂੰ ਜੀਐਸਟੀ (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੇ ਘੇਰੇ ਵਿਚ ਲਿਆਂਦਾ ਜਾਵੇ।
ਕੁਝ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨਾਂ ਨੂੰ ਛੱਡ ਕੇ ਬੰਦ ਸ਼ਾਂਤੀਪੂਰਨ ਰਿਹਾ। ਉਂਜ ਬਿਹਾਰ, ਕੇਰਲਾ, ਕਰਨਾਟਕ, ਅਸਾਮ ਅਤੇ ਉੜੀਸਾ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਜਨਜੀਵਨ ਲੀਹ ਤੋਂ ਉਤਰ ਗਿਆ। ਸੂਬਿਆਂ ਦੀਆਂ ਰਾਜਧਾਨੀਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਜਬਰੀ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਈ ਕਾਂਗਰਸ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਰਾਜਧਾਨੀ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਮਲੀਲਾ ਮੈਦਾਨ ਵਿਚ ਰੈਲੀ ਕੀਤੀ ਗਈ ਜਿਸ ਵਿਚ ਸੋਨੀਆ ਗਾਂਧੀ, ਮਨਮੋਹਨ ਸਿੰਘ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਐਨਸੀਪੀ ਸੁਪਰੀਮੋ ਸ਼ਰਦ ਪਵਾਰ, ਜਨਦਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਤ੍ਰਿਣਮੂਲ ਕਾਂਗਰਸ ਦੇ ਸੁਖੇਂਦੂ ਸ਼ੇਖਰ ਰੌਇ ਅਤੇ ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ। ਬੰਦ ਨੂੰ 21 ਪਾਰਟੀਆਂ ਨੇ ਹਮਾਇਤ ਦਿੱਤੀ ਜਿਨ੍ਹਾਂ ਵਿਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ, ਰਾਸ਼ਟਰੀ ਜਨਤਾ ਦਲ, ਸੀਪੀਆਈ, ਸੀਪੀਐਮ, ਏਆਈਡੀਯੂਐਫ, ਨੈਸ਼ਨਲ ਕਾਨਫਰੰਸ, ਜੇਐਮਐਮ, ਜੇਵੀਐਮ, ਡੀਐਮਕੇ, ਟੀਡੀਪੀ, ਆਰਐਸਪੀ ਅਤੇ ਹੋਰ ਪਾਰਟੀਆਂ ਸ਼ਾਮਲ ਸਨ।
ਕਾਂਗਰਸ ਵਰਕਰਾਂ ਨੇ ਕਈ ਪੈਟਰੋਲ ਪੰਪਾਂ ‘ਤੇ ਧਰਨੇ ਦੇ ਕੇ ਤੇਲ ਕੀਮਤਾਂ ਵਿਚ ਵਾਧੇ ਦਾ ਵਿਰੋਧ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਧਦੀਆਂ ਤੇਲ ਕੀਮਤਾਂ ਅਤੇ ਰਾਫਾਲ ਲੜਾਕੂ ਜੈੱਟਾਂ ਦੇ ਸੌਦੇ ਬਾਰੇ ਪ੍ਰਧਾਨ ਮੰਤਰੀ ਦੀ ਖਾਮੋਸ਼ੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮੁਲਕ ਵਿਚ ਨਫ਼ਰਤ ਫੈਲਾ ਕੇ ਲੋਕਾਂ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਮਤਭੇਦ ਭੁਲਾ ਕੇ ਖੁਦਮੁਖਤਿਆਰੀ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ।
ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਸੰਸਦ ਮਾਰਗ ਪੁਲਿਸ ਸਟੇਸ਼ਨ ‘ਤੇ ਗ੍ਰਿਫ਼ਤਾਰੀ ਦਿੱਤੀ। ਬਿਹਾਰ ਵਿਚ ਭੰਨ-ਤੋੜ ਤੇ ਅੱਗਜ਼ਨੀ ਹੋਈ ਅਤੇ ਰੇਲ ਤੇ ਸੜਕ ਆਵਾਜਾਈ ਵਿਚ ਵਿਘਨ ਪਾਇਆ ਗਿਆ। ਪੁਰਾਣੇ ਪਟਨਾ ਸ਼ਹਿਰ ‘ਚ ਰੇਲ ਪਟੜੀਆਂ ‘ਤੇ ਸੜਦੇ ਟਾਇਰ ਸੁੱਟੇ ਗਏ ਤਾਂ ਜੋ ਰੇਲਾਂ ਨਾ ਚਲ ਸਕਣ। ਜਹਾਨਾਬਾਦ ਵਿਚ ਇਕ ਐਂਬੂਲੈਂਸ ਦੇ ਧਰਨੇ ਦੌਰਾਨ ਫਸ ਜਾਣ ਕਰਕੇ ਦੋ ਵਰ੍ਹਿਆਂ ਦੀ ਬੱਚੀ ਦੀ ਮੌਤ ਹੋ ਗਈ। ਭਾਜਪਾ ਨੇ ਦੋਸ਼ ਲਾਇਆ ਕਿ ਐਂਬੂਲੈਂਸ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਜਦਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਪ੍ਰਦਰਸ਼ਨਕਾਰੀਆਂ ਨੇ ਸਕੂਲ ਬੱਸਾਂ ਨੂੰ ਨਿਸ਼ਾਨਾ ਬਣਾਇਆ। ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਅਤੇ ਕਈ ਹੋਰ ਥਾਵਾਂ ‘ਤੇ ਸਕੂਲ, ਕਾਲਜ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ। ਕਈ ਥਾਵਾਂ ‘ਤੇ ਪੈਟਰੋਲ ਪੰਪ ਵੀ ਬੰਦ ਰੱਖੇ ਗਏ। ਉੜੀਸਾ ਵਿਚ ਕਾਂਗਰਸ ਵੱਲੋਂ ਰੇਲ ਪਟੜੀਆਂ ‘ਤੇ ਪ੍ਰਦਰਸ਼ਨ ਕਾਰਨ 10 ਗੱਡੀਆਂ ਨੂੰ ਰੱਦ ਕਰਨਾ ਪਿਆ।
ਪੰਜਾਬ ਵਿੱਚ ‘ਭਾਰਤ ਬੰਦ’ ਨੂੰ ਰਲਿਆ-ਮਿਲਿਆ ਹੁੰਗਾਰਾ
ਚੰਡੀਗੜ੍ਹ : ਤੇਲ ਕੀਮਤਾਂ ਵਿੱਚ ਭਾਰੀ ਵਾਧੇ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਸੋਮਵਾਰ ਨੂੰ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਰਲਵਾਂ-ਮਿਲਵਾਂ ਹੁੰਗਰਾ ਮਿਲਿਆ ਹੈ।
ਇਸ ਦੌਰਾਨ ਇਨ੍ਹਾਂ ਸੂਬਿਆਂ ਵਿੱਚ ਕਿਸੇ ਮਾੜੀ ਘਟਨਾ ਦੀ ਖ਼ਬਰ ਨਹੀਂ ਹੈ। ਇਸ ਮੌਕੇ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਹੋਰ ਦਲਾਂ ਦੇ ਵਰਕਰਾਂ ਨੇ ਵੱਖ-ਵੱਖ ਥਾਈ ਰੋਸ ਮੁਜ਼ਾਹਰੇ ਕੀਤੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਮੁਜ਼ਾਹਰਿਆਂ ਵਿੱਚ ਪਾਰਟੀਆਂ ਦੇ ਸਥਾਨਕ ਆਗੂਆਂ ਨੇ ਸ਼ਿਰਕਤ ਕੀਤੀ। ਸਵੇਰ ਵੇਲੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਲੁਧਿਆਣਾ, ਫਗਵਾੜਾ, ਹੁਸ਼ਿਆਰਪੁਰ, ਹਿਸਾਰ ਆਦਿ ਵਿੱਚ ਵੀ ਦੁਕਾਨਾਂ ਬੰਦ ਰਹੀਆਂ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਲੰਧਰ ਵਿੱਚ ਮੁਜ਼ਾਹਰੇ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਿੱਚ ਲਗਾਤਾਰ ਵਾਧੇ ਕਾਰਨ ਆਮ ਆਦਮੀ ਨੂੰ ਭਾਰੀ ਮਾਰ ਪੈ ਰਹੀ ਹੈ। ਲੁਧਿਆਣਾ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਚੰਡੀਗੜ੍ਹ ਵਿੱਚ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਦੀ ਅਗਵਾਈ ਹੇਠ ਰੋਸ ਮਾਰਚ ਕੀਤੇ ਗਏ।
ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਵੀ ਚੰਡੀਗੜ੍ਹ ਵਿੱਚ ਖੱਬੀਆਂ ਪਾਰਟੀਆਂ ਦੇ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਤਰੀ ਭਾਰਤ ਦੇ ਹੋਰਨਾਂ ਰਾਜਾਂ ਜਿਵੇਂ ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਆਦਿ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਸੂਬਿਆਂ ਵਿੱਚ ਵੀ ਬੰਦ ਦਾ ਰਲਵਾਂ-ਮਿਲਵਾਂ ਅਸਰ ਪਿਆ।