Breaking News
Home / ਭਾਰਤ / ਸੰਜੇ ਦੀ ਮੌਤ ਤੋਂ ਬਾਅਦ ਮੇਨਕਾ ਨਾਲ ਸੁਲ੍ਹਾ ਚਾਹੁੰਦੀ ਸੀ ਇੰਦਰਾ

ਸੰਜੇ ਦੀ ਮੌਤ ਤੋਂ ਬਾਅਦ ਮੇਨਕਾ ਨਾਲ ਸੁਲ੍ਹਾ ਚਾਹੁੰਦੀ ਸੀ ਇੰਦਰਾ

Indira-gandhi_book copy copyਸਾਬਕਾ ਪ੍ਰਧਾਨ ਮੰਤਰੀ ਦੇ ਜੀਵਨ ਬਾਰੇ ਨਿੱਜੀ ਡਾਕਟਰ ਦੇ ਹਵਾਲੇ ਨਾਲ ਆਈ ਨਵੀਂ ਕਿਤਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਆਪਣੇ ਪੁੱਤਰ ਸੰਜੇ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਉਨ੍ਹਾਂ ਦੀ ਛੋਟੀ ਨੂੰਹ ਰਾਜਨੀਤੀ ਵਿੱਚ ਉਸ ਦੀ ਮਦਦ ਕਰੇ ਪਰ ਮੇਨਕਾ ਗਾਂਧੀ ਦਾ ਅਜਿਹੇ ਲੋਕਾਂ ਨਾਲ ਜ਼ਿਆਦਾ ਮੇਲ ਜੋਲ ਸੀ ਜੋ ਰਾਜੀਵ ਗਾਂਧੀ ਦੇ ਵਿਰੋਧੀ ਮੰਨੇ ਜਾਂਦੇ ਸਨ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਡਾਕਟਰ ਕੇ ਪੀ ਮਾਥੁਰ ਦਾ ਕਹਿਣਾ ਹੈ ”ઠਹਾਲਾਂਕਿ ਪ੍ਰਧਾਨ ਮੰਤਰੀ ਦਾ ਸੋਨੀਆ ਨਾਲ ਜ਼ਿਆਦਾ ਮੋਹ ਸੀ ਪਰ ਸੰਜੇ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਝੁਕਾਅ ਮੇਨਕਾ ਵੱਲ ਹੋ ਗਿਆ ਸੀ। ਉਂਜ, ਇਸ ਦੇ ਬਾਵਜੂਦ ਮੇਨਕਾ ਉਨ੍ਹਾਂ ਦੇ ਬਹੁਤੀ ਕਰੀਬ ਨਾ ਆ ਸਕੀ।” ਇੱਥੋਂ ਦੇ ਸਫ਼ਦਰਜੰਗ ਹਸਪਤਾਲ ਦੇ ਡਾਕਟਰ ਮਾਥੁਰ ਲਗਪਗ 20 ਸਾਲ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਫਿਜ਼ੀਸ਼ੀਅਨ ਰਹੇ ਸਨ ਤੇ 1984 ਵਿੱਚ ਉਨ੍ਹਾਂ ਦੀ ਹੱਤਿਆ ਦੇ ਦਿਨ ਤੱਕ ਹਰ ਸਵੇਰ ਉਨ੍ਹਾਂ ਨੂੰ ਮਿਲਦੇ ਸਨ। ਡਾਕਟਰ ਮਾਥੁਰ ਨੇ ਇਕ ਨਵੀਂ ਕਿਤਾਬ ”ਅਨਸੀਨ ਇੰਦਰਾ ਗਾਂਧੀ” (ਕੋਨਾਰਕ ਪਬਲਿਸ਼ਰਜ਼) ਵਿੱਚ ਇਕ ਸਿਆਸਤਦਾਨ ਦੇ ਤੌਰ ‘ਤੇ ਉਨ੍ਹਾਂ ਦੇ ਸਫ਼ਰ ਦੇ ਵੇਰਵੇ ਦਿੱਤੇ ਹਨ। ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸੰਜੇ ਗਾਂਧੀ ਦੀ ਮੌਤ ਤੋਂ ਕੁਝ ਸਾਲਾਂ ਦੇ ਅੰਦਰ ਹੀ ਮੇਨਕਾ ਨੂੰ ਅਣਸੁਖਾਵੇਂ ਹਾਲਾਤ ਵਿੱਚ ਪ੍ਰਧਾਨ ਮੰਤਰੀ ਨਿਵਾਸ ਛੱਡਣਾ ਪਿਆ ਸੀ। ਡਾ. ਮਾਥੁਰ ਦਾ ਕਹਿਣਾ ਹੈ ”ਸੰਜੇ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰਵੱਈਏ ਵਿੱਚ ਬਹੁਤ ਜ਼ਿਆਦਾ ਨਰਮੀ ਆ ਗਈ ਸੀ।
ਦਰਅਸਲ ਉਹ ਚਾਹੁੰਦੇ ਸੀ ਕਿ ਮੇਨਕਾ ਅੱਗੇ ਆ ਕੇ ਰਾਜਨੀਤੀ ਵਿੱਚ ਉਨ੍ਹਾਂ ਦੀ ਮਦਦ ਕਰੇ।ਪਰ ਮੇਨਕਾ ਅਜਿਹੇ ਲੋਕਾਂ ਦੀ ਸੰਗਤ ਵਿੱਚ ਸੀ ਜੋ ਰਾਜੀਵ ਨੂੰ ਦੇਖ ਨਹੀਂ ਸੁਖਾਂਦੇ ਸਨ।
ਇਸ ਤੋਂ ਹੀ ਅੱਗੇ ਚੱਲ ਕੇ ਸੰਜੇ ਵਿਚਾਰ ਮੰਚ ਨਾਂ ਦੀ ਸੰਸਥਾ ਹੋਂਦ ਵਿੱਚ ਆਈ।ਇਹ ਇਕ ਅਜਿਹੀ ਜਥੇਬੰਦੀ ਸੀ ਜੋ ਸੰਜੇ ਗਾਂਧੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦਮ ਭਰਦੀ ਸੀ।ਮੇਨਕਾ ਤੇ ਉਸ ਦੇ ਸਹਿਯੋਗੀ ਇਸ ਨਾਲ ਜੁੜੇ ਹੋਏ ਸਨ ਜੋ ਰਾਜੀਵ ਦੀ ਮੁਖਾਲਫ਼ਤ ਲਈ ਜਾਣੇ ਜਾਂਦੇ ਸਨ ਹਾਲਾਂਕਿ ਮੈਨੂੰ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਬਹੁਤਾ ਇਲਮ ਨਹੀਂ ਸੀ।”
ਮਾਮਲਾ ਉਦੋਂ ਵਿਗੜਿਆ ਜਦੋਂ ਲਖਨਊ ਵਿੱਚ ਸੰਜੇ ਵਿਚਾਰ ਮੰਚ ਦੀ ਕਨਵੋਕੇਸ਼ਨ ਹੋਣ ਵਾਲੀ ਸੀ ਤੇ ਇੰਦਰਾ ਗਾਂਧੀ ਨੇ ਮੇਨਕਾ ਨੂੰ ਉਥੇ ਨਾ ਜਾਣ ਦੀ ਸਲਾਹ ਦਿੱਤੀ। ਗਾਂਧੀ ਉਸ ਵੇਲੇ ਵਿਦੇਸ਼ ਯਾਤਰਾ ‘ਤੇ ਸਨ ਅਤੇ ਉਨ੍ਹਾਂ ਮੇਨਕਾ ਨੂੰ ਇਕ ਸੁਨੇਹਾ ਭਿਜਵਾਇਆ ਸੀ ਪਰ ਮੇਨਕਾ ਗਈ ਤੇ ਕਨਵੋਕੇਸ਼ਨ ਨੂੰ ਸੰਬੋਧਨ ਕਰ ਕੇ ਆਈ। ਡਾਕਟਰ ਮਾਥੁਰ ਮੁਤਾਬਕ ਰਾਜੀਵ ਤੇ ਸੋਨੀਆ ਦੇ ਵਿਆਹ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਇੰਦਰਾ ਤੇ ਸੋਨੀਆ ਇਕ ਦੂਜੇ ਨਾਲ ਘੁਲ ਮਿਲ ਗਈਆਂ ਸਨ। ”ਸੋਨੀਆ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀ ਸੀ ਤੇ ਮੋੜਵੇਂ ਰੂਪ ਵਿੱਚ ਗਾਂਧੀ ਉਸ ਨਾਲ ਮੋਹ ਕਰਦੀ ਸੀ ੩ਸੋਨੀਆ ਨੇ ਛੇਤੀ ਹੀ ਘਰ ਦਾ ਕੰਮ ਕਾਰ ਸੰਭਾਲ ਲਿਆ।”
ਇੰਦਰਾ ਗਾਂਧੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਹਰ ਐਤਵਾਰ ਤੇ ਛੁੱਟੀ ਦੇ ਦਿਨ ਉਹ ਮਹਾਨ ਵਿਅਕਤੀਆਂ ਦੀ ਜੀਵਨੀਆਂ ਪੜ੍ਹਿਆ ਕਰਦੇ ਸਨ।ਇਸ ਤੋਂ ਇਲਾਵਾ ਉਨ੍ਹਾਂ ਦੀ ਸਰੀਰ ਤੇ ਮਨ ਨਾਲ ਜੁੜੇ ਵਿਸ਼ਿਆਂ ਅਤੇ ਲੋਕਪ੍ਰਿਅ ਸਾਇੰਸ ਮੈਗਜ਼ੀਨਾਂ ਨੂੰ ਸ਼ੌਕ ਨਾਲ ਪੜ੍ਹਿਆ ਕਰਦੇ ਸਨ ਅਤੇ ਕੌਮਾਂਤਰੀ ਰਸਾਲਿਆਂ ਵਿੱਚਲੇ ਕਰਾਸਵਰਡ ਪਹੇਲੀਆਂ ਹੱਲ ਕਰਨ ਦਾ ਵੀ ਬਹੁਤ ਸ਼ੌਕ ਸੀ। ਕਿਤਾਬ ਵਿੱਚ ਦਰਜ ਕੀਤਾ ਗਿਆ ”ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਤਾਸ਼ ਖੇਡਦੇ ਸਨ। ਉਨ੍ਹਾਂ ਦੀ ਪਸੰਦੀਦਾ ਬਾਜ਼ੀ ਹੁੰਦੀ ਸੀ ਕਾਲੀ ਮੈਮ੩।” 151 ਸਫ਼ਿਆਂ ਦੀ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 1966 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਇਕ ਦੋ ਸਾਲਾਂ ਵਿੱਚ ਉਹ ਕਾਫੀ ਪ੍ਰੇਸ਼ਾਨ ਰਹਿੰਦੇ ਸਨ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …