ਪੰਜਾਬ ਸਰਕਾਰ ਖਿਲਾਫ ਪ੍ਰਗਟਾਇਆ ਰੋਸ
ਸੰਗਰੂਰ/ਬਿਊਰੋ ਨਿਊਜ਼ : ਬੇਰੁਜ਼ਗਾਰ ਈਟੀਟੀ ਪਾਸ 5994 ਅਧਿਆਪਕਾਂ ਵੱਲੋਂ ਕਥਿਤ ਰੂਪ ‘ਚ ਆਪਣੇ ਖੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ ਗਈ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ। ਸੰਗਰੂਰ ਦੇ ਸਿਵਲ ਹਸਪਤਾਲ ਕੰਪਲੈਕਸ ਵਿੱਚ ਦੋ ਬੇਰੁਜ਼ਗਾਰ ਈਟੀਟੀ ਅਧਿਆਪਕ ਪਿਛਲੇ ਕਈ ਦਿਨਾਂ ਤੋਂ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਾਲੀ ਦੀਵਾਲੀ ਮਨਾਉਂਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਐਕਸ਼ਨ ਕਰਨਗੇ। ਸਥਾਨਕ ਸਿਵਲ ਹਸਪਤਾਲ ਵਿਖੇ ਪਾਣੀ ਵਾਲੀ ਟੈਂਕੀ ਹੇਠਾਂ ਬੇਰੁਜ਼ਗਾਰ ਈਟੀਟੀ 5994 ਅਧਿਆਪਕਾਂ ਨੇ ਖ਼ੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ।
ਇਸ ਮੌਕੇ ਬੇਰੁਜ਼ਗਾਰ ਈਟੀਟੀ ਅਧਿਆਪਕ ਆਗੂਆਂ ਸੁਰਿੰਦਰਪਾਲ ਗੁਰਦਾਸਪੁਰ ਅਤੇ ਬਲਵਿੰਦਰ ਕਾਕਾ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਸਮੇਤ ਸੁਰਿੰਦਰ ਅਬੋਹਰ, ਗੁਰਪ੍ਰੀਤ, ਦੀਪਕ, ਅਨਿਲ ਆਦਿ ਸਾਥੀਆਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਆਪਣਾ ਖ਼ੂਨ ਕਢਵਾਇਆ ਅਤੇ ਖ਼ੂਨ ਦੇ ਦੀਵੇ ਬਾਲ ਕੇ ਕਾਲੀ ਦੀਵਾਲੀ ਮਨਾਈ ਗਈ। ਉਨ੍ਹਾਂ ਦੱਸਿਆ ਕਿ ਦੋ ਸਾਥੀ ਰਾਜ ਕੁਮਾਰ ਅਬੋਹਰ ਅਤੇ ਮਨਦੀਪ ਫਾਜ਼ਿਲਕਾ ਪਿਛਲੇ 25 ਦਿਨਾਂ ਤੋਂ ਟੈਂਕੀ ਉਪਰ ਡਟੇ ਹੋਏ ਹਨ ਜਿਨ੍ਹਾਂ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਆਰੋਪ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਈਟੀਟੀ 5994 ਅਧਿਆਪਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਮੰਗ ਕੀਤੀ ਕਿ ਜਿੰਨੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੀ ਸਕਰੂਟਨੀ ਹੋ ਚੁੱਕੀ ਹੈ, ਉਨ੍ਹਾਂ ਸਾਰਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ। ਉਨ੍ਹਾਂ ਇਸ ਮੌਕੇ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ। ਟੈਂਕੀ ‘ਤੇ ਬੈਠੇ ਰਾਜ ਕੁਮਾਰ ਅਬੋਹਰ ਅਤੇ ਮਨਦੀਪ ਫਾਜ਼ਿਲਕਾ ਨੇ ਵੀਡੀਓ ਜਾਰੀ ਕਰਕੇ ਟੈਂਕੀ ‘ਤੇ ਹੀ ਕਾਲੀ ਦੀਵਾਲੀ ਮਨਾਈ।