ਵਿਕਰਮਜੀਤ ਦੁੱਗਲ, ਆਈ.ਪੀ.ਐਸ.
ਮੈਂ ਨਾਲਗੌਂਡਾ ਜ਼ਿਲ੍ਹਾ ਵਿੱਚ ਬਤੌਰ ਪੁਲਿਸ ਕਪਤਾਨ ਵਜੋਂ 5 ਅਪ੍ਰੈਲ 2015 ਨੂੰ ਚਾਰਜ ਲਿਆ, ਤਾਂ ਪਤਾ ਲੱਗਾ ਕਿ ਇਸ ਜ਼ਿਲ੍ਹੇ ਦੀਆਂ ਤਹਿਸੀਲਾਂ ਦੇ ਬਹੁਤ ਸਾਰੇ ਪਿੰਡ ਬੁਰੀ ਤਰ੍ਹਾਂ ਪਿਛੜੇ ਹੋਏ ਹਨ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਲੋਕਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ। ਕਮਿਊਨਿਟੀ ਪੁਲੀਸਿੰਗ ਸਦਕਾ ਮੇਰੇ ਪਿਛੜੇ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਨਿੱਗਰ ਅਨੁਭਵ ਹੋ ਚੁੱਕੇ ਸਨ ਤੇ ਨਤੀਜੇ ਵੀ ਚੰਗੇ ਸਾਹਮਣੇ ਆਏ ਸਨ। ਮੈਂ ਸੋਚਿਆ ਕਿ ਕਿਉਂ ਨਾ ਉਸੇ ਤਰ੍ਹਾਂ ਦੇ ਤਜ਼ਰਬੇ ਇਥੇ ਵੀ ਅਜ਼ਮਾ ਕੇ ਦੇਖੇ ਜਾਣ। ਨਾਲਗੌਂਡਾ ਜ਼ਿਲ੍ਹਾ ਤੇਲੰਗਾਨਾ ਦਾ ਬਹੁਤ ਹੀ ਪਛੜੇ ਹੋਏ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਨਹਿਰੀ ਵਿਕਾਸ ਹੋਇਆ ਹੀ ਨਹੀਂ ਤੇ ਭਰਵੀਂ ਬਾਰਿਸ਼ ਵੀ ਨਹੀਂ ਹੁੰਦੀ। ਹਰ ਸਾਲ ਇਹ ਜ਼ਿਲ੍ਹਾ ਸੋਕੇ ਦਾ ਸ਼ਿਕਾਰ ਹੁੰਦਾ ਹੈ ਤੇ ਕਿਸਾਨ ਲਾਚਾਰ ਹੋ ਕੇ ਰਹਿ ਜਾਂਦੇ ਹਨ। ਉਹ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਵੀ ਨਹੀਂ ਸਕਦੇ ਤੇ ਨਾ ਹੀ ਚੰਗੇ ਘਰੀਂ ਵਿਆਹ ਹੀ ਸਕਦੇ ਹਨ। ਇਸ ਜ਼ਿਲ੍ਹੇ ਦੀਆਂ ਕਈ ਤਹਿਸੀਲਾਂ ਫਲੂਰਾਈਡ ਦੀ ਮਾਰ ਹੇਠ ਹਨ ਤੇ ਪਾਣੀ ਦੀ ਸਮੱਸਿਆ ਬੇਹੱਦ ਭਿਆਨਕ ਰੂਪ ਧਾਰ ਚੁੱਕੀ ਹੋਈ ਹੈ।
ਇਸ ਜ਼ਿਲ੍ਹੇ ਵਿਚੋਂ ਮੈਂ ਪਿੰਡ ਗੁੰਡਲਾ ਪੱਲੀ ਗੋਦ ਲੈ ਲਿਆ। ਆਮ ਤੌਰ ‘ਤੇ ਪੁਲਿਸ ਦਾ ਕੰਮ ਭਾਵੇਂ ਅਮਨ ਤੇ ਸੁਰੱਖਿਆ ਯਕੀਨੀ ਬਣਾਉਣਾ ਤੇ ਹਮੇਸ਼ਾ ਇਸ ਪੱਖ ਤੋਂ ਅਹਿਮ ਫਰਜ਼ ਹੁੰਦਾ ਹੈ ਪਰੰਤੂ ਇਸਦੇ ਨਾਲ-ਨਾਲ ਸਮਾਜ ਸੇਵਾ ਦੀ ਚਿਣਗ ਦੀ ਚੰਗਿਆੜੀ ਵੀ ਹਰ ਸਮੇਂ ਮੇਰੇ ਮਸਤਕ ਵਿੱਚ ਹਮੇਸ਼ਾਂ ਮਘਦੀ ਰਹਿੰਦੀ ਹੈ ਕਿ ਇਸ ਨੌਕਰੀ ਦੇ ਨਾਲ-ਨਾਲ ਵੀ ਕੁਝ ਹੋਰ ਕਾਰਜ ਲੋਕ ਭਲਾਈ ਲਈ ਕੀਤੇ ਜਾਣ। ਮੈਂ ਸਮਝਦਾ ਹਾਂ ਕਿ ਸਾਡੇ ਸਮਾਜ ਨੂੰ ਹਰ ਪੱਖੋਂ ਨਰੋਆ ਤੇ ਸੁੰਦਰ ਬਣਾਉਣਾ ਵੀ ਪੁਲਿਸ ਦਾ ਹੀ ਇੱਕ ਕਾਰਜ ਹੈ। ਕਿਉਂ ਨਾ ਆਪਣੇ ਨਾਲ ਜੁਆਨੀ ਨੂੰ ਲਿਆ ਜਾਵੇ, ਉਹਨਾਂ ਦੀ ਸਰੀਰਕ ਸਮਰੱਥਾ ਤੇ ਮਾਨਸਿਕ ਬਲ ਦਾ ਉਪਯੋਗ ਅਜਿਹੇ ਕਾਰਜਾਂ ਲਈ ਕੀਤਾ ਜਾਵੇ? ਜੁਆਨੀ ਵਿੱਚ ਸਮਾਜ ਸੇਵਾ ਦੀ ਲਗਨ ਵਧੇ। ਜੁਆਨੀ ਭਟਕਣਾ ਵਾਲੇ ਪਾਸੇ ਤੋਂ ਮੁੜੇ। ਇਸ ਤਰ੍ਹਾਂ ਕਰਨ ਨਾਲ ਪੁਲਿਸ ਤੇ ਲੋਕਾਂ ਵਿਚੋਂ ਇੱਕ ਵੱਡਾ ਪਾੜਾ ਵੀ ਕਾਫੀ ਹੱਦ ਤੱਕ ਪੂਰਿਆ ਜਾ ਸਕਦਾ ਹੈ। ਪਿੰਡ ਦੇ ਸਰਪੰਚ ਸ਼ੰਕਰ ਗੌਡ, ਜੋ ਇੱਕ ਕਿਸਾਨ ਹੈ, ਪੁਲਿਸ ਨਾਲ ਚੰਗੀ ਬਣਾ ਕੇ ਰਖਦਾ ਹੈ ਤੇ ਉਸ ਨਾਲ ਜੋੜੇ ਗਏ ਸਿਪਾਹੀ ਦਾ ਨਾਂ ਵੀ ਸਬੱਬ ਨਾਲਨ ਸ਼ੰਕਰ ਹੀ ਸੀ, ਇਹਨਾਂ ਰਲ ਕੇ ਕੰਮ ਸ਼ੁਰੂ ਕੀਤਾ। ਸਰਪੰਚ ਦੇ ਮੋਟਰ ਸਾਈਕਲ ਪਿੱਛੇ ਬੈਠ ਕੇ ਮੈਂ ਪਿੰਡ ਗੁੰਡਲਾ ਪੱਲੀ ਦੀ ਇੱਕ-ਇੱਕ ਗਲੀ ਛਾਣ ਮਾਰੀ। ਇਹ ਬਹੁਤਾ ਵੱਡਾ ਪਿੰਡ ਨਹੀਂ। ਲਗਭਗ 273 ਘਰ ਹਨ ਤੇ 1150 ਵਸਨੀਕ ਹਨ। ਇਸ ਜ਼ਿਲ੍ਹੇ ਦੇ ਲਗਭਗ 1200 ਪਿੰਡਾਂ ਵਾਂਗ ਇਸ ਪਿੰਡ ਵਿੱਚ ਇੱਕ ਸਿਪਾਹੀ ਨਿਯੁਕਤ ਕਰ ਦਿੱਤਾ, ਤਾਂ ਕਿ ਪੁਲਿਸ ਦੀ ਹਰ ਇੱਕ ਪਹਿਲ ਤੋਂ ਲੋਕਾਂ ਦੇ ਘਰ-ਘਰ ਜਾ ਕੇ ਜਾਣੂੰ ਕਰਵਾਇਆ ਜਾਵੇ। ਮੈਂ ਦੋਵੇਂ ਸ਼ੰਕਰਾਂ ਨੂੰ ਖੂਬ ਹੌਸਲਾ ਦਿੱਤਾ ਤੇ ਇਹਨਾਂ ਦੋਵਾਂ ਨੇ ਪਿੰਡ ਦੇ ਵਿਕਾਸ ਲਈ ਸਭ ਕੁਝ ਚੰਗਾ ਚੰਗਾ ਕਰਨ ਦੀ ਠਾਣ ਲਈ।
ਮੈਨੂੰ ਯਾਦ ਹੈ ਕਿ ਜਦ ਪਿੰਡ ਵਿੱਚ ਪਹਿਲੀ ਵਾਰੀ ਜਾ ਕੇ ਲੋਕਾਂ ਨੂੰ ਦੱਸਿਆ ਸੀ ਕਿ ਆਪ ਸਭ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਤੁਹਾਡੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣਾ ਚਾਹੁੰਦੀ ਹੈ, ਕੀ ਤੁਸੀਂ ਸਹਿਯੋਗ ਦਿਓਗੇ? ਸਭਨਾਂ ਲੋਕਾਂ ਨੇ ਇਕ-ਸੁਰ ਆਵਾਜ਼ਾਂ ਵਿੱਚ ਆਪਣੀ ਸਹਿਮਤੀ ਦਿੱਤੀ ਸੀ। ਮੈਂ ਮਹਿਸੂਸ ਕੀਤਾ ਸੀ ਕਿ ਗ਼ਰੀਬ ਤੇ ਭਲੇ ਲੋਕਾਂ ਦੇ ਚਿਹਰਿਆਂ ਉੱਤੇ ਇੱਕ ਅਨੋਖੀ ਖ਼ੁਸ਼ੀ ਦੀ ਲਹਿਰ ਤੈਰਨ ਲੱਗੀ ਹੈ। ਸੋ, ਸਭ ਤੋਂ ਪਹਿਲਾਂ ਅਸੀਂ ਪਿੰਡ ਦੀ ਸਫ਼ਾਈ ਮੁਹਿੰਮ ਵਿੱਢ ਦਿੱਤੀ। ਇਸ ਬਾਅਦ ਨਾਲੀਆਂ ਤੇ ਗਲੀਆਂ ਪੱਕੀਆਂ ਕਰਨ ਵਾਲੇ ਪਾਸੇ ਲੱਗ ਪਏ। ਪਾਣੀ ਵਾਲੀਆਂ ਪਾਈਪਾਂ ਨਵੀਆਂ ਪਾਈਆਂ ਗਈਆਂ। ਸੀ.ਸੀ. ਰੋਡ ਬਣਨ ਵਾਲਾ ਪਿਆ ਸੀ, ਅਪਰੋਚ ਰੋਡ ਭੀੜਾ ਸੀ। ਝਾੜ-ਬੂਟ ਬਹੁਤ ਖਲੋਤਾ ਸੀ। ਉਹ ਕੱਢਿਆ ਗਿਆ। ਸੇਫ ਡਰਿੰਕਿੰਗ ਵਾਟਰ ਲਈ ਕਈ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਜੋੜਿਆ। ਦਾਨੀ ਸੱਜਣਾਂ ਨੇ ਇੱਕ ਆਰ.ਓ. ਲਗਵਾ ਦਿੱਤਾ। ਫਲੋਰਾਈਡ ਦੀ ਵੱਡੀ ਸਮੱਸਿਆ ਸੀ। ਗੰਦਾ ਪਾਣੀ ਪੀਣ ਕਾਰਨ ਪਿੰਡ ਦੇ ਲੋਕ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਹਨ। ਵੇਖਦੇ-ਵੇਖਦੇ ਹੀ ਸਟਰੀਟ ਲਾਈਟਾਂ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਉਸ ਬਾਅਦ ਅਸੀਂ ਪਿੰਡ ਵਿੱਚ ਹਰੇਵਾਈ ਲਿਆਉਣ ਲਈ ਯਤਨ ਕੀਤੇ ਤੇ ਵੰਨ-ਸੁਵੰਨੇ ਪੌਦੇ ਲਾ ਦਿੱਤੇ। ਤੇਲੰਗਾਨਾ ਸਰਕਾਰ ਦੀ ਇੱਕ ਯੋਜਨਾ ‘ਹਰੀਤਾ ਹਰਮ’ ਤਹਿਤ ਕਈ ਪ੍ਰਕਾਰ ਦੇ ਬੂਟੇ ਲਾਏ ਗਏ। ਪਿੰਡ ਦੇ ਬਾਹਰਵਾਰ ਦੀ ਇੱਕ ਸੇਮਨਾਲਾ ਨਿਕਲਦਾ ਸੀ। ਇਸ ਸੇਮਨਾਲੇ ਤੋਂ ਪਾਣੀ ਚੋ-ਚੋ ਕੇ ਇਕ ਪਾਸੇ ਛੱਪੜੀ ਦੇ ਰੁਪ ਵਿੱਚ ਜਾ ਰਿਹਾ ਸੀ। ਪਿੰਡ ਦੇ ਲੋਕ ਇਸਦੇ ਗੰਦੇ ਪਾਣੀ ਤੋਂ ਡੇਂਗੂ ਤੇ ਹੋਰ ਕਈ ਬਿਮਾਰੀਆਂ ਤੋਂ ਪੀੜਤ ਹੁੰਦੇ ਰਹਿੰਦੇ ਸਨ। ਸੇਮਨਾਲੇ ਵਿੱਚੋਂ ਥਾਂ-ਥਾਂ ਵਗਦੇ ਪਾਣੀ ਨੂੰ ਅਸੀਂ ਪਹਿਲਾਂ ਇੱਕ ਥਾਂ ਇਕੱਠਾ ਕਰ ਲਿਆ ਤੇ ਛੋਟਾ ਜਿਹਾ ਤਲਾਬ ਬਣਾ ਲਿਆ ਮੋਟਰ ਨਾਲ ਪਾਣੀ ਕਿਸਾਨਾਂ ਦੇ ਖੇਤਾਂ ਵੱਲ ਭੇਜਣਾ ਸ਼ੁਰੂ ਕੀਤਾ। ਇੰਝ ਖੇਤਾਂ ਵਿਚੋਂ ਪਾਣੀ ਦੀ ਚੋਰੀ ਹੋਣੋ ਹਟ ਗਈ ਤੇ ਲਗਾਤਾਰ ਖੇਤਾਂ ਵਿੱਚ ਪਾਣੀ ਜਾਣ ਨਾਲ ਫਸਲ ਵੀ ਚੰਗੀ ਹੋਣ ਲੱਗੀ, ਜੋ ਅਜੇ ਵੀ ਜਾਰੀ ਹੈ।
ਜ਼ਿਲ੍ਹਾ ਪੁਲਿਸ ਪਿੰਡ ਗੁੰਡਲਾ ਪੱਲੀ ਵਿੱਚ ਭਲਾਈ ਕੰਮ ਕਰਦਿਆਂ ਕਾਫ਼ੀ ਉਤਸ਼ਾਹਿਤ ਹੋ ਗਈ ਤੇ ਅਸੀਂ ਸਿਹਤਮੰਦ ਵਾਤਵਰਣ ਭਰਿਆ ਮਾਹੌਲ ਪੈਦਾ ਕਰਨ ਦੇ ਯਤਨ ਕਰਨ ਲੱਗੇ। ਪਿੰਡ ਵਿੱਚ ਅਸੀਂ ਸਿਹਤ ਕੈਂਪ ਲਾਏ ਤੇ ਜ਼ਿਲ੍ਹਾ ਮੈਡੀਕਲ ਅਫਸਰ ਨਾਲ ਲਗਾਤਾਰ ਰਾਬਤਾ ਰੱਖੀ ਰੱਖਿਆ। ਐਂਬੂਲੈਸ 104 ਪੱਕੀ ਲਵਾ ਲਈ ਗਈ ਤੇ ਮੈਡੀਕਲ ਸਟੋਰ ਵੀ ਖੁੱਲ੍ਹਵਾ ਦਿੱਤਾ ਗਿਆ। ਪਹਿਲਾਂ ਇਥੇ ਐਂਬੂਲੈਂਸ ਕਦੀ ਵੀ ਨਹੀਂ ਸੀ ਆਈ। ਬਿਜਲੀ ਲਈ 33 ਕੇ. ਵੀ ਸਬ ਸਟੇਸ਼ਨ ਚਾਲੂ ਕਰਨ ਲਈ ਸਰਕਾਰ ਨੂੰ ਸਕੀਮ ਬਣਾ ਕੇ ਭੇਜੀ, ਜੋ ਜਲਦੀ ਪਾਸ ਹੋਣ ਵਾਲੀ ਹੈ। ਲੋਕਾਂ ਨੂੰ ਇਕੱਠੇ ਕਰ ਕੇ ਬਰਾਬਰਤਾ ਬਾਰੇ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਸਨ। ਸਿਵਲ ਕਪੜਿਆਂ ਵਿੱਚ ਮਹਿਲਾ ਪੁਲੀਸ ਤਾਇਨਾਤ ਕੀਤੀ ਤੇ ਔਰਤਾਂ ਨਾਲ ਹੁੰਦੀ ਛੇੜ-ਛਾੜ ਬੰਦ ਕੀਤੀ ਗਈ। ਔਰਤਾਂ ਵਿੱਚ ਆਤਮ ਸ਼ਕਤੀ ਦੀ ਪ੍ਰੇਰਨਾ, ਖੇਤੀਬਾੜੀ, ਸਮਾਜਿਕ ਨਿਆਂ, ਹਾਈਜੀਨ ਪੀਸ ਤੇ ਫਿਰਕਾਪ੍ਰਸਤੀ ਵਰਗੇ ਪੱਖਾਂ ਉਤੇ ਵਿਚਾਰ ਚਰਚਾ ਕਰਨ ਦੀ ਯੋਜਨਾ ਬਣਾਉਂਦੇ ਤੇ ਸਿਰੇ ਚਾੜਦੇ ਸਾਂ। ਨਵੇਂ ਢੰਗ ਨਾਲ ਕਿਸਾਨ ਖੇਤੀ ਕਿਵੇਂ ਕਰ ਸਕਦਾ ਹੈ, ਇਸ ਬਾਰੇ ਖੇਤੀ ਮਾਹਰਾਂ ਜਿਲਾ ਖੇਤੀਬਾੜੀ ਅਫਸਰ ਨੂੰ ਬੁਲਾ ਕੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਨਾਬਾਰਡ ਵੱਲੋਂ ਉਚ ਅਧਿਕਾਰੀ ਆਏ। ਕਿਵੇਂ ਕਰਜਾ ਦੇਣਾ ਹੈ। ਮਿਲੇ ਪੈਸੇ ਕਿਵੇਂ ਵਰਤਣੇ ਹਨ, ਅਜਿਹੇ ਪੱਖਾਂ ਤੋਂ ਲੋਕਾਂ ਨੂੰ ਜਾਣੂੰ ਕੀਤਾ। ਮਿੱਟੀ ਤੇ ਬੀਜਾਂ ਦੇ ਟੈਸਟ ਕਰਵਾਏ ਗਏ। ਅਸੀਂ ਪੂਰੇ ਪਿੰਡ ਦਾ ਮੁੱਢਲਾ ਸਰਵੇਖਣ ਕਰਵਾਇਆ ਕਿ ਲੋਕਾਂ ਕੋਲ ਰੋਜ਼ਗਾਰ ਲਈ ਕੀ-ਕੀ ਸਾਧਨ ਮੁਹੱਈਆ ਹਨ। ਅਸੀਂ ਇਹ ਵੀ ਧਿਆਨ ਵਿੱਚ ਰੱਖਿਆ ਕਿ ਸਰਕਾਰ ਵੱਲੋਂ ਮੁਹੱਈਆ ਸਮਾਜ ਭਲਾਈ ਜਾਂ ਦਿਹਾਤੀ ਵਰਗ ਦੇ ਵਿਕਾਸ ਲਈ ਸਕੀਮਾਂ ਦਾ ਵੀ ਪੂਰਾ ਲਾਹਾ ਲਿਆ ਜਾਵੇ। ਲਗਾਤਾਰ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਤੇ ਹਰ ਸਕੀਮ ਬਾਰੇ ਉਹਨਾਂ ਨੂੰ ਤਫਸੀਲ ਨਾਲ ਜਾਣੂੰ ਕਰਵਾ ਕੇ ਕੰਮ ਵਿੱਢਿਆ ਜਾਂਦਾ ਸੀ। ਸਫ਼ਾਈ ਮੁਹਿੰਮ ਤੋਂ ਪਹਿਲਾਂ ਅਸੀਂ ਪਿੰਡ ਦਾ ਕੂੜਾ ਕਰਕਟ ਸਮੇਟਣ ਲਈ ਡੰਪਿੰਗ ਵਾਸਤੇ ਜਗ੍ਹਾ ਚੁਣੀ। ਤਹਿਸੀਲਦਾਰ ਨੂੰ ਨਾਲ ਲੈ ਕੇ ਸ਼ਮਸਾਨਘਾਟ ਲਈ ਜਗ੍ਹਾ ਲੱਭੀ ਗਈ।
ਪੰਚਾਇਤ ਘਰ ਤੇ ਸਕੂਲ ਦਾ ਰੁਕਿਆ ਕੰਮ ਕਰਵਾ ਦਿੱਤਾ। ਨਾਲਗੌਂਡਾ ਜ਼ਿਲ੍ਹੇ ਵਿੱਚੋਂ ਅਸੀਂ ਸੀਮਿੰਟ ਤੇ ਦਵਾਈਆਂ ਵਾਲੀਆਂ ਕੁਝ ਵੱਡੀਆਂ ਕੰਪਨੀਆਂ ਸਮਾਜਿਕ ਜ਼ਿੰਮੇਵਾਰੀ ਸਮਝਿਆ ਨੂੰ ਪ੍ਰੇਰਿਤ ਕੀਤਾ ਤੇ ਪਿੰਡ ਦੇ ਵਿਕਾਸ ਲਈ ਉਨ੍ਹਾਂ ਪਾਸੋਂ ਬਣਦਾ ਯੋਗਦਾਨ ਪੁਵਾਇਆ ਗਿਆ। ਅਜੇ ਵੀ ਅਜਿਹੇ ਲੋਕ ਆਪਣਾ ਸਹਿਯੋਗ ਪਿੰਡ ਲਈ ਜਾਰੀ ਰੱਖ ਰਹੇ ਹਨ। ਮੈਂ ਸਮਝਦਾ ਹਾਂ ਕਿ ਇਕੱਲੀ ਜ਼ਿਲ੍ਹਾ ਪੁਲਿਸ ਹੀ ਇਹ ਸਭ ਕੁਝ ਨਹੀਂ ਸੀ ਕਰ ਸਕਦੀ। ਪਿੰਡ ਦੇ ਲੋਕਾਂ ਦਾ ਬਹੁਪੱਖੀ ਸਹਿਯੋਗ ਹਮੇਸ਼ਾ ਨਾਲ ਰਿਹਾ। ਮੈਂ ਉਥੇ ਜਿਲਾ ਪੁਲਿਸ ਮੁਖੀ ਦੇ ਤੌਰ ‘ਤੇ 14 ਮਹੀਨੇ ਬਿਤਾਏ। ਮੈਨੂੰ ਉੱਥੋਂ ਬਦਲ ਕੇ ਆਏ ਨੂੰ ਜ਼ਿਲ੍ਹਾ ਅਦੀਲਾਬਾਦ ਵਿੱਚ ਲਗਪਗ 4 ਮਹੀਨੇ ਬੀਤ ਚੱਲੇ ਹਨ ਪਰੰਤੂ ਉਸ ਪਿੰਡ ਦੇ ਲੋਕ ਹਾਲੇ ਵੀ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਜੁਟੇ ਹੋਏ ਹਨ ਤੇ ਪਿੰਡ ਦੀ ਵਿਕਾਸ ਬਾਰੇ ਹਰੇਕ ਸਰਗਰਮੀ ਬਾਰੇ ਫ਼ੋਨ ਉੱਤੇ ਜਾਣਕਾਰੀ ਦਿੰਦੇ ਹੋਏ ਪ੍ਰਸੰਨਤਾ ਮਹਿਸੂਸ ਕਰਦੇ ਹਨ।