Breaking News
Home / ਨਜ਼ਰੀਆ / ਜ਼ਿੰਦਗੀ ਦੇ ਅਨਮੋਲ ਖਜ਼ਾਨੇ ‘ਪਾਣੀ’ ਦੀ ਸਮੱਸਿਆ ਤੇ ਹੱਲ

ਜ਼ਿੰਦਗੀ ਦੇ ਅਨਮੋਲ ਖਜ਼ਾਨੇ ‘ਪਾਣੀ’ ਦੀ ਸਮੱਸਿਆ ਤੇ ਹੱਲ

ਸ਼ਿਨਾਗ ਸਿੰਘ ਸੰਧੂ
ਸ਼ਮਿੰਦਰ ਕੌਰ ਰੰਧਾਵਾ
ਪਾਣੀ ਸਾਡੀ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹੈ। ਅਸੀਂ ਇਹਦੀ ਵਰਤੋਂ ਸੰਜਮ ਨਾਲ ਨਹੀਂ ਕਰਦੇ ਜਿਵੇ ਬੁਰਸ਼ ਕਰਨ, ਨਹਾਉਣ ਵੇਲੇ, ਵਾਹਨ ਧੋਣ, ਪਸ਼ੂਆਂ ਨੂੰ ਨਹਾਉਣ, ਝੋਨਾ ਲਾਉਣ ਅਤੇ ਘਰਾਂ ਦੇ ਫਰਸ਼ ਧੋਣ ਵੇਲੇ। ਪਬਲਿਕ ਥਾਵਾਂ ਅਤੇ ਘਰਾਂ ਵਿੱਚ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਅਤੇ ਟੂਟੀਆਂ ਰਾਹ ਵਿੱਚ ਅਕਸਰ ਹੀ ਲੀਕ ਹੋਣ ਕਰਕੇ ਟੈਂਕੀ ਖਤਮ ਹੋਣ ਤੱਕ ਪਾਣੀ ਵਗਦਾ ਰਹਿੰਦਾ ਹੈ। ਘਰਾਂ ਵਿੱਚ ਵੀ ਬਾਰਿਸ਼ ਦਾ ਪਾਣੀ ਸਟੋਰ ਕਰਕੇ ਫੁੱਲਾਂ ਅਤੇ ਸਬਜ਼ੀਆਂ ਨੂੰ ਦਿੱਤਾ ਜਾ ਸਕਦਾ ਹੈ ਪਰ ਜਾਗਰੂਕਤਾ ਦੀ ਅਣਹੋਂਦ ਕਰਕੇ ਲੋਕ ਅਜਿਹਾ ਨਹੀਂ ਕਰਦੇ। ਪਾਣੀ ਦਾ ਵਿਸ਼ਾ ਏਨਾ ਗੰਭੀਰ ਅਤੇ ਚਿੰਤਾਜਨਕ ਹੋਣ ਦੇ ਬਾਵਜੂਦ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।
ਕੇਂਦਰ ਸਰਕਾਰ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਖੇਤੀ ਉਦਯੋਗ ਅਤੇ ਘਰੇਲੂ ਵਰਤੋਂ ਲਈ ਧਰਤੀ ਹੇਠਲਾ ਪਾਣੀ ਤੇਜ਼ ਰਫਤਾਰ ਨਾਲ ਕੱਢਿਆ ਜਾ ਰਿਹਾ ਹੈ। ਪਰ ਬਰਸਾਤ ਤੋਂ ਮਿਲਣ ਵਾਲੇ ਪਾਣੀ ਨੂੰ ਸੰਭਾਲਣ ਲਈ ਯਤਨ ਨਹੀਂ ਕੀਤੇ ਜਾਂਦੇ। ਜੇ ਪਾਣੀ ਨੂੰ ਧਰਤੀ ਹੇਠ ਰਿਸਾਉਣ (ਰੀਚਾਰਜ਼) ਲਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਜਾਵੇਗਾ। ਪਿਛਲੇ ਦਿਨੀ ਨੀਤੀ ਅਯੋਗ ਵੱਲੋਂ ਰਿਪੋਰਟ ਜਾਰੀ ਕੀਤੀ ਗਈ ਸੀ ਕਿ 2020 ਤੱਕ 21 ਸ਼ਹਿਰਾਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਜਿਨ੍ਹਾਂ ਵਿੱਚ ਪੰਜ ਸ਼ਹਿਰ ਪੰਜਾਬ ਦੇ ਵੀ ਸ਼ਾਮਿਲ ਹਨ। ਕੇਂਦਰੀ ਟ੍ਰਿਬਿਊਨਲ ਨੇ ਰਿਪੋਰਟ ‘ਚ ਕਿਹਾ ਸੀ ਕਿ ਸੰਨ 2025 ਤੱਕ ਪਾਣੀ 300-400 ਮੀਟਰ ਦੀ ਡੂੰਘਾਈ ਤੱਕ ਪਾਣੀ ਖਤਮ ਹੋ ਜਾਵੇਗਾ। ਵੇਖਦੇ ਹੀ ਵੇਖਦੇ ਨਲਕਿਆ ਦੀ ਡੂੰਘਾਈ ਪੰਜ ਛੇ ਫੁੱਟ ਤੋਂ ਸਾਢੇ ਤਿੰਨ ਸੋ ਚਾਰ ਸੋ ਚਲੀ ਗਈ। ਆਉਣ ਵਾਲੀਆਂ ਪੁਸ਼ਤਾਂ ਲਈ ਪਾਣੀ ਬਿਨਾ ਜਿੰਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ। ਅਸੀਂ ਚਾਰ ਪੌਦੇ ਲਗਾ ਕੇ ਤਸਵੀਰਾਂ ਖਿਚਾਉਣ ਅਤੇ ਅਖਬਾਰ ਦੀਆਂ ਸੁਰਖੀਆਂ ਬਨਣ ਤੱਕ ਹੀ ਸੀਮਤ ਰਹਿ ਗਏ ਹਾਂ। ਪੌਦੇ ਲਗਾਉਣਾ ਸ਼ਲਾਘਾਯੋਗ ਕੰਮ ਹੈ, ਪੌਦੇ ਭਾਵੇਂ ਥੋੜ੍ਹੇ ਹੀ ਲਗਾਉ ਪਰ ਸਾਂਭ ਸੰਭਾਲ ਕਰਨੀ ਵੀ ਅਤਿ ਜਰੂਰੀ ਹੈ। ਪਰਾਲੀ ਜਾਂ ਨਾੜ ਨੂੰ ਅੱਗ ਲਾਉਂਦੇ ਸਮੇਂ ਬਹੁਤ ਸਾਰੇ ਪੌਦੇ ਅਤੇ ਰੁੱਖ ਸੜ ਜਾਂਦੇ ਹਨ। ਉਸ ਸਮੇਂ ਕੋਈ ਵੀ ਵਿਅਕਤੀ ਭਵਿੱਖ ਦੀ ਚਿੰਤਾ ਨਹੀਂ ਕਰਦਾ। ਸਾਂਭ ਸੰਭਾਲ ਲਈ ਸਰਕਾਰਾਂ ਅਤੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਸ਼ਿੱਦਤ ਨਾਲ ਕੰਮ ਕਰਨ ਦੀ ਲੋੜ ਹੈ।
ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰ ਦੁਆਰਾ ਸਰਕਾਰੀ ਅਧਿਕਾਰੀਆਂ ਅਤੇ ਜਨਤਾ ਦੇ ਸਹਿਯੋਗ ਨਾਲ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੁਝ ਕਦਮ ਅਮਲ ਵਿੱਚ ਲਿਆ ਕੇ ਕਾਰਗਰ ਸਿੱਧ ਹੋ ਸਕਦੇ ਹਨ। ਆਮ ਕਰਕੇ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਮੀਟਿੰਗਾਂ ਉੱਚ ਅਧਿਕਾਰੀਆਂ ਨਾਲ ਕੀਤੀਆਂ ਜਾਂਦੀਆ ਹਨ ਜਿਸ ਵਿੱਚ ਜ਼ਿਆਦਾਤਰ ਕਾਗਜ਼ੀ ਕਾਰਵਾਈ ਹੀ ਪੂਰੀ ਕੀਤੀ ਜਾਂਦੀ ਹੈ ਪਰ ਅਸਲੀਅਤ ਕੁੱਝ ਹੋਰ ਹੁੰਦੀ ਹੈ। ਇਹ ਮੀਟਿੰਗ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਕੀਤੀ ਜਾਣੀ ਚਾਹੀਦੀ ਹੈ ਅਤੇ ਪਰੈਕਟੀਕਲ ਕੰਮ ਦੀ ਰਿਪੋਰਟ ਮੰਗੀ ਜਾਵੇ ਕਿ ਕਿੰਨੇ ਬੂਟੇ ਲਗਾਏ ਹਨ ਅਤੇ ਕਿੰਨੇ ਜਿੰਦਾ ਹਨ ਜਿਨ੍ਹਾਂ ਨੂੰ ਪਾਣੀ ਲਗਾਇਆ ਜਾ ਰਿਹਾ ਹੈ ਅਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਕਦੇ-ਕਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਅਕਤੀਗਤ ਤੌਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਕੋਈ ਵੀ ਵਿਅਕਤੀ ਜਾ ਸੰਸਥਾ ਜੋ ਸਮਾਜ ਭਲਾਈ ਦਾ ਕੰਮ ਅੱਗੇ ਹੋ ਕੇ ਕਰਦੀ ਹੈ ਉਸ ਦਾ ਉਤਸ਼ਾਹ ਵਧਾਉਣ ਲਈ ਸਮੇਂ-ਸਮੇਂ ‘ਤੇ ਉਸ ਦੇ ਕੰਮਾਂ ਨੂੰ ਵਿਚਾਰਦੇ ਹੋਏ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਅਤੇ ਲੋੜੀਂਦੀ ਸਹੂਲਤ ਵੀ ਮਹੱਈਆ ਕਰਵਾਉਣੀ ਚਾਹੀਦੀ ਹੈ।
ਵਾਟਰ ਰੀਚਾਰਜ਼ ਲਈ ਇਹ ਮੀਟਿੰਗਾਂ ਬਲਾਕ ਪੱਧਰ ‘ਤੇ ਵੱਖ-ਵੱਖ ਸਰਕਾਰੀ ਅਫਸਰਾਂ ਜਿਵੇਂ ਬਲਾਕ ਡਿਵੈਲਪਮੈਂਟ ਅਫਸਰ, ਬਲਾਕ ਖੇਤੀਬਾੜੀ ਅਫਸਰ, ਬਲਾਕ ਸਿੱਖਿਆ ਅਫਸਰ, ਸੀ.ਡੀ.ਪੀ.ਓ, ਬੈਂਕ ਮੈਨੇਜਰ, ਬਾਗਬਾਨੀ ਵਿਭਾਗ, ਬਿਜਲੀ ਬੋਰਡ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੁਲਿਸ ਮਹਿਕਮੇ ਨਾਲ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਡੇਰਾ ਮੁੱਖੀ ਬਾਬੇ, ਸੰਪ੍ਰਦਾਵਾਂ ਦੇ ਮੁਖੀ, ਸਮਾਜ ਸੇਵੀ ਸੰਸਥਾਵਾਂ, ਨੌਜਵਾਨ ਕਲੱਬਾਂ, ਐਨ.ਜੀ.ਓ, ਪੱਤਰਕਾਰ, ਲ਼ੇਖਕ, ਜੀ.ਓ.ਜੀ, ਬਰਫ ਦੇ ਕਾਰਖਾਨਿਆਂ ਦੇ ਮਾਲਕ, ਸਰਵਿਸ ਸ਼ਟੇਸ਼ਨ ਅਤੇ ਮੈਰਿਜ ਪੈਲਿਸ ਦੇ ਮਾਲਕ ਪਾਣੀ ਦੀ ਸਮੱਸਿਆ ਦੇ ਹੱਲ ਕਰਨ ਲਈ ਅਹਿਮ ਰੋਲ ਨਿਭਾਅ ਸਕਦੇ ਹਨ। ਬਲਾਕ ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਦੀ ਵੰਡ ਕੰਮਾਂ ਦੇ ਅਧਾਰ ਤੇ ਕਰਕੇ ਇਸ ਮਿਸ਼ਨ ਨੂੰ ਹੋਰ ਸੁਖਾਲਾ ਕੀਤਾ ਜਾ ਸਕਦਾ ਹੈੇ। ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ ਪਿੰਡ ਦੀਆਂ ਨਾਲੀਆਂ, ਸੀਵਰੇਜ਼ ਅਤੇ ਛੱਤਾਂ ਦੇ ਪਾਣੀ ਦਾ ਨਿਕਾਸ ਵੇਖੇ। ਬਲਾਕ ਖੇਤੀਬਾੜੀ ਅਫਸਰ ਕਿਸਾਨਾਂ ਦੇ ਖੇਤਾਂ ਵਿੱਚ ਵਾਧੂ ਪਾਣੀ ਨੂੰ ਰੀਚਾਰਜ਼ ਕਰਨ ਲਈ ਵਾਟਰ ਹਾਰਵੈਸਟਿੰਗ ਬੋਰ ਦਾ ਪ੍ਰਬੰਧ ਕਰੇ। ਜੇਕਰ ਪਾਣੀ ਜ਼ਹਿਰੀਲਾ ਹੈ ਤਾਂ ਸੀਵਰੇਜ਼ ਟਰੀਟਮੈਂਟ ਪਲਾਂਟ ਦੁਆਰਾ ਸ਼ੁੱਧ ਕਰਕੇ ਪਾਣੀ ਨੂੰ ਧਰਤੀ ਹੇਠ ਰਿਸਾਉਣ ਦਾ ਪ੍ਰਬੰਧ ਕੀਤਾ ਜਾਵੇ। ਚਾਇਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਅਤੇ ਬਲਾਕ ਸਿੱਖਿਆ ਅਫਸਰ ਆਪਣੇ ਅਧੀਨ ਆੳਂਦੇ ਸਕੂਲਾਂ ਵਿੱਚ ਪਾਣੀ ਦੇ ਰੀਸਾਉ ਲਈ ਯੋਗ ਕਦਮ ਚੁੱਕੇ ਅਤੇ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਬੈਂਕ ਮੈਨੇਜਰ ਨੂੰ ਹਦਾਇਤ ਕੀਤੀ ਜਾਵੇ ਕਿ ਕਰਜ਼ਾ ਦਿੰਦੇ ਸਮੇਂ ਪਾਣੀ ਦੇ ਰਸਾਇਣ ਦੀ ਸ਼ਰਤ ਨੂੰ ਵਿਚਾਰਿਆ ਜਾਵੇ। ਬਾਗਬਾਨੀ ਵਿਭਾਗ ਵੱਧ ਤੋਂ ਵੱਧ ਰੁੱਖਾਂ ਦਾ ਪ੍ਰਬੰਧ ਕਰੇ। ਬਿਜਲੀ ਬੋਰਡ ਬਿਜਲੀ ਦੇ ਖੰਭਿਆਂ ਅਤੇ ਤਾਰਾਂ ਦੀ ਦੇਖਭਾਲ ਕਰਦਾ ਰਹੇ ਤਾਂ ਜੋ ਰੁੱਖਾਂ ਅਤੇ ਪੌਦਿਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਾਣੀ ਦੀ ਸਪਲਾਈ ਦੀਆਂ ਪਾਇਪਾਂ ਨੂੰ ਸਮੇਂ-ਸਮੇਂ ਸਿਰ ਚੈਕ ਕਰਨਾ ਨਿਸ਼ਚਿਤ ਕਰੇ ਤਾਂ ਜੋ ਪਾਣੀ ਦੀ ਬਰਬਾਦੀ ਨਾ ਹੋ ਸਕੇ। ਸਿਹਤ ਵਿਭਾਗ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਸਬੰਧੀ ਸੈਮੀਨਾਰ ਲਗਾਵੇ। ਪੁਲਿਸ ਮਹਿਕਮਾਂ ਉਹਨਾਂ ਸ਼ਰਾਰਤੀ ਅਨਸਰਾਂ ਤੇ ਨਿਗਰਾਨੀ ਰੱਖੇ ਅਤੇ ਸਖ਼ਤ ਕਾਰਵਾਈ ਕਰੇ ਜੋ ਰੁੱਖਾ, ਟਰੀਟਮੈਂਟ ਪਲਾਂਟ ਅਤੇ ਟੂਟੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦੇ ਹਨ। ਇਸ ਤਰ੍ਹਾਂ ਜੇਕਰ ਕੰਮਾਂ ਦੀ ਵੰਡ ਕਰ ਦਿੱਤੀ ਜਾਵੇ ਤਾਂ ਪਾਣੀ ਰੀਚਾਰਜ਼ ਦੀ ਪ੍ਰਕਿਰਿਆ ਦਾ ਕੰਮ ਬਹੁਤ ਸੁਖਾਲਾ ਹੋ ਜਾਵੇਗਾ। ਡੇਰਾ ਮੁਖੀ ਅਤੇ ਸੰਪ੍ਰਦਾਵਾਂ ਦੇ ਮੁਖੀਆਂ ਕੋਲ ਅਥਾਹ ਪੈਸਾ ਹੁੰਦਾ ਹੈ ਜਿਸ ਨਾਲ ਉਹ ਗੁਰਦੁਵਾਰੇ ਅਤੇ ਗੇਟ ਬਣਾਉਣ ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ। ਪਰ ਇਸ ਦਾ ਜਨਤਾ ਦੀ ਭਲਾਈ ਤੇ ਜ਼ਿਆਦਾ ਅਸਰ ਨਹੀਂ ਹੁੰਦਾ ਸਗੋਂ ਇਸ ਪੈਸੇ ਨਾਲ ਲੋੜੀਂਦੇ ਥਾਵਾਂ ਤੇ ਵਾਟਰ ਹਾਰਵੈਸਟਿੰਗ ਬੋਰ ਕਰਵਾ ਕੇ ਧਰਤੀ ਹੇਠਾ ਪਾਣੀ ਸਟੋਰ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਿਸ ਤੇ ਕਿ ਸਿਰਫ ਵੱਧ ਤੋਂ ਵੱਧ ਪੰਜਾਹ ਸੱਠ ਹਜ਼ਾਰ ਰੁਪਏ ਦੀ ਲਾਗਤ ਹੀ ਆਉਂਦੀ ਹੈ। ਲੇਖਕ ਅਤੇ ਪੱਤਰਕਾਰਾਂ ਵੱਲੋਂ ਦਿੱਤੇ ਗਏ ਯੋਗ ਸੁਝਾਅ ਵੀ ਅਮਲ ਵਿੱਚ ਲਿਆਂਦੇ ਜਾ ਸਕਦੇ ਹਨ। ਬਰਫ ਦੇ ਕਾਰਖਾਨਿਆਂ ਦੇ ਮਾਲਕਾਂ, ਸਰਵਿਸ ਸ਼ਟੇਸ਼ਨ, ਮੈਰਿਜ਼ ਪੈਲੇਸ ਅਤੇ ਹੋਟਲ ਦੇ ਮਾਲਕਾਂ ਨੂੰ ਵਾਟਰ ਹਾਰਵੈਸਟਿੰਗ ਬੋਰ ਲਈ ਨੋਟਿਸ ਕੱਢੇ ਜਾ ਸਕਦੇ ਹਨ।
ਪਾਣੀ ਦੀ ਸਾਭ ਸੰਭਾਲ ਲਈ ਰਿਵਾਇਤੀ ਤੇ ਅਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਬਰਸਾਤ ਦੇ ਦਿਨਾਂ ਵਿੱਚ ਕੰਢੀ ਇਲਾਕੇ ਵਿੱਚ ਵੱਡੀ ਪੱਧਰ ‘ਤੇ ਚੈਕ ਡੈਮ ਬਣਾ ਕੇ ਵੱਖ-ਵੱਖ ਥਾਵਾਂ ‘ਤੇ ਨਦੀਆਂ ਅਤੇ ਨਾਲਿਆਂ ਦੇ ਪਾਣੀ ਨੂੰ ਰੋਕ ਕੇ ਵੱਧ ਤੋਂ ਵੱਧ ਪਾਣੀ ਧਰਤੀ ਹੇਠ ਰਸਾਇਆ ਜਾ ਸਕਦਾ ਹੈ। ਵਾਟਰ ਹਾਰਵੈਸਟਿੰਗ ਬੋਰ ਕਰਵਾ ਕੇ ਪਾਣੀ ਨੂੰ ਰੀਚਾਰਜ਼ ਕੀਤਾ ਜਾ ਸਕਦਾ ਹੈ। ਪਰ ਜਿੱਥੇ ਪਾਣੀ ਲੋੜ ਤੋਂ ਵੱਧ ਗੰਦਾ ਤੇ ਜ਼ਹਿਰੀਲਾ ਹੈ ਜਾਂ ਝੋਨੇ ਦਾ ਕੀਟਨਾਸ਼ਕ ਦਵਾਈਆਂ ਵਾਲਾ ਪਾਣੀ ਹੈ ਉੱਥੇ ਪਾਣੀ ਨੂੰ ਧਰਤੀ ਹੇਠ ਸਿੱਧਾ ਰੀਚਾਰਜ਼ ਨਹੀਂ ਕਰਨਾ ਚਾਹੀਦਾ ਕਿੳਂਕਿ ਇਹ ਪਾਣੀ ਜਦੋਂ ਧਰਤੀ ਹੇਠਲੇ ਪਾਣੀ ਨਾਲ ਮਿਲੇਗਾ ਤਾਂ ਪੀਣ ਵਾਲੇ ਪਾਣੀ ਨੂੰ ਵੀ ਦੂਸ਼ਿਤ ਕਰੇਗਾ। ਫਲਸਰੂਪ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂਆਂ ਅਤੇ ਮਨੁੱਖਾਂ ਲਈ ਲੰਬੇ ਸਮੇਂ ਤੱਕ ਜਿੰਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣਗੀਆਂ ।ਜਿੱਥੇ ਅਜਿਹੀ ਸਮੱਸਿਆ ਹੈ ਉਥੇ ਨਾਲ ਸੀਵਰੇਜ਼ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇ ਤਾਂ ਜੋ ਧਰਤੀ ਹੇਠ ਸ਼ੁੱਧ ਪਾਣੀ ਦਾ ਰੀਚਾਰਜ ਹੋ ਸਕੇ।
ਸ਼ਹਿਰਾਂ ਅਤੇ ਪਿੰਡਾਂ ਵਿੱਚ ਇਮਾਰਤਾਂ ਦੀਆਂ ਛੱਤਾਂ ‘ਤੇ ਪਾਣੀ ਨੂੰ ਜ਼ਮੀਨ ਹੇਠਾਂ ਰਸਾਉਣ ਲਈ ਲੋੜੀਂਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਗਰੀਬ ਵਰਗ ਦੇ ਘਰਾਂ ਦੇ ਨੇੜੇ ਇੱਕਠੇ ਹੋਏ ਪਾਣੀ ਨੂੰ ਰਸਾਉਣ ਲਈ ਸਰਕਾਰ ਵੱਲੋਂ ਯੋਗ ਕਦਮ ਚੁੱਕੇ ਜਾਣੇ ਚਾਹੀਦੇ ਹਨ। ਜਿੰਨੀ ਹੋ ਸਕੇ ਮਾਲੀ ਸਹਾਇਤਾ ਵੀ ਕਰਨੀ ਚਾਹੀਦੀ ਹੈ। ਇੱਕਲੇ ਕਿਸਾਨਾਂ ਨੂੰ ਹੀ ਪਾਣੀ ਦੀ ਕਿਲਤ ਦਾ ਜਿੰਮੇਵਾਰ ਠਹਿਰਾਇਆ ਨਹੀਂ ਜਾ ਸਕਦਾ। ਅਸਲੀਅਤ ਇਹ ਹੈ ਕਿ ਇਸ ਵਿੱਚ ਸੰਸਥਾਵਾਂ, ਵਿਅਕਤੀ, ਸਨਅਤਕਾਰ ਅਤੇ ਵਿਗਿਆਨੀ ਵੀ ਸ਼ਾਮਿਲ ਹਨ। ਝੋਨੇ ਤੋਂ ਇਲਾਵਾ ਬਦਲਵੀਆਂ ਵਪਾਰਕ ਫਸਲਾਂ ਦਾ ਸਰਕਾਰ ਵੱਲੋਂ ਘੱਟ ਤੋਂ ਘੱਟ ਸਮੱਰਥਨ ਮੁੱਲ ਤੈਹ ਕੀਤਾ ਜਾਣਾ ਚਾਹੀਦਾ ਹੈ। ਮੰਡੀਕਰਨ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ ਤਾਂ ਜੋ ਕਿਸਾਨਾਂ ਦੇ ਮਨਾਂ ਵਿੱਚ ਬਦਲਵੀਆਂ ਫਸਲਾਂ ਦਾ ਰੁਝਾਨ ਵੱਧ ਸਕੇ।
ਬੂੰਦ-ਬੂੰਦ ਮਿਲ ਕੇ ਹੀ ਸਾਗਰ ਬਣਦਾ ਹੈ। ਇਸ ਲਈ ਜੀਵਨ ਦੇ ਕਲਿਆਣਕਾਰੀ ਕੰਮਾਂ ਲਈ ਕੋਈ ਵੀ ਇਕੱਲਾ ਵਿਅਕਤੀ ਕਾਮਯਾਬ ਨਹੀਂ ਹੋ ਸਕਦਾ। ਦੇਸ਼ ਦੇ ਹਰੇਕ ਨਾਗਰਿਕ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਕੰਮ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਹਰੇਕ ਵਿਅਕਤੀ ਦੀਆਂ ਆਉਣ ਵਾਲੀਆਂ ਪੁਸ਼ਤਾਂ ਦਾ ਸਵਾਲ ਹੈ।ਆਓ ਇੱਕਜੁੱਟ ਹੋ ਕੇ ਪਾਣੀ ਦੀ ਸਾਂਭ ਸੰਭਾਲ ਕਰਨ ਲਈ ਮੂਹਰੇ ਹੋ ਕੇ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਵੱਡਿਆਂ ‘ਤੇ ਫਖ਼ਰ ਮਹਿਸੂਸ ਕਰਨ।
ਮੋ:97816-93300

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …