95012-00200 ਨੰਬਰ ’ਤੇ ਕੀਤੀ ਜਾ ਸਕੇਗੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਭਿ੍ਰਸ਼ਟਾਚਾਰ ਦੀ ਸ਼ਿਕਾਇਤ ਕਰਨ ਨੂੰ ਲੈ ਕੇ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਲਈ 95012-00200 ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੇ ਇਹ ਨੰਬਰ ਖਟਕੜ ਕਲਾਂ ਵਿਖੇ ਜਾਰੀ ਕੀਤਾ ਅਤੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਰਿਸ਼ਵਤਖੋਰੀ ਅਤੇ ਹਫਤਾ ਵਸੂਲੀ ਦੀ ਸ਼ਿਕਾਇਤ ਹੁਣ ਲੋਕ ਇਸ ਨੰਬਰ ’ਤੇ ਕਰ ਸਕਦੇ ਹਨ। ਦੱਸਿਆ ਗਿਆ ਕਿ ਇਸ ਵਟਸਅੱਪ ਨੰਬਰ ’ਤੇ ਭਿ੍ਰਸ਼ਟਾਚਾਰ ਸਬੰਧੀ ਕੋਈ ਵੀ ਆਡੀਓ ਅਤੇ ਵੀਡੀਓ ਵੀ ਭੇਜੀ ਜਾ ਸਕਦੀ ਹੈ, ਜੋ ਸਿੱਧੀ ਭਗਵੰਤ ਮਾਨ ਦੇ ਕੋਲ ਪਹੁੰਚੇਗੀ। ਭਗਵੰਤ ਮਾਨ ਨੇ ਵਟਸਅੱਪ ਨੰਬਰ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮਨਾ ਨਾ ਕਰਿਓ, ਸਿਰਫ ਉਨ੍ਹਾਂ ਦੀ ਆਡੀਓ ਅਤੇ ਵੀਡੀਓ ਬਣਾ ਕੇ ਜਾਰੀ ਕੀਤੇ ਗਏ ਵਟਸਅੱਪ ਨੰਬਰ ’ਤੇ ਭੇਜ ਦਿਓ। ਇਸ ਤੋਂ ਬਾਅਦ ਭਿ੍ਰਸ਼ਟਾਚਾਰ ਖਿਲਾਫ ਜ਼ਰੂਰ ਐਕਸ਼ਨ ਲਿਆ ਜਾਵੇਗਾ ਅਤੇ ਇਸ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਵੀ ਮੰਤਰੀ, ਵਿਧਾਇਕ ਅਤੇ ਅਫਸਰ ਨੂੰ ਵੀ ਨਹੀਂ ਬਖਸਿਆ ਜਾਵੇਗਾ। ਭਗਵੰਤ ਮਾਨ ਨੇ ਇਹ ਅਪੀਲ ਵੀ ਕੀਤੀ ਕਿ ਇਸ ਨੰਬਰ ’ਤੇ ਸਿਰਫ ਭਿ੍ਰਸ਼ਟਾਚਾਰ ਸਬੰਧੀ ਹੀ ਸ਼ਿਕਾਇਤ ਕੀਤੀ ਜਾਵੇ। ਧਿਆਨ ਰਹੇ ਕਿ ਭਗਵੰਤ ਮਾਨ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਹ 23 ਮਾਰਚ ਨੂੰ ਭਿ੍ਰਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕਰਨਗੇ।