Breaking News
Home / ਪੰਜਾਬ / ਕੈਪਟਨ ਅਤੇ ਸਿੱਧੂ ‘ਚ ਟਕਰਾਅ ਦਾ ਮਾਹੌਲ ਹਾਈਕਮਾਨ ਲਈ ਚੁਣੌਤੀ

ਕੈਪਟਨ ਅਤੇ ਸਿੱਧੂ ‘ਚ ਟਕਰਾਅ ਦਾ ਮਾਹੌਲ ਹਾਈਕਮਾਨ ਲਈ ਚੁਣੌਤੀ

ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਸਿੱਧੂ ਨਾਲ ਮਤਭੇਦ ਖਤਮ ਕਰਨ ਦਾ ਦਿੱਤਾ ਸੀ ਮਸ਼ਵਰਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਟਕਰਾਅ ਦਾ ਮਾਹੌਲ ਕਾਂਗਰਸ ਹਾਈਕਮਾਨ ਲਈ ਵੀ ਚੁਣੌਤੀ ਬਣਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਸਿੱਧੂ ਨਾਲ ਮੱਤਭੇਦ ਦੂਰ ਕਰਨ ਦਾ ਮਸ਼ਵਰਾ ਵੀ ਦਿੱਤਾ ਸੀ ਪਰ ਦੋਵੇਂ ਆਗੂਆਂ ਦਰਮਿਆਨ ਅਜੇ ਤਕ ਮੀਟਿੰਗ ਸੰਭਵ ਨਹੀਂ ਹੋ ਸਕੀ ਹੈ। ਕੈਪਟਨ ਅਤੇ ਸਿੱਧੂ ਦਰਮਿਆਨ ਮੱਤਭੇਦ ਭਾਵੇਂ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਸ਼ੁਰੂ ਹੋ ਗਏ ਸਨ ਪਰ ਮੇਅਰਾਂ ਦੀ ਚੋਣ ਪ੍ਰਕਿਰਿਆ ਵਿੱਚੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਲਾਂਭੇ ਕਰ ਦੇਣ ਨਾਲ ਮਾਮਲਾ ਜਨਤਕ ਤੌਰ ‘ਤੇ ਸਾਹਮਣੇ ਆ ਗਿਆ। ਸਿੱਧੂ ਵੱਲੋਂ ਅਕਾਲੀ-ਭਾਜਪਾ ਸਰਕਾਰ ਵੇਲੇ ਤੋਂ ਕੇਬਲ ਕਾਰੋਬਾਰ ‘ਤੇ ਏਕਾਅਧਿਕਾਰ ਕਾਇਮ ਕਰ ਚੁੱਕੀ ਵਿਵਾਦਿਤ ਕੰਪਨੀ ‘ਫਾਸਟਵੇਅ’ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਖੁੱਲ੍ਹ ਕੇ ਮੈਦਾਨ ਵਿਚ ਨਿੱਤਰਨਾ ਅਤੇ ਕੁਝ ਚੋਣਵੇਂ ਅਫ਼ਸਰਾਂ ਖਿਲਾਫ਼ ਕਾਰਵਾਈ ਦੀਆਂ ਸਿਫਾਰਿਸ਼ਾਂ ਨੂੰ ਹੀ ਦੋਵੇਂ ਆਗੂਆਂ ਦਰਮਿਆਨ ਮੱਤਭੇਦ ਉਭਰਣ ਦੇ ਵੱਡੇ ਕਾਰਨ ਮੰਨਿਆ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਵੀ ਕਈ ਮਾਮਲਿਆਂ ਵਿਚ ਸਿੱਧੂ ਖੁੱਲ੍ਹ ਕੇ ਬੋਲਦੇ ਹਨ।
ਕਾਂਗਰਸ ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਲ ਹੀ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਜਦੋਂ ਮੀਟਿੰਗ ਹੋਈ ਸੀ ਤਾਂ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨਾਲ ਵਿਗੜ ਰਹੇ ਸਬੰਧਾਂ ਦਾ ਮਾਮਲਾ ਵਿਚਾਰਿਆ ਸੀ ਅਤੇ ਉਨ੍ਹਾਂ ਨੂੰ ਮੱਤਭੇਦ ਦੂਰ ਕਰਨ ਦੀ ਸਲਾਹ ਦਿੱਤੀ ਸੀ। ਕੈਪਟਨ ਅਤੇ ਰਾਹੁਲ ਗਾਂਧੀ ਦਰਮਿਆਨ ਹੋਈ ਮੀਟਿੰਗ ਦੌਰਾਨ ਕਾਂਗਰਸ ਦੇ ਹੋਰ ਨੇਤਾ ਵੀ ਮੌਜੂਦ ਸਨ। ਇਸੇ ਮੀਟਿੰਗ ਦੌਰਾਨ ਹੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਨੇ ਸਿੱਧੂ ਨੂੰ ਵੀ ਮੱਤਭੇਦ ਖ਼ਤਮ ਕਰਨ ਲਈ ਕਿਹਾ ਸੀ।
ਗਾਂਧੀ ਦੇ ਦਖ਼ਲ ਤੋਂ ਬਾਅਦ ਵੀ ਦੋਹਾਂ ਆਗੂਆਂ ਵੱਲੋਂ ਸੁਲਾਹ ਲਈ ਅਜੇ ਤਕ ਕਦਮ ਅੱਗੇ ਨਹੀਂ ਵਧਾਏ ਜਾਣ ਕਰਕੇ ਪਾਰਟੀ ਲਈ ਇਹ ਫਿਕਰ ਦਾ ਕਾਰਨ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵਿੱਚ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਸਿੱਧੂ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ ਸੰਭਾਲਣ ਤੋਂ ਬਾਅਦ ਕਈ ਅਜਿਹੇ ਫ਼ੈਸਲੇ ਲਏ ਗਏ ਜਿਨ੍ਹਾਂ ‘ਤੇ ਮੁੱਖ ਮੰਤਰੀ ਦਫ਼ਤਰ ਜਾਂ ਮੁੱਖ ਸਕੱਤਰ ਦੇ ਦਫ਼ਤਰ ਵੱਲੋਂ ਮੋਹਰ ਨਹੀਂ ਲਾਈ ਗਈ।
ਕੈਪਟਨ ਨਾਲ ਕੋਈ ਮੱਤਭੇਦ ਨਹੀਂ: ਸਿੱਧੂ
ਸੰਗਰੂਰ/ਬਿਊਰੋ ਨਿਊਜ਼ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਮਤਭੇਦ ਨਹੀਂ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਆਪਣੀ ਗੱਲ ਰੱਖਣ ਲਈ ਆਪਣੇ ਲੋਕਾਂ ਨਾਲ ਹੀ ਲੜਾਈ ਲੜਨੀ ਪੈਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਨਾ ਤਾਂ ਕੋਈ ਮਤਭੇਦ ਹਨ ਅਤੇ ਨਾ ਹੀ ਕੋਈ ਨਿੱਜੀ ਗਿਲਾ-ਸ਼ਿਕਵਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੂੰ ਸਿਰਫ਼ ਦਸ ਮਹੀਨਿਆਂ ਦਾ ਸਮਾਂ ਚਾਹੀਦਾ ਹੈ। ਇਸ ਤੋਂ ਵੱਧ ਹੋਰ ਸਮਾਂ ਨਹੀਂ ਮੰਗਿਆ ਜਾਵੇਗਾ ਕਿਉਂਕਿ ਦਸ ਮਹੀਨਿਆਂ ਮਗਰੋਂ ਕਾਂਗਰਸ ਸਰਕਾਰ ਦੀ ਨੀਅਤ ਅਤੇ ਨੀਤੀ ਸਪੱਸ਼ਟ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਸੰਗਰੂਰ ਨੂੰ ਸੈਰ ਸਪਾਟਾ ਦੇ ਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਮਹਾਰਾਜਾ ਸਰਕਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸੰਗਰੂਰ ਸਮੇਤ ਤਿੰਨ ਜ਼ਿਲ੍ਹਿਆਂ ਵਿੱਚ ਮਹਾਰਾਜਾ ਸਰਕਟ ਬਣਾਉਣ ਲਈ ਕੇਂਦਰ ਤੋਂ 100 ਕਰੋੜ ਰੁਪਏ ਮੰਗੇ ਗਏ ਹਨ।
ਹਾਈ ਕਮਾਂਡ ਕੋਲ ਵੀ ਸਿੱਧੂ ਦੀ ਕਿਰਕਿਰੀ
ਆਪਣੇ ਹਲਕੇ ਅੰਮ੍ਰਿਤਸਰ ‘ਚ ਮਨਪਸੰਦ ਮੇਅਰ ਨਾ ਲਗਾਏ ਜਾਣ ਤੋਂ ਨਾਰਾਜ਼ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਈ ਕਮਾਂਡ ਰਾਹੁਲ ਗਾਂਧੀ ਦੇ ਦਰਬਾਰ ‘ਚ ਵੀ ਕਿਰਕਿਰੀ ਹੋਈ। ਦਰਅਸਲ ਸਿੱਧੂ ਕਾਂਗਰਸ ‘ਚ ਉਨ੍ਹਾਂ ਦੇ ਨਾਲ ਆਏ ਆਪਣੇ ਸਮਰਥਕ ਦਮਨਦੀਪ ਨੂੰ ਅੰਮ੍ਰਿਤਸਰ ਦਾ ਮੇਅਰ ਬਣਾਉਣਾ ਚਾਹੁੰਦੇ ਸਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਨਜੂਰ ਨਹੀਂ ਸੀ। ਸਿੱਧੂ ਮਾਮਲੇ ਨੂੰ ਰਾਹੁਲ ਗਾਂਧੀ ਤੱਕ ਲੈ ਗਏ। ਰਾਹੁਲ ਗਾਂਧੀ ਨੇ ਵੀ ਉਮੀਦ ਦੇ ਉਲਟ ਸਿੱਧੂ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਕਿ ਪਾਰਟੀ ‘ਚ ਸੀਨੀਅਰ ਨੂੰ ਮੇਅਰ ਬਣਾਉਣ ਦਾ ਫੈਸਲਾ ਸਹੀ ਹੈ। ਸਿੱਧੂ ਦੀ ਰਾਹੁਲ ਨੂੰ ਸ਼ਿਕਾਇਤ ਤੋਂ ਪਹਿਲਾਂ ਹੀ ਕੈਪਟਨ ਆਪਣਾ ਪੱਖ ਰੱਖ ਚੁੱਕੇ ਸਨ। ਕੈਪਟਨ ਦੱਸ ਚੁੱਕੇ ਸਨ ਕਿ ਕਿਸ ਤਰ੍ਹਾਂ ਨਾਲ ਸਿੱਧੂ ਨੇ ਉਨ੍ਹਾਂ ਦੇ (ਰਾਹੁਲ) ਹੁਕਮ ਨੂੰ ਨਾ ਮੰਨਦੇ ਹੋਏ ਹਿਮਾਚਲ ਅਤੇ ਗੁਜਰਾਤ ‘ਚ ਪ੍ਰਚਾਰ ਦੇ ਲਈ ਨਹੀਂ ਗਏ ਜਦਕਿ ਪਾਰਟੀ ਨੇ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਸੀ। ਸਿੱਧੂ ਦੇ ਇਸ ਰਵੱਈਏ ਤੋਂ ਰਾਹੁਲ ਕਾਫ਼ੀ ਨਾਰਾਜ਼ ਸਨ ਇਸ ਲਈ ਮੇਅਰਾਂ ਦੀ ਚੋਣ ‘ਚ ਕੈਪਟਨ ਵੱਲੋਂ ਸਿੱਧੂ ਦੀ ਨਜ਼ਰਅੰਦਾਜ਼ੀ ਨੂੰ ਰਾਹੁਲ ਨੇ ਵੀ ਨਜ਼ਰ ਅੰਦਾਜ਼ ਕਰ ਦਿੱਤਾ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …