ਸੂਬੇ ‘ਚ ਛੋਟੇ ਵੱਡੇ ਤਕਰੀਬਨ 56 ਗੈਂਗਸਟਰ ਸਰਗਰਮ ਹਨ। 10 ਮਹੀਨੇ ਦੀ ਕੈਪਟਨ ਸਰਕਾਰ ਨੇ ਮੋਸਟ ਵਾਂਟੇਡ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨੇੜਲੇ ਸਾਥੀ ਪ੍ਰੇਮਾ ਲਾਹੌਰੀਆ ਨੂੰ ਮਾਰ ਕੇ ਵਾਹ-ਵਾਹ ਖੱਟੀ ਹੈ। ਦਰਅਸਲ ਗੈਂਗਸਟਰਾਂ ਦਾ ਸਫਾਇਆ ਵੀ ਕਾਂਗਰਸ ਮੈਨੀਫੈਸਟੋ ਦਾ ਇਕ ਹਿੱਸਾ ਰਿਹਾ ਹੈ। ਕਹਿਣ ਨੂੰ ਤਾਂ ਕਾਂਗਰਸ ਲਈ ਇਹ ਇਕ ਵੱਡੀ ਪ੍ਰਾਪਤੀ ਹੈ ਕਿ ਗੈਂਗਸਟਰਾਂ ਦੇ ਸਫਾਏ ਦੀ ਦਿਸ਼ਾ ‘ਚ ਵਿੱਕੀ ਗੌਂਡਰ ਦਾ ਮਾਰਿਆ ਜਾਣਾ ਮੈਨੀਫੈਸਟੋ ਦਾ ਇਕ ਵੱਡਾ ਵਾਅਦਾ ਪੂਰਾ ਕਰਨਾ ਹੈ। ਕਾਂਗਰਸ ਦੇ ਹੀ ਕਈ ਆਗੂ ਆਪਣੀ ਪਿੱਠ ਥਾਪੜਦੇ ਹੋਏ ਕਹਿੰਦੇ ਨਹੀਂ ਥੱਕਦੇ ਕਿ ਪਹਿਲਾਂ ਵਾਲੀ ਸਰਕਾਰ ਨੇ ਨਸ਼ੇ ਅਤੇ ਰੇਤ ਦੀ ਤਸਕਰੀ ਦੇ ਲਈ ਗੈਂਗਸਟਰਾਂ ਨੂੰ ਪਾਲਿਆ ਸੀ ਅਤੇ ਕਾਂਗਰਸ ਨੇ ਆਉਂਦੇ ਹੀ ਗੈਂਗਸਟਰਾਂ ਦਾ ਸਫਾਇਆ ਸ਼ੁਰੂ ਕਰ ਦਿੱਤਾ ਹੈ। ਜਦਕਿ ਡੀਜੀਪੀ ਸੁਰੇਸ਼ ਅਰੋੜਾ ਖੁਦ ਮੰਨ ਰਹੇ ਹਨ ਕਿ ਅਜੇ ਵੀ ਏ ਅਤੇ ਬੀ ਕੈਟਾਗਿਰੀ ਦੇ 17 ਗੈਂਗ ਪੁਲਿਸ ਦੇ ਲਈ ਸਿਰਦਰਦੀ ਬਣੇ ਹੋਏ ਹਨ।
‘ਆਪ’ ਵਿਚ ਵੀ ਓਐਸਡੀ
ਅਕਾਲੀ ਦਲ ਦੇ ਪੈਟਰਨ ‘ਤੇ ਹੁਣ ਆਮ ਆਦਮੀ ਪਾਰਟੀ ‘ਚ ਵੀ ਵੱਡੇ ਆਗੂਆਂ ਅਤੇ ਵਿਧਾਇਕਾਂ ਵੱਲੋਂ ਓਐਸਡੀ ਰੱਖਣ ਦਾ ਚਲਨ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ‘ਆਪ’ ‘ਚ ਅਜਿਹਾ ਕੋਈ ਚਲਨ ਨਹੀਂ ਸੀ। ‘ਆਪ’ ਨੇ ਆਪਣੀ ਸ਼ੁਰੂਆਤ ਬਾਕੀ ਦਲਾਂ ‘ਚ ਚੱਲ ਰਹੀ ਰਿਵਾਇਤ ਤੋਂ ਅਲੱਗ ਤਰੀਕੇ ਨਾਲ ਕੀਤੀ ਸੀ। ਦੂਜੇ ਦਲਾਂ ‘ਚ ਜਿੱਥੇ ਪਾਰਟੀ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਹੋਰ ਅਹੁਦੇ ਹੁੰਦੇ ਹਨ,ਉਥੇ ‘ਆਪ’ ਦੀ ਸ਼ੁਰੂਆਤ ‘ਚ ਅਜਿਹੇ ਅਹੁਦਿਆਂ ਦੀ ਬਜਾਏ ਕੋਆਰਡੀਨੇਟਰ ਅਤੇ ਕਨਵੀਨਰ ਜਿਹੇ ਅਹੁਦੇ ਸਨ। ਪ੍ਰੰਤੂ ਹੌਲੀ-ਹੌਲੀ ‘ਆਪ’ ਵੀ ਦੂਜੇ ਦਲਾਂ ਦੀ ਰਾਹ ‘ਤੇ ਚੱਲ ਪਈ ਹੈ। ‘ਆਪ’ ‘ਚ ਵੀ ਪੰਜਾਬ ਕਨਵੀਨਰ ਦੀ ਜਗ੍ਹਾ ਸੂਬਾ ਪ੍ਰਧਾਨ ਜਿਹੇ ਅਹੁਦੇ ਬਣਾ ਦਿੱਤੇ ਗਏ। ਹੁਣ ਅਦਾਲੀ ਦੇ ਪੈਟਰਨ ‘ਤੇ ਓਐਸਡੀ ਰੱਖਣੇ ਸ਼ੁਰੂ ਕਰ ਦਿੱਤੇ ਹਨ।
ਕੈਪਟਨ ਨੂੰ ਸੁਰੇਸ਼ ਕੁਮਾਰ ਦੀ ਘਾਟ ਰੜਕੀ
ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਸੀਨੀਅਰ ਰਿਟਾਇਰਡ ਆਈਏਐਸ ਅਫ਼ਸਰ ਸੁਰੇਸ਼ ਕੁਮਾਰ ਨੂੰ ਪੀਏ ਟੂ ਸੀਐਮ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਘਾਟ ਰੜਕਣ ਲੱਗੀ ਹੈ। ਇਸ ਘਾਟ ਨੂੰ ਪੂਰਾ ਕਰਨ ਦੇ ਲਈ ਮੁੱਖ ਮੰਤਰੀ ਉਨ੍ਹਾਂ ਦਾ ਬਦਲ ਲੱਭਣ ‘ਚ ਜੁਟ ਗਏ ਹਨ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਕਿਸੇ ਨਾ ਕਿਸੇ ਰੂਪ ‘ਚ ਸੁਰੇਸ਼ ਕੁਮਾਰ ਨੂੰ ਆਪਣੇ ਨੇੜੇ ਹੀ ਰੱਖਣਾ ਚਾਹੁੰਦੇ ਹਨ। ਕੁਝ ਸੀਨੀਅਰ ਅਫ਼ਸਰ ਵੀ ਸੁਰੇਸ਼ ਕੁਮਾਰ ਦੀ ਜਗ੍ਹਾ ਲੈਣ ਲਈ ਭੱਜ ਦੌੜ ਕਰ ਰਹੇ ਹਨ। ਹਾਲਾਂਕਿ ਕੁਝ ਆਈਏਐਸ ਸੁਰੇਸ਼ ਕੁਮਾਰ ਦੀ ਵਾਪਸੀ ਨਾ ਹੋਵੇ ਇਸ ਲਈ ਜੋੜਤੋੜ ਕਰ ਰਹੇ ਹਨ, ਇਹ ਉਹ ਅਫ਼ਸਰ ਹਨ ਜਿਨ੍ਹਾਂ ਨੇ ਸੁਰੇਸ਼ ਕੁਮਾਰ ਨੂੰ ਹਟਾਉਣ ਲਈ ਜ਼ੋਰ ਲਗਾਇਆ।
ਮੁੱਖ ਮੰਤਰੀ ਦੇ ਚਹੇਤੇ ਬਦਲੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹੁਣ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਬਣ ਗਏ ਹਨ ਜਦਕਿ ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਨ। ਇਸ ਦਾ ਮੁੱਖ ਕਾਰਨ ਸਿੱਧੂ ਵੱਲੋਂ ਹਾਲ ਹੀ ‘ਚ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਦਾ ਬਾਈਕਾਟ ਕਰਨਾ ਅਤੇ ਵਿਰੋਧੀ ਧਿਰ ਵੱਲੋਂ ਇਸ ਗੱਲ ਨੂੰ ਮੁੱਦਾ ਬਣਾਇਆ ਜਾਣਾ ਦੱਸਿਆ ਜਾ ਰਿਹਾ ਹੈ। ਕੈਪਟਨ ਦੇ ਕਰੀਬੀਆਂ ਦਾ ਮੰਨਣਾ ਹੈ ਕਿ ਸਿੱਧੂ ਦੇ ਇਸ ਰਵੱਈਏ ਤੋਂ ਅਮਰਿੰਦਰ ਸਿੰਘ ਨਾਰਾਜ਼ ਹਨ। ਇਸ ਰਵੱਈਏ ਦੇ ਕਾਰਨ ਮੰਤਰੀਆਂ ਦੀ ਇਕਜੁੱਟਤਾ ‘ਤੇ ਸਵਾਲ ਖੜ੍ਹਾ ਹੋ ਗਿਆ ਹੈ। ਇਸ ਕਾਰਨ ਹੁਣ ਅਮਰਿੰਦਰ ਦੇ ਕਰੀਬੀ ਬ੍ਰਹਮ ਮਹਿੰਦਰਾ ਅਤੇ ਬਾਜਵਾ ਮੰਨੇ ਜਾ ਰਹੇ ਹਨ।
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …