ਬਰੈਂਪਟਨ/ਡਾ. ਝੰਡ : ਸ਼ਾਅ ਪਬਲਿਕ ਸਕੂਲ ਫ਼ਾਦਰ ਟੌਬਿਨ ਰੋਡ ਦੇ ਨਿਰਵਿਘਨਤਾ ਪੂਰਵਕ ਦਸ ਸਾਲ ਸੰਪੂਰਨ ਹੋਣ ‘ਤੇ ਇਸ ਦਾ ਦਸਵਾਂ ਸਥਾਪਨਾ-ਦਿਵਸ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰਭਾਵਸ਼ਾਲੀ ਸਮਾਗ਼ਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਨੋਰੰਜਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਸਮਾਗ਼ਮ ਵਿਚ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਕੂਲ ਦੀ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਖੇਡਾਂ ਦੇ ਖ਼ੇਤਰ ਵਿਚ ਵਿਦਿਅਰਥੀਆਂ ਦੀਆਂ ਮਾਣਯੋਗ ਪ੍ਰਾਪਤੀਆਂ ਅਤੇ ਸੱਭਿਆਚਾਰਕ ਸਰਗ਼ਰਮੀਆਂ ਬਾਰੇ ਵਿਸਥਾਰ-ਪੂਰਵਕ ਜ਼ਿਕਰ ਕੀਤਾ। ਪੀਲ ਡਿਸਟ੍ਰਿਕਟ ਐਜੂਕੇਸ਼ਨ ਬੋਰਡ ਦੇ ਟਰੱਸਟੀ ਹਰਕੀਰਤ ਸਿੰਘ ਜੋ ਸਮਾਗ਼ਮ ਦੇ ਮੁੱਖ ਮਹਿਮਾਨ ਸਨ, ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ ਨਾਲ ਸਾਹਿਤਕ ਤੇ ਸੱਭਿਆਚਾਰਕ ਸਰਗ਼ਰਮੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਦੀ ਵੀ ਪ੍ਰੇਰਨਾ ਕੀਤੀ। ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਜੋ ਇਸ ਸਕੂਲ ਨਾਲ ਪਿਛਲੇ ਕਈ ਸਾਲਾਂ ਤੋਂ ਨੇੜਤਾ ਬਣਾਈ ਚੱਲੀ ਆ ਰਹੀ ਹੈ, ਸਕੂਲ ਦੇ ਵਿਦਿਆਰਥੀਆਂ ਦੀ ਵੱਖ-ਵੱਖ ਖ਼ੇਤਰਾਂ ਵਿਚ ਹੌਸਲਾ-ਅਫ਼ਜ਼ਾਈ ਲਈ 500 ਡਾਲਰ ਦੀ ਸਹਾਇਤਾ ਦਿੰਦੀ ਹੈ। ਇਸ ਸਾਲ ਤੋਂ ਕਲੱਬ ਨੇ ਇਹ ਰਾਸ਼ੀ ਵਧਾ ਕੇ 1000 ਡਾਲਰ ਕਰ ਦਿੱਤੀ ਹੈ ਅਤੇ ਕਾਰਜਕਾਰਨੀ ਦੇ ਮੈਂਬਰਾਂ ਵੱਲੋਂ ਇਸ ਮੌਕੇ 1000 ਡਾਲਰ ਦਾ ਚੈੱਕ ਸਕੂਲ ਦੀ ਪ੍ਰਿੰਸੀਪਲ ਨੂੰ ਭੇਂਟ ਕੀਤਾ। ਪ੍ਰਿੰਸੀਪਲ ਸਾਹਿਬਾ ਅਤੇ ਸਕੂਲ-ਟਰੱਸਟੀ ਹਰਕੀਰਤ ਸਿੰਘ ਵੱਲੋਂ ਕਲੱਬ ਦੇ ਇਸ ਉੱਦਮ ਦੀ ਭਰਪੂਰ ਸਰਾਹਨਾ ਕੀਤੀ ਗਈ।
ਸ਼ਾਅ ਪਬਲਿਕ ਸਕੂਲ ਫ਼ਾਦਰ ਟੌਬਿਨ ਰੋਡ ਵੱਲੋਂ ‘ਦਸਵਾਂ ਸਥਾਪਨਾ ਦਿਵਸ’ ਧੂਮ-ਧਾਮ ਨਾਲ ਮਨਾਇਆ ਗਿਆ
RELATED ARTICLES

