ਪੰਜਾਬ ਦੇ ਮੰਤਰੀਆਂ ਨੇ ਖੋਲ੍ਹਿਆ ਪ੍ਰਤਾਪ ਬਾਜਵਾ ਖ਼ਿਲਾਫ਼ ਮੋਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀਆਂ ਨੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਇਕ ਸੁਰ ‘ਚ ਕਾਂਗਰਸ ਹਾਈਕਮਾਨ ਤੋਂ ਬਾਜਵਾ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸਮੂਹ ਮੰਤਰੀਆਂ ਨੇ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜਨਤਕ ਅਤੇ ਮੀਡੀਆ ਵਿਚ ਵਾਰ ਵਾਰ ਹਮਲੇ ਤੇ ਆਲੋਚਨਾ ਕਰਨ ‘ਤੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਤੁਰੰਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਮੰਤਰੀਆਂ ਦਾ ਕਹਿਣਾ ਹੈ ਕਿ ਜੇ ਬਾਜਵਾ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਪਾਰਟੀ ਮੰਚ ‘ਤੇ ਆਪਣੇ ਵਿਚਾਰ ਰੱਖ ਸਕਦੇ ਹਨ, ਪਰ ਉਹ ਜਾਣਬੁੱਝ ਕੇ ਜਨਤਕ ਤੌਰ ‘ਤੇ ਕੈਪਟਨ ਅਤੇ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ਹਨ।
ਸਮੂਹ ਮੰਤਰੀਆਂ ਨੇ ਪ੍ਰਤਾਪ ਸਿੰਘ ਬਾਜਵਾ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿਚ ਖੇਡਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਉਦੋਂ ਪਾਰਟੀ ਲੀਡਰਸ਼ਿਪ ਖ਼ਿਲਾਫ਼ ਬਗ਼ਾਵਤ ਦਾ ਝੰਡਾ ਉਠਾ ਰਹੇ ਹਨ ਜਦੋਂ ਸਰਕਾਰ ਨੂੰ ਵਿਰੋਧੀ ਧਿਰ ਤੋਂ ਕੋਈ ਚੁਣੌਤੀ ਨਹੀਂ ਹੈ। ਮੰਤਰੀਆਂ ਨੇ ਕਿਹਾ ਕਿ ਜੇ ਅਜਿਹੀ ਬਗ਼ਾਵਤ ਨੂੰ ਨਾ ਦਬਾਇਆ ਗਿਆ ਤਾਂ ਕਾਂਗਰਸ ਵਿਚ ਹੇਠਲੇ ਪੱਧਰ ‘ਤੇ ਗ਼ਲਤ ਸੰਦੇਸ਼ ਜਾਵੇਗਾ।
ਆਗੂਆਂ ਨੇ ਕਿਹਾ ਕਿ ਕਾਂਗਰਸ ਜਮਹੂਰੀ ਸਿਧਾਂਤਾਂ ਵਾਲੀ ਪਾਰਟੀ ਹੈ ਅਤੇ ਹਰੇਕ ਮੈਂਬਰ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਜਨਤਕ ਤੌਰ ‘ਤੇ ਵਿਚਾਰਾਂ ਦੇ ਵਖਰੇਵੇਂ ਦਾ ਪ੍ਰਗਟਾਵਾ ਅਤੇ ਇਕ ਸੀਨੀਅਰ ਆਗੂ ਦੇ ਅਜਿਹੇ ਬਿਆਨ ਪਾਰਟੀ ਦੇ ਹਿੱਤਾਂ ਲਈ ਨੁਕਸਾਨਦਾਇਕ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿਚ ਅਜਿਹੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਬਾਜਵਾ ਦਾ ਵਿਹਾਰ ਪਾਰਟੀ ਨੂੰ ਕਮਜ਼ੋਰ ਕਰਨ ਵਾਲਾ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹਰੇਕ ਨੂੰ ਜੋ ਮਰਜ਼ੀ ਕਹਿ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਹਮ ਮਹਿੰਦਰਾ ਨੇ ਕਿਹਾ ਮੁੱਖ ਮੰਤਰੀ ਨੂੰ ਇਹ ਮੁੱਦਾ ਦਿੱਲੀ ਵਿਖੇ ਪਾਰਟੀ ਹਾਈਕਮਾਂਨ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਮਤਭੇਦ ਪਾਰਟੀ ਪੱਧਰ ‘ਤੇ ਉਠਾਇਆ ਅਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਮਤਭੇਦ ਹਮੇਸ਼ਾ ਕਾਂਗਰਸ ਲਈ ਨੁਕਸਾਨਦਾਇਕ ਸਾਬਤ ਹੋਏ ਹਨ। ਉਨ੍ਹਾਂ ਕਿਹਾ, ‘ਅਸੀਂ ਆਪਸੀ ਏਕੇ ਸਦਕਾ ਹੀ ਪੰਜਾਬ ਵਿਚ ਐਨੀਆਂ ਸੀਟਾਂ ਜਿੱਤਣ ਵਿਚ ਸਫਲ ਹੋਏ ਹਾਂ ਅਤੇ ਇਸ ਇਕਜੁੱਟਤਾ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।’
ਇਸੇ ਤਰ੍ਹਾਂ ਓਮ ਪ੍ਰਕਾਸ਼ ਸੋਨੀ, ਸਾਧੂ ਸਿੰਘ ਧਰਮਸੋਤ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪ੍ਰਤਾਪ ਸਿੰਘ ਬਾਜਵਾ ਦੀਆਂ ਕਾਰਵਾਈਆਂ ਪਾਰਟੀ ਦਾ ਨੁਕਸਾਨ ਕਰ ਰਹੀਆਂ ਹਨ।
ਕੈਬਨਿਟ ਮੰਤਰੀ ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਗੁਰਪੀ੍ਰਤ ਸਿੰਘ ਕਾਂਗੜ, ਵਿਜੈ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ ਨੇ ਵੀ ਪਾਰਟੀ ਹਾਈਕਮਾਂਨ ਦੇ ਤੁਰੰਤ ਦਖ਼ਲ ਦੀ ਮੰਗ ਸਬੰਧੀ ਆਪਣੇ ਸਾਥੀਆਂ ਨਾਲ ਸਹਿਮਤੀ ਪ੍ਰਗਟਾਈ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਚ ਬਿਜਲੀ ਮਹਿੰਗੀ ਕੀਤੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
2002 ਵਿਚ ਵਧੀਆਂ ਸਨ ਕੈਪਟਨ ਤੇ ਬਾਜਵਾ ਵਿਚਾਲੇ ਦੂਰੀਆਂ
ਦਰਅਸਲ ਕੈਪਟਨ ਅਤੇ ਬਾਜਵਾ ਵਿਚਕਾਰ ਸਿਆਸੀ ਦੂਰੀਆਂ ਕੈਪਟਨ ਦੀ ਅਗਵਾਈ ਹੇਠ ਸਾਲ 2002 ‘ਚ ਬਣੀ ਸਰਕਾਰ ਦੌਰਾਨ ਵਧਣੀਆਂ ਸ਼ੁਰੂ ਹੋ ਗਈਆਂ ਸਨ। ਉਸ ਸਮੇਂ ਬਾਜਵਾ ਕੈਪਟਨ ਸਰਕਾਰ ‘ਚ ਲੋਕ ਨਿਰਮਾਣ ਮੰਤਰੀ ਸਨ ਤੇ ਉਨ੍ਹਾਂ ਦਾ ਨਾਂ ਗੁਜਰਾਤ ਵਿਚ ਇਕ ਮਹਿਲਾ ਨਾਲ ਸਬੰਧਾਂ ਵਜੋਂ ਉਛਲਿਆ ਸੀ। ਇਸ ਤੋਂ ਬਾਅਦ ਦੋਵਾਂ ਆਗੂਆਂ ਵਿਚ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ। ਬਾਜਵਾ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਦੇ ਕਈ ਖ਼ਾਸ ਆਗੂਆਂ ਨੇ, ਜਿਨ੍ਹਾਂ ਵਿਚ ਕਈ ਹੁਣ ਕੈਪਟਨ ਵਜ਼ਾਰਤ ਵਿਚ ਸ਼ਾਮਲ ਹਨ, ਨੇ ਹਾਈਕਮਾਨ ਤੋਂ ਬਾਜਵਾ ਦੀ ਬਤੌਰ ਪ੍ਰਧਾਨ ਛੁੱਟੀ ਕਰਨ ਦੀ ਮੰਗ ਕੀਤੀ ਸੀ। ਕੈਪਟਨ ਸਮੇਤ ਕਈ ਆਗੂਆਂ ਨੇ ਬਾਜਵਾ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਇਨ੍ਹਾਂ ਆਗੂਆਂ ਵਿਚਕਾਰ ਦੂਰੀਆਂ ਵਧਦੀਆਂ ਗਈਆਂ। ਚੋਣਾਂ ਦੌਰਾਨ ਪੰਜਾਬ ਕਾਂਗਰਸ ਵੱਲੋਂ ਚੋਣ ਮਨੋਰਥ ਪੱਤਰ ਵਿਚ ਕੀਤੇ ਗਏ ਵਾਅਦਿਆਂ ਨੂੰ ਅਮਲੀ ਰੂਪ ਨਾ ਦੇਣ ‘ਤੇ ਬਾਜਵਾ ਮੀਡੀਆ ਵਿਚ ਕਈ ਵਾਰ ਕੈਪਟਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹਾ ਕਰ ਚੁੱਕੇ ਹਨ। ਹੁਣ ਜਦੋਂ ਬਿਜਲੀ ਦੀਆਂ ਵਧੀਆਂ ਦਰਾਂ ‘ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਸਰਕਾਰ ਨੂੰ ਹੀ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਰਿਹਾ ਹੈ ਤਾਂ ਬਾਜਵਾ ਨੇ ਕੈਪਟਨ ਸਰਕਾਰ ਤੋਂ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰ ਕੇ ਇਕ ਵਾਰ ਫਿਰ ਕੈਪਟਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਵੱਲੋਂ ਕੈਪਟਨ ਦੀ ਕਾਰਗੁਜ਼ਾਰੀ ‘ਤੇ ਉਂਗਲ ਉਠਾਉਣ ਦਾ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਉਹ ਰੇਤ ਮਾਫ਼ੀਆ, ਡਰੱਗ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਸਮੇਤ ਕਈ ਹੋਰਨਾਂ ਮੁੱਦਿਆਂ ‘ਤੇ ਕੈਪਟਨ ਦੀ ਕਾਰਗੁਜ਼ਾਰੀ ‘ਤੇ ਤਿੱਖੇ ਹਮਲੇ ਕਰ ਚੁੱਕੇ ਹਨ। ਹੁਣ ਜਦੋਂ ਬਿਜਲੀ ਦੀਆਂ ਵਧੀਆਂ ਦਰਾਂ ਦਾ ਮੁੱਦਾ ਭਖ ਗਿਆ ਹੈ।
ਮੇਰਾ ਭਾਵੇਂ ਸਿਰ ਵੀ ਕਲਮ ਹੋ ਜਾਵੇ, ਪਰ ਸਟੈਂਡ ‘ਤੇ ਕਾਇਮ ਰਹਾਂਗਾ : ਬਾਜਵਾ
ਚੰਡੀਗੜ੍ਹ : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੁਰ ਹੋਰ ਤਿੱਖੇ ਹੁੰਦੇ ਜਾ ਰਹੇ ਹਨ। ਬਾਜਵਾ ਨੇ ਪੰਜਾਬ ਵਿਚ ਮਹਿੰਗੀ ਹੋ ਰਹੀ ਬਿਜਲੀ ਦੇ ਮਾਮਲੇ ‘ਤੇ ਕੈਪਟਨ ਸਰਕਾਰ ‘ਤੇ ਸਵਾਲ ਚੁੱਕੇ ਸਨ ਅਤੇ ਪੰਜਾਬ ਦੇ ਸਾਰੇ ਮੰਤਰੀਆਂ ਨੇ ਬਾਜਵਾ ਖਿਲਾਫ ਕਾਰਵਾਈ ਦੀ ਗੱਲ ਕਰ ਦਿੱਤੀ। ਇਸ ਨੂੰ ਲੈ ਕੇ ਬਾਜਵਾ ਨੇ ਅੱਜ ਆਖਿਆ ਕਿ ਮੇਰਾ ਭਾਵੇਂ ਸਿਰ ਕਲਮ ਹੋ ਜਾਵੇ, ਪਰ ਮੈਂ ਆਪਣੇ ਸਟੈਂਡ ‘ਤੇ ਕਾਇਮ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਬਾਜਵਾ ਨੇ ਕਿਹਾ ਕਿ ਜਿਹੜੇ ਮੰਤਰੀਆਂ ਦੀ ਮੇਰੇ ਖਿਲਾਫ ਮਤਾ ਪਾਸ ਕਰਨ ਦੀ ਗੱਲ ਸਾਹਮਣੇ ਆਈ ਹੈ, ਉਨ੍ਹਾਂ ਵਿਚੋਂ 6 ਮੰਤਰੀਆਂ ਦੇ ਫੋਨ ਮੇਰੇ ਕੋਲ ਆ ਗਏ ਹਨ ਅਤੇ ਉਹ ਮੰਤਰੀ ਮੀਟਿੰਗ ਵਿਚ ਸ਼ਾਮਲ ਹੀ ਨਹੀਂ ਸਨ। ਕੈਪਟਨ ਅਮਰਿੰਦਰ ਨੂੰ ਲੰਮੇ ਹੱਥੀਂ ਲੈਂਦਿਆਂ ਬਾਜਵਾ ਨੇ ਕਿਹਾ ਕਿ ਜਿਹੜਾ ਮੰਤਰੀ ਸਾਲ ਵਿਚ ਸਿਰਫ ਇਕ ਦਿਨ ਹੀ ਦਰਸ਼ਨ ਦਿੰਦਾ ਹੈ, ਉਹ ਜਨਤਾ ਲਈ ਕੰਮ ਕਿਵੇਂ ਕਰੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …