Breaking News
Home / ਪੰਜਾਬ / ਹੁਣ ਅਮਰਜੀਤ ਸੰਦੋਆ ਨੇ ਅਸਤੀਫਾ ਲਿਆ ਵਾਪਸ ‘ਆਪ’ ਤੋਂ ਕਾਂਗਰਸ ‘ਚ ਸ਼ਾਮਲ ਹੋ ਗਿਆ ਸੀ ਵਿਧਾਇਕ ਸੰਦੋਆ

ਹੁਣ ਅਮਰਜੀਤ ਸੰਦੋਆ ਨੇ ਅਸਤੀਫਾ ਲਿਆ ਵਾਪਸ ‘ਆਪ’ ਤੋਂ ਕਾਂਗਰਸ ‘ਚ ਸ਼ਾਮਲ ਹੋ ਗਿਆ ਸੀ ਵਿਧਾਇਕ ਸੰਦੋਆ

ਚੰਡੀਗੜ੍ਹ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਸਮੇਂ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੁੱਠੀ ਸਿਆਸੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ। ਇਕ ਹੋਰ ਵਿਧਾਇਕ ਵੱਲੋਂ ਵੀ ਅਸਤੀਫ਼ਾ ਵਾਪਸ ਲਿਆ ਜਾ ਸਕਦਾ ਹੈ। ਇਸ ਕਦਮ ਨਾਲ ਸੰਦੋਆ ਹਾਲ ਦੀ ਘੜੀ ਵਿਧਾਇਕ ਬਣੇ ਰਹਿਣਗੇ ਪਰ ਦਲ-ਬਦਲੀ ਕਾਨੂੰਨ ਤਹਿਤ ਅਯੋਗ ਠਹਿਰਾਏ ਜਾਣ ਦੀ ਤਲਵਾਰ ਉਸ ‘ਤੇ ਲਟਕਦੀ ਰਹੇਗੀ। ਇਸ ਤੋਂ ਪਹਿਲਾਂ ‘ਆਪ’ ਤੋਂ ਬਾਗ਼ੀ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਅਸਤੀਫ਼ੇ ਵਾਪਸ ਲੈ ਚੁੱਕੇ ਹਨ। ਦੋਵੇਂ ਆਗੂਆਂ ਨੇ ਕ੍ਰਮਵਾਰ ਬਠਿੰਡਾ ਅਤੇ ਫਰੀਦਕੋਟ ਤੋਂ ਲੋਕ ਸਭਾ ਸਭਾ ਚੋਣਾਂ ਵਿਚ ਕਿਸਮਤ ਅਜ਼ਮਾਈ ਸੀ ਪਰ ਉਹ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਈ ਮਹੀਨਿਆਂ ਤੱਕ ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਨਹੀਂ ਕੀਤੇ ਸਨ।
ਕੈਪਟਨ ਸਰਕਾਰ ਮਾਨਸਾ, ਰੋਪੜ ਅਤੇ ਭੁਲੱਥ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਕਰਵਾਉਣ ਦੇ ਹੱਕ ਵਿਚ ਨਹੀਂ ਹੈ ਕਿਉਂਕਿ ਉਸ ਕੋਲ ਇਨ੍ਹਾਂ ਹਲਕਿਆਂ ‘ਚ ਯੋਗ ਉਮੀਦਵਾਰ ਨਹੀਂ ਹਨ। ਦੂਜਾ, ਉਸ ਕੋਲ ਪਹਿਲਾਂ ਹੀ ਵਿਧਾਨ ਸਭਾ ਵਿਚ ਦੋ-ਤਿਹਾਈ ਤੋਂ ਵੱਧ ਵਿਧਾਇਕ ਹਨ। ਪਿੱਛੇ ਜਿਹੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ‘ਚ ਕਾਂਗਰਸ ਨੇ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਮਾਨਸਾ ਤੋਂ ‘ਆਪ’ ਦੇ ਬਾਗ਼ੀ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜੋ 29 ਅਪਰੈਲ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਦਾ ਅਸਤੀਫ਼ਾ ਵੀ ਸਪੀਕਰ ਦੇ ਦਫ਼ਤਰ ਦੀਆਂ ਫਾਈਲਾਂ ਵਿਚ ਸੱਤ ਮਹੀਨਿਆਂ ਤੋਂ ਪਿਆ ਹੋਇਆ ਹੈ। ਉਹ ਵੀ ਆਪਣਾ ਅਸਤੀਫ਼ਾ ਵਾਪਸ ਲੈ ਸਕਦੇ ਹਨ। ਵਿਧਾਇਕ ਸੰਦੋਆ ਦੇ ਅਗਲੇ ਸਿਆਸੀ ਕਦਮ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Check Also

ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੋਣ ਪ੍ਰਚਾਰ ਕੀਤਾ 

ਮੋਰਿੰਡਾ : ਸ੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਨੇ ਆਪਣੀ ਚੋਣ ਮੁਹਿੰਮ …