ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਸਿੱਖ ਗੈਲਰੀ ਨੂੰ ਦਿੱਤੀ ਨਵੀਂ ਦਿੱਖ
ਅੰਮ੍ਰਿਤਸਰ : ਪਾਕਿਸਤਾਨ ਪੁਰਾਤੱਤਵ ਅਤੇ ਮਿਊਜ਼ੀਅਮ ਵਿਭਾਗ ਵਲੋਂ ਲਾਹੌਰ ਦੇ ਸ਼ਾਹੀ ਕਿਲ੍ਹੇ ‘ਚ ਸਥਾਪਤ ਕੀਤੀ ਗਈ ਸਿੱਖ ਗੈਲਰੀ ਨੂੰ ਦਿੱਤੀ ਨਵੀਂ ਦਿੱਖ ਕਿਲ੍ਹਾ ਵੇਖਣ ਆਉਣ ਜਾਣ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਗੈਲਰੀ ‘ਚ ‘ਪ੍ਰਿੰਸਿਸ ਬੰਬਾ ਕਲੈਕਸ਼ਨ’ ਨਾਮ ਹੇਠ ਮਹਾਰਾਜਾ ਰਣਜੀਤ ਸਿੰਘ ਅਤੇ ਲਾਹੌਰ ਦਰਬਾਰ ਨਾਲ ਸੰਬੰਧਤ ਲਗਾਈ ਗਈ ਸਥਾਈ ਪ੍ਰਦਰਸ਼ਨੀ ‘ਚ ਕਈ ਇਤਿਹਾਸਕ ਨਿਸ਼ਾਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ‘ਚੋਂ 88 ਵਸਤੂਆਂ ਸਿੱਖ ਦਰਬਾਰ ਦੇ ਉਸ ਕੌਮੀ ਖ਼ਜ਼ਾਨੇ ਦੀਆਂ ਹਨ, ਜਿਨ੍ਹਾਂ ਦੀ ਸੁਰੱਖਿਆ ਆਪਣੇ ਅੰਤਿਮ ਸਾਹਾਂ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਅਤੇ ਪੰਜਾਬ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਸੋਫੀਆ ਸਦਰਲੈਂਡ ਕਰਦੀ ਰਹੀ। ਇਨ੍ਹਾਂ ‘ਚ ਸਿੱਖ ਰਾਜ ਵੇਲੇ ਯੂਰਪੀ ਚਿੱਤਰਕਾਰਾਂ ਵਲੋਂ ਬਣਾਏ ਬੇਸ਼ਕੀਮਤੀ 18 ਤੇਲ ਚਿੱਤਰ, 14 ਜਲ ਚਿੱਤਰ, 22 ਹਾਥੀ ਦੰਦ ਚਿੱਤਰ, 17 ਤਸਵੀਰਾਂ, 10 ਧਾਤੂ ਦੇ ਬਣੇ ਮਾਡਲ ਸਮੇਤ 7 ਹੋਰ ਵਸਤੂਆਂ ਸ਼ਾਮਲ ਹਨ।
ਉਕਤ ਤੇਲ ਚਿੱਤਰਾਂ ‘ਚ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦਰਬਾਰ ਵਾਲੀ ਪੇਂਟਿੰਗ, ਮਹਾਰਾਜਾ ਸ਼ੇਰ ਸਿੰਘ ਦੀ ਕੌਂਸਲ ਅਤੇ ਸ਼ੇਰ-ਏ-ਪੰਜਾਬ ਦੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਬੈਠਿਆਂ ਦੀ ਪੇਂਟਿੰਗ ਸਮੇਤ ਸ਼ਹਿਜ਼ਾਦਾ ਦਲੀਪ ਸਿੰਘ ਦੀ ਘੋੜੇ ‘ਤੇ ਸਵਾਰੀ ਕਰਦਿਆਂ ਦੀ, ਉਨ੍ਹਾਂ ਦੇ ਪੁੱਤਰ ਫਰੈਡਰਿਕ ਦਲੀਪ ਸਿੰਘ, ਗੁਲਾਬ ਸਿੰਘ ਡੋਗਰਾ, ਧਿਆਨ ਸਿੰਘ ਡੋਗਰਾ, ਤੇਜਾ ਸਿੰਘ, ਮਹਾਰਾਜਾ ਸ਼ੇਰ ਸਿੰਘ, ਸ਼ੇਰ ਸਿੰਘ ਅਟਾਰੀਵਾਲਾ, ਚਤਰ ਸਿੰਘ ਤੇ ਸ਼ਾਮ ਸਿੰਘ ਅਟਾਰੀਵਾਲਾ, ਜਰਨੈਲ ਹਰੀ ਸਿੰਘ ਨਲਵਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਲਿਬਾਸ ‘ਚ ਹਾਥੀ ‘ਤੇ ਬੈਠਿਆਂ ਦੀ ਸਿਲਵਰ ਪੇਂਟਿੰਗ ਅਤੇ ਮੁਹੰਮਦ ਬਖ਼ਸ਼ ਨਕਾਸ਼ ਦੁਆਰਾ ਸ਼ੇਰ-ਏ-ਪੰਜਾਬ ਦੇ ਦਰਬਾਰ ‘ਚ ਮੌਜੂਦ ਲਗਪਗ ਸਭ ਜਰਨੈਲਾਂ, ਅਧਿਕਾਰੀਆਂ ਤੇ ਦੀਵਾਨਾਂ ਦੇ ਨਾਮ ਲਿਖੀ ਪੇਂਟਿੰਗ ਵਧੇਰੇ ਵਰਨਣਯੋਗ ਹੈ।
ਇਨ੍ਹਾਂ ਚਰਚਿਤ ਪੇਂਟਿੰਗਜ਼ ਦੇ ਇਲਾਵਾ ਮਹਾਰਾਜਾ ਦਲੀਪ ਸਿੰਘ ਦੀ ਬੰਸਾਵਲੀ ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਨੂੰ ਚੰਦਰਬੰਸੀ ਲਿਖਿਆ ਗਿਆ ਹੈ, ਸਮੇਤ ਰਾਣੀ ਜਿੰਦ ਕੌਰ ਦੇ ਸਫ਼ੈਦ ਸੰਗਮਰਮਰ ਦੇ ਤਰਾਸ਼ੇ ਹੱਥ ਅਤੇ ਮਹਾਰਾਜਾ ਦੀ ਅਖਰੋਟ ਦੀ ਲੱਕੜੀ ਨਾਲ ਬਣੀ ਕੁਰਸੀ ਜਿਸ ‘ਤੇ ਦੋ ਮੋਰ ਅਤੇ ਬੰਸਰੀ ਵਜਾਉਂਦੇ ਇਕ ਪੁਰਸ਼ ਅਤੇ ਦੋ ਔਰਤਾਂ ਦੀਆਂ ਮੂਰਤਾਂ ਉੱਕਰੀਆਂ ਹੋਈਆਂ ਹਨ, ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਸ਼ਹਿਜ਼ਾਦੀ ਬੰਬਾ ਜਦੋਂ ਵਿਦੇਸ਼ ਤੋਂ ਭਾਰਤ ਆਈ ਤਾਂ ਉਹ ਆਪਣੇ ਨਾਲ ਆਪਣੇ ਪਿਤਾ ਤੋਂ ਮਿਲਿਆ ਵਿਰਾਸਤੀ ਖ਼ਜ਼ਾਨਾ ਜਿਸ ‘ਚ ਕਈ ਇਤਿਹਾਸਕ ਬਹੁਮੁੱਲੀਆਂ ਵਸਤੂਆਂ, ਜਿਨ੍ਹਾਂ ‘ਚ ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਨਾਲ ਲਿਖੇ ਗਏ ਸ਼ਾਹੀ ਫ਼ਰਮਾਨ, ਪੇਂਟਿੰਗਜ਼, ਹੀਰੇ ਮੋਤੀ ਜੜੀਆਂ ਸ਼ਾਹੀ ਪੁਸ਼ਾਕਾਂ, ਹੀਰਿਆਂ ਦੇ ਹਾਰ ਅਤੇ ਕੀਮਤੀ ਧਾਤੂਆਂ ਦੀਆਂ ਬਣੀਆਂ ਮੂਰਤੀਆਂ ਸਮੇਤ ਅਰਬੀ ‘ਚ ਲਿਖੇ ਦਸਤਾਵੇਜ਼ ਆਦਿ ਸ਼ਾਮਿਲ ਸਨ, ਨਾਲ ਲੈ ਆਈ ਸੀ।
ਇਨ੍ਹਾਂ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਸਮਝਣ ਲਈ ਉਸ ਨੇ ਲਾਹੌਰ ਦੇ ਫ਼ਾਰਸੀ ਤੇ ਅੰਗਰੇਜ਼ੀ ਦੇ ਵਿਦਵਾਨ ਕਰੀਮ ਬਖ਼ਸ਼ ਸੂਪਰਾ ਦੀਆਂ ਸੇਵਾਵਾਂ ਲਈਆਂ ਅਤੇ ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਦੋ ਗਵਾਹਾਂ ਵਕੀਲ ਮਨਜ਼ੂਰ ਅਨਾਮ ਅਤੇ ਵਕੀਲ ਮਵਲਿਜ਼ ਹੁਸੈਨ ਦੀ ਹਾਜ਼ਰੀ ਵਿਚ ਆਪਣੀ ਸ਼ਾਹੀ ਕੋਠੀ ‘ਗੁਲਜ਼ਾਰ’, ਮਾਡਲ ਟਾਊਨ ਦੇ ਪਲਾਟ ਨੰ: 103, 104 ਅਤੇ ਇੰਗਲੈਂਡ ਦੇ ਬੈਂਕਾਂ ‘ਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਸਮੇਤ ਉਕਤ 88 ਵਸਤੂਆਂ ਕਰੀਮ ਬਖ਼ਸ਼ ਦੇ ਨਾਮ ਕਰ ਦਿੱਤੀਆਂ, ਜਿਸ ਨੇ ਬਾਅਦ ‘ਚ ਉਕਤ ਵਸਤਾਂ ਪਾਕਿ ਸਰਕਾਰ ਦੇ ਪੁਰਾਤੱਤਵ ਵਿਭਾਗ ਨੂੰ ਵੇਚ ਦਿੱਤੀਆਂ ਸਨ। ਪਾਕਿਸਤਾਨ ਪੁਰਾਤੱਤਵ ਵਿਭਾਗ ਨੇ ਹੁਣ ਉਕਤ ਸਿੱਖ ਗੈਲਰੀ ‘ਚ ਰਾਣੀ ਮੋਰਾਂ ਦੀ ਧਾਤੂ ਦੀ ਬਣੀ ਕੁਰਸੀ, ਸਿੱਖ ਦਰਬਾਰ ਦੇ ਸ਼ਸਤਰ, ਸ਼ਾਹੀ ਪੋਸ਼ਾਕਾਂ, ਸ਼ਾਹੀ ਫ਼ਰਨੀਚਰ, ਗੁਰੂ ਸਾਹਿਬਾਨ ਦੀਆਂ ਤਸਵੀਰਾਂ ਅਤੇ ਸਿੱਖ ਦਰਬਾਰ ਦੇ ਸਿੱਕੇ ਵੀ ਸ਼ਾਮਲ ਕਰ ਲਏ ਹਨ।