Breaking News
Home / ਪੰਜਾਬ / ਭਾਜਪਾ ਵੱਲੋਂ ਨਰਿੰਦਰ ਮੋਦੀ ਦਾ ਜਨਮ ਦਿਨ ਪੰਦਰਵਾੜੇ ਵਜੋਂ ਮਨਾਉਣ ਦਾ ਫੈਸਲਾ

ਭਾਜਪਾ ਵੱਲੋਂ ਨਰਿੰਦਰ ਮੋਦੀ ਦਾ ਜਨਮ ਦਿਨ ਪੰਦਰਵਾੜੇ ਵਜੋਂ ਮਨਾਉਣ ਦਾ ਫੈਸਲਾ

17 ਸਤੰਬਰ ਤੋਂ 2 ਅਕਤਬੂਰ ਤੱਕ ਸੂਬੇ ‘ਚ ਹੋਣਗੇ ਸਮਾਗਮ : ਅਸ਼ਵਨੀ ਸ਼ਰਮਾ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਪੰਜਾਬ ਵਿੱਚ ਪੰਦਰਵਾੜੇ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਨ੍ਹਾਂ 15 ਦਿਨਾਂ ਦੌਰਾਨ ਜਿੱਥੇ ਸਮਾਜ ਸੇਵਾ ਦੇ ਕਾਰਜ ਕੀਤੇ ਜਾਣਗੇ, ਉੱਥੇ ਹੀ ਪਾਣੀ ਦੀ ਸੰਭਾਲ ਬਾਰੇ ‘ਕੈਚ ਦਿ ਰੇਨ’ ਮੁਹਿੰਮ ਤਹਿਤ ਪ੍ਰੋਗਰਾਮ ਹੋਣਗੇ। ਉਹ ਜਲੰਧਰ ‘ਚ ਪਾਰਟੀ ਆਗੂਆਂ ਨਾਲ ਪ੍ਰਧਾਨ ਮੰਤਰੀ ਦੇ ਜਨਮ ਦਿਨ ਸਬੰਧੀ ਕਰਵਾਏ ਜਾਣ ਵਾਲੇ ਸਮਗਾਮਾਂ ਬਾਰੇ ਚਰਚਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਦਰਵਾੜਾ ਮਨਾਉਣ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਬਾਰੇ ਕੌਮੀ ਲੀਡਰਸ਼ਿਪ ਹਰ 15 ਦਿਨਾਂ ਬਾਅਦ ਪਾਰਟੀ ਦੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਟੀਚਿਆਂ ਦੀ ਸਮੀਖਿਆ ਕਰੇਗੀ।
ਸੂਬਾ ਪ੍ਰਧਾਨ ਨੇ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਸਮਾਜ ਸੇਵਾ ਪੰਦਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੁਨੀਆ ਦੇ ਸਾਰੇ ਪ੍ਰਮੁੱਖ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਹਾ ਮੰਨ ਰਹੇ ਹਨ। ਇੰਗਲੈਂਡ ਨੂੰ ਪਛਾੜ ਕੇ ਭਾਰਤ ਨੂੰ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਾਉਣਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸ ਮੀਟਿੰਗ ਵਿੱਚ ਭਾਜਪਾ ਦੀ ਸੂਬਾਈ ਕੋਰ ਕਮੇਟੀ ਦੇ ਮੈਂਬਰ, ਸੂਬਾਈ ਅਹੁਦੇਦਾਰ, ਜ਼ਿਲ੍ਹਾ ਇੰਚਾਰਜ, ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੇ ਮੋਰਚਿਆਂ ਦੇ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਤੇ ਪੰਜਾਬ ਦੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ ਤੇ ਡਾ. ਸੁਭਾਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।

ਪੰਜਾਬ ਦਾ ਪੈਸਾ ਦੂਜੇ ਸੂਬਿਆਂ ‘ਚ ਖਰਚ ਰਹੀ ਹੈ ‘ਆਪ’ : ਅਸ਼ਵਨੀ

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪੈਸੇ ਨੂੰ ਦੂਜੇ ਸੂਬਿਆਂ ਵਿੱਚ ਜਾ ਕੇ ਚੋਣ ਪ੍ਰਚਾਰ ‘ਤੇ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਾਸਤੇ ਜਿਹੜਾ ਪੈਸਾ ਪੰਜਾਬ ਨੂੰ ਦਿੱਤਾ ਗਿਆ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਆਰੋਪ ਲਾਇਆ ਕਿ ਸਮਾਰਟ ਸਿਟੀ ਦੇ ਪੈਸੇ ਵਿੱਚ ਘੁਟਾਲੇ ਹੋਏ ਹਨ। ਸ਼ਰਮਾ ਨੇ ਕਿਹਾ ਕਿ ਖੁਦ ਨੂੰ ਕੱਟੜ ਇਮਾਨਦਾਰ ਵਜੋਂ ਪ੍ਰਚਾਰਨ ਵਾਲੀ ਪਾਰਟੀ, ਕੱਟੜ ਬੇਈਮਾਨ ਸਾਬਿਤ ਹੋ ਰਹੀ ਹੈ। ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨ ਵਿੱਚ ਲੱਗੀ ਹੋਈ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਭਾਜਪਾ ਆਪਣੇ ਦਮ ‘ਤੇ ਹੀ ਲੜੇਗੀ ਤੇ ਕਿਸੇ ਹੋਰ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

 

Check Also

ਵਿਸ਼ਵ ਪੰਜਾਬੀ ਕਾਨਫਰੰਸ : ਫਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਰੰਗ ਬੰਨ੍ਹਿਆ

ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ ਅੰਮ੍ਰਿਤਸਰ : ਪਾਕਿਸਤਾਨ …