22.6 C
Toronto
Friday, April 3, 2026
spot_img
Homeਪੰਜਾਬਤਾਲਾਬੰਦੀ ਸਹੀ, ਨਤੀਜੇ 'ਭਿਆਨਕ' ਹੋ ਸਕਦੇ ਨੇ : ਪ੍ਰਕਾਸ਼ ਸਿੰਘ ਬਾਦਲ

ਤਾਲਾਬੰਦੀ ਸਹੀ, ਨਤੀਜੇ ‘ਭਿਆਨਕ’ ਹੋ ਸਕਦੇ ਨੇ : ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਕਰੋਨਾਵਾਇਰਸ ਤੋਂ ਬਚਾਅ ਲਈ ਦੇਸ਼ ਭਰ ਵਿਚ ਕੀਤੀ ਗਈ ਤਾਲਾਬੰਦੀ ਇੱਕ ਸਹੀ ਦਵਾਈ ਹੈ ਪਰ ਇਸ ਦੇ ਬੁਰੇ ਪ੍ਰਭਾਵ ਬਹੁਤ ਦੁਖਦਾਈ ਹੋਣਗੇ। ਉਨ੍ਹਾਂ ਆਖਿਆ ਕਿ ਬੁਰੇ ਪ੍ਰਭਾਵ ਬਿਮਾਰੀ ਤੋਂ ਵੀ ਖ਼ਤਰਨਾਕ ਬਣ ਸਕਦੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਬੁਰੇ ਪ੍ਰਭਾਵਾਂ ਤੋਂ ਸਭ ਤੋਂ ਵੱਧ ਗਰੀਬ ਖਾਸ ਕਰਕੇ ਦਿਹਾੜੀਦਾਰ ਪ੍ਰਭਾਵਿਤ ਹਨ, ਜਿਨ੍ਹਾਂ ਦੀ ਤੁਰੰਤ ਦੇਖਭਾਲ ਦੀ ਲੋੜ ਹੈ। ਬਾਦਲ ਨੇ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਲੜਾਈ ਵਾਸਤੇ ਉਸੇ ਭਾਵਨਾ ਦੀ ਲੋੜ ਹੈ, ਜਿਸ ਤਰ੍ਹਾਂ ਦੀ ਭਾਵਨਾ ਲੋਕਾਂ ਅੰਦਰ ਭਾਰਤ ਦੇ ਆਜ਼ਾਦੀ ਅੰਦੋਲਨ ਦੌਰਾਨ ਵਿਖਾਈ ਦਿੱਤੀ ਸੀ, ਕਿਉਂਕਿ ਇਹ ਵੀ ਹਰ ਨਾਗਰਿਕ ਵਾਸਤੇ ਆਜ਼ਾਦੀ ਅੰਦੋਲਨ ਵਰਗੀ ਹੀ ਇੱਕ ਗੰਭੀਰ ਚੁਣੌਤੀ ਹੈ। ਉਨ੍ਹਾਂ ਭੁੱਖਮਰੀ ਤੇ ਗਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਮੰਦੀ ਨੂੰ ਇਸ ਮਹਾਂਮਾਰੀ ਦੇ ਤਿੰਨ ਮੌਜੂਦਾ, ਦਰਮਿਆਨੇ ਅਤੇ ਦੂਰਗਾਮੀ ਬੁਰੇ ਪ੍ਰਭਾਵ ਕਰਾਰ ਦਿੰਦਿਆਂ ਤਿੰਨਾਂ ਦਾ ਮੁਕਾਬਲਾ ਕਰਨ ਲਈ ਇੱਕ ਠੋਸ ਰਣਨੀਤੀ ਘੜਨ ਦਾ ਸੱਦਾ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਮਹਾਮਾਰੀ ਖ਼ਿਲਾਫ਼ ਲੜਾਈ ਲੜਨ ਵਾਲੇ ਉਨ੍ਹਾਂ ਯੋਧਿਆਂ ਖਾਸ ਕਰਕੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਪੁਲੀਸ ਅਤੇ ਸਿਵਲ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਖ਼ਤ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਪਰ ਗਰੀਬਾਂ ਲਈ ਬਿਨਾ ਆਮਦਨ ਤੋਂ 6 ਹਫ਼ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਨੂੰ ਗਰੀਬਾਂ ਤਕ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪਹੁੰਚਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਟੀ ਹੈ ਤਾਂ ਜਾਨ ਵੀ ਹੈ ਅਤੇ ਜਹਾਨ ਵੀ। ਉਨ੍ਹਾਂ ਮੰਗ ਕੀਤੀ ਕਿ ਪਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਘਰਾਂ ਵਿੱਚ ਜਾਣ ਲਈ ਯਾਤਰਾ ਦਾ ਸੁਰੱਖਿਅਤ ਸਾਧਨ ਪ੍ਰਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਅਤੇ ਖਰੀਦ ਦੌਰਾਨ ਕਿਸੇ ਵੀ ਵਿਅਕਤੀ ਦੀ ਖੱਜਲਖੁਆਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕੇਂਦਰ ਸਰਕਾਰ ਨੂੰ ਕਣਕ ਉੱਤੇ ਬੋਨਸ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਵਾਸਤੇ ਦਿੱਤੀ ਗਈ ਸਰਕਾਰੀ ਰਾਹਤ ਸਿੱਧੀ ਕਿਸਾਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਦੁੱਧ ਅਤੇ ਪੋਲਟਰੀ ਦੀਆਂ ਡਿੱਗ ਰਹੀਆਂ ਕੀਮਤਾਂ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਦੁੱਧ ਅਤੇ ਮੁਰਗੀ ਪਾਲਣ ਦੇ ਧੰਦਿਆਂ ਨੂੰ ਬਚਾਉਣ ਲਈ ਸਰਕਾਰ ਨੂੰ ਤੁਰੰਤ ਦਖ਼ਲ ਦੇਣ ਦਾ ਸੱਦਾ ਦਿੱਤਾ।

RELATED ARTICLES
POPULAR POSTS