Breaking News
Home / ਪੰਜਾਬ / ਡੇਰਾ ਫਿਰ ਦਿਖਾਉਣ ਲੱਗਿਆ ਤਾਕਤ : 6 ਜ਼ਿਲ੍ਹਿਆਂ ਦੇ ਨਾਮ ਚਰਚਾ ਘਰਾਂ ‘ਚ ਡੇਰਾ ਪ੍ਰੇਮੀ ਹੋਏ ਇਕੱਠੇ

ਡੇਰਾ ਫਿਰ ਦਿਖਾਉਣ ਲੱਗਿਆ ਤਾਕਤ : 6 ਜ਼ਿਲ੍ਹਿਆਂ ਦੇ ਨਾਮ ਚਰਚਾ ਘਰਾਂ ‘ਚ ਡੇਰਾ ਪ੍ਰੇਮੀ ਹੋਏ ਇਕੱਠੇ

ਡੇਰੇ ਦੇ ਸਿਆਸੀ ਵਿੰਗ ਨੇ ਸੰਗਤ ਤੋਂ ਹੱਥ ਖੜ੍ਹੇ ਕਰਵਾ ਕੇ ਪੁੱਛਿਆ-ਸਾਡੇ ‘ਤੇ ਯਕੀਨ ਹੈ, ਸਾਰੇ ਬੋਲੇ-ਹਾਂ
ਸਿਆਸਤਦਾਨਾਂ ਨੂੰ ਸਿੱਧਾ ਸੁਨੇਹਾ : ਇਹ ਗੱਲ ਦਿਮਾਗ ‘ਚੋਂ ਕੱਢ ਦਿਓ ਕਿ ਡੇਰਾ ਬਿਖਰ ਗਿਆ, ਅਸੀਂ ਇਕਜੁੱਟ ਹਾਂ, ਆਗੂ ਚਾਹੇ ਮਦਦ ਦੀ ਗੱਲ ਜਨਤਕ ਤੌਰ ‘ਤੇ ਨਾ ਮੰਨਣ ਪ੍ਰੰਤੂ ਸੰਪਰਕ ਕਰ ਰਹੇ ਹਨ-ਰਾਮ ਸਿੰਘ, ਚੇਅਰਮੈਨ ਸਿਆਸੀ ਵਿੰਗ
ਗੁਰਮੀਤ ਰਾਮ ਰਹੀਮ ਦੇ ਹੁਕਮ ਤੋਂ ਬਾਅਦ ਸੰਗਤ ਲਏਗੀ ਫੈਸਲਾ
ਬਠਿੰਡਾ, ਚੰਡੀਗੜ੍ਹ : ਬਲਾਤਕਾਰ ਦੇ ਜ਼ੁਰਮ ‘ਚ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੋ ਰਹੀਆਂ ਲੋਕ ਸਭਾ ਚੋਣਾਂ ‘ਚ ਡੇਰੇ ਨੇ ਐਤਵਾਰ ਨੂੰ ਇਕ ਵਾਰ ਫਿਰ ਆਪਣੀ ਤਾਕਤ ਦਿਖਾਈ। ਮਾਲਵੇ ਦੇ 6 ਜ਼ਿਲ੍ਹਿਆਂ ‘ਚ ਡੇਰੇ ਦੇ ਸਿਆਸੀ ਵਿੰਗ ਨੇ ਨਾਮ ਚਰਚਾ ਘਰਾਂ ‘ਚ ਪਹੁੰਚ ਕੇ ਸਿਆਸੀ ਇਕਜੁੱਟਤਾ ਦਾ ਸਬੂਤ ਦਿੱਤਾ। ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਅਬੋਹਰ, ਮੁਕਤਸਰ, ਸੰਗਰੂਰ, ਬਰਨਾਲਾ ਅਤੇ ਮੋਗਾ ਦੇ ਨਾਮ ਚਰਚਾ ਘਰਾਂ ‘ਚ ਡੇਰਾ ਪ੍ਰੇਮੀ ਇਕੱਠੇ ਹੋਏ। ਇਸ ਦੌਰਾਨ ਸਿਆਸੀ ਵਿੰਗ ਨੇ ਸਾਰਿਆਂ ਤੋਂ ਹੱਥ ਖੜ੍ਹਾ ਕਰਵਾ ਕੇ ਪੁੱਛਿਆ ਕਿ ਸਾਡੇ ‘ਤੇ ਯਕੀਨ ਹੈ ਨਾ। ਸੰਗਤ ‘ਚੋਂ ਅਵਾਜ਼ ਆਈ ਹਾਂ। ਉਨ੍ਹਾਂ ਨੇ ਥਰੀ ਟੀਯਰ ਸਟ੍ਰੇਟਜੀ ਨਾਲ ਚੋਣਾਂ ‘ਚ ਕੰਮ ਕਰਨ ਦੀ ਵੀ ਨਸੀਹਤ ਦਿੱਤੀ।
ਸੂਤਰਾਂ ਦੇ ਅਨੁਸਾਰ, ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਦਾ ਹੁਕਮ ਮਿਲਣ ਤੋਂ ਬਾਅਦ ਤੀਜੀ ਮੀਟਿੰਗ ‘ਚ ਫੈਸਲਾ ਸੁਣਾਇਆ ਜਾਵੇਗਾ। ਡੇਰੇ ਦੇ ਸਿਆਸੀ ਵਿੰਗ ਨੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਸਿਆਸਤਦਾਨ ਇਹ ਦਿਮਾਗ ‘ਚੋਂ ਕੱਢ ਦੇਣ ਕਿ ਡੇਰੇ ਦੀ ਸਹਾਇਤਾ ਲੈਣ ਦੀ ਗੱਲ ਜਨਤਕ ਤੌਰ ‘ਤੇ ਨਾ ਕਬੂਲਣ ਪ੍ਰੰਤੂ ਰਾਜਨੀਤਿਕ ਦਲ ਅੰਦਰਖਾਤੇ ਸੰਪਰਕ ‘ਚ ਹਨ। ਪ੍ਰੰਤੂ ਸਾਧ ਸੰਗਤ ਇਸ ਵਾਰ 3 ਪੱਧਰ ‘ਤੇ ਮੀਟਿੰਗ ਕਰਕੇ ਫੈਸਲਾ ਲਵੇਗੀ, ਜਿਸ ਦੀ ਸ਼ੁਰੂਆਤ ਐਤਵਾਰ ਤੋਂ ਮਾਲਵਾ ਦੇ 6 ਜ਼ਿਲ੍ਹਿਆਂ ‘ਚ ਹੋਈ ਮੀਟਿੰਗ ਦੌਰਾਨ ਇਕਜੁੱਟਤਾ ਹੋ ਚੁੱਕੀ ਹੈ। ਵਿੰਗ ਦੀ 10 ਅਪ੍ਰੈਲ ਤੋਂ ਬਾਅਦ ਇਕ ਵੱਡੀ ਮੀਟਿੰਗ ਹੋਵੇਗੀ। ਸੰਗਤ ਦਾ ਫੈਸਲਾ ਹੀ ਅੰਤਿਮ ਫੈਸਲਾ ਹੋਵੇਗਾ। ਮਾਲਵਾ ‘ਚ ਡੇਰੇ ਦੀ 13 ਜ਼ਿਲ੍ਹਿਆਂ ‘ਚ 35 ਲੱਖ ਵੋਟਾਂ ਹਨ।
ਇਹ ਹੈ ਡੇਰੇ ਦੀ 3 ਟੀਯਰ ਸਟ੍ਰੇਟਜੀ
1 ਡੇਰੇ ਦੇ ਸਿਆਸੀ ਵਿੰਗ ਵੱਲੋਂ 3 ਭਾਗਾਂ ‘ਚ ਡੇਰਾ ਪ੍ਰੇਮੀਆਂ ਨੂੰ ਇਕਜੁੱਟ ਕੀਤ ਜਾਵੇਗਾ। ਪਹਿਲੇ ਭਾਗ ‘ਚ ਪੰਜਾਬ ਦੇ ਸਾਰੇ ਨਾਮ ਚਰਚਾ ਘਰਾਂ ‘ਚ ਡੇਰਾ ਪ੍ਰੇਮੀਆਂ ਨੂੰ ਇਕਜੁੱਟ ਕਰਕੇ ਡੇਰੇ ਦੇ ਬਿਖਰਨ ਦਾ ਮਿੱਥ ਤੋੜਿਆ ਜਾਵੇਗਾ, 10 ਅਪ੍ਰੈਲ ਤੋਂ ਬਾਅਦ ਇਕ ਵੱਡੀ ਮੀਟਿੰਗ ਕੀਤੀ ਜਾਵੇਗੀ।
2. ਦੂਜੀ ਮੀਟਿੰਗ ‘ਚ ਡੇਰਾ ਪ੍ਰੇਮੀਆਂ ਤੋਂ ਸਿਆਸੀ ਤੌਰ ‘ਤੇ ਇਕਜੁੱਟ ਹੋਣ ਅਤੇ ਇਕ ਦਿਸ਼ਾ ‘ਚ ਫੈਸਲਾ ਦੇਣ ਦੀ ਸਹਿਮਤੀ ਲਈ ਜਾਵੇਗੀ। ਇਹ ਮੀਟਿੰਗ ਅਗਲੇ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ।
3. ਤੀਜੇ ਪੜਾਅ ‘ਚ ਡੇਰੇ ਦਾ ਸਿਆਸੀ ਵਿੰਗ ਰਾਜਨੀਤਿਕ ਸਮਰਥਨ ਦੇ ਲਈ ਫਤਵਾ ਜਾਰੀ ਕਰੇਗਾ, ਜਿਸ ਨੂੰ ਪੂਰੇ ਪੰਜਾਬ ‘ਚ ਲਾਗੂ ਕੀਤਾ ਜਾਵੇਗਾ ਪ੍ਰੰਤੂ ਇਹ ਹੁਕਮ ਸੁਨਾਰੀਆ ਜੇਲ੍ਹ ‘ਚ ਬੰਦ ਗੁਰਮੀਤ ਰਾਮ ਰਹੀਮ ਦੀ ਹਾਂ ਤੋ ਬਾਅਦ ਆਏਗਾ।
ਬੇਅਦਬੀ ਸਬੰਧੀ ਕਾਂਗਰਸ ‘ਤੇ ਬਰਸੇ, ਡੇਰੇ ਬਾਰੇ ਚੁੱਪ ਰਹੇ ਸੁਖਬੀਰ
ਐਤਵਾਰ ਨੂੰ ਬਠਿੰਡਾ ‘ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਬੇਅਦਬੀ ਮਾਮਲੇ ‘ਚ ਕਾਂਗਰਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਨੂੰ ਹੱਥ ‘ਚ ਲੈ ਕੇ ਝੂਠੇ ਵਾਅਦੇ ਕਰਨਾ ਬੇਅਬਦੀ ਹੈ ਜੋ ਕਾਂਗਰਸ ਨੇ ਕੀਤੀ ਹੈ। ਜਦੋਂ ਬੇਅਦਬੀ ਦੇ ਆਰੋਪਾਂ ‘ਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ‘ਤੇ ਪੁੱਛਿਆ ਗਿਆ ਤਾਂ ਸੁਖਬੀਰ ਇਸ ਸਵਾਲ ਨੂੰ ਹੀ ਟਾਲ ਗਏ ਅਤੇ ਉਠ ਕੇ ਚਲੇ ਗਏ।
ਇਸ ਲਈ…ਬਠਿੰਡਾ ਸੀਟ ‘ਤੇ ਡੇਰਾ ਅਹਿਮ
ਡੇਰਾ ਸੱਚਾ ਸੌਦਾ ਸਿਰਸਾ ਦਾ ਪੰਜਾਬ ‘ਚ ਸਭ ਤੋਂ ਵੱਡਾ ਡੇਰਾ ਸਲਾਬਤਪੁਰਾ ਬਠਿੰਡਾ ‘ਚ ਹੈ ਅਤੇ ਦੂਜਾ ਮਾਨਸਾ ‘ਚ। ਇਨ੍ਹਾਂ ਦੋਵੇਂ ਜ਼ਿਲ੍ਹਿਆਂ ‘ਚ ਡੇਰਾ ਪ੍ਰੇਮੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਬਠਿੰਡਾ ਲੋਕ ਸਭਾ ਸੀਟ ‘ਚ 8 ਵਿਧਾਨ ਸਭਾ ਹਲਕੇ ਇਨ੍ਹਾਂ ਦੋਵੇਂ ਜ਼ਿਲ੍ਹਿਆਂ ‘ਚ ਪੈਂਦੇ ਹਨ, ਜਿਨ੍ਹਾਂ ਨੂੰ ਚੋਣਾਂ ਦੌਰਾਨ ਡੇਰਾ ਫੈਕਟਰ ਪ੍ਰਭਾਵਿਤ ਕਰੇਗਾ। ਇਸ ਲਈ ਕੋਈ ਵੀ ਸਿਆਸੀ ਦਲ ਡੇਰੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ। ਜ਼ਿਕਰਯੋਗ ਹੈ ਕਿ ਮਾਲਵਾ ‘ਚ ਡੇਰੇ ਦੀਆਂ 13 ਜ਼ਿਲ੍ਹਿਆਂ ‘ਚ 35 ਲੱਖ ਵੋਟਾਂ ਹਨ।
ਹਰਿਆਣਾ ‘ਚ ਵੀ 10 ਸੀਟਾਂ ਦੇ ਲਈ ਚਰਚਾ
ਡੇਰਾ ਸੱਚਾ ਸੌਦਾ ਦੀ ਰਾਜਨੀਤਿਕ ਵਿੰਗ ਦੀ ਹਰਿਆਣਾ ‘ਚ ਹੋਈ ਮੀਟਿੰਗ ‘ਚ 10 ਲੋਕ ਸਭਾ ਸੀਟਾਂ ਨੂੰ ਲੈ ਕੇ ਚਰਚਾ ਹੋਈ। ਇਸ ‘ਚ ਡੇਰਾ ਪ੍ਰੇਮੀਆਂ ਨਾਲ ਵਿੰਗ ਦੇ ਅਹੁਦੇਦਾਰਾਂ ਨੇ ਰਾਏ ਲਈ। ਹਰਿਆਣਾ ‘ਚ ਸਿਰਸਾ ਸਮੇਤ ਦੂਜੇ ਜ਼ਿਲ੍ਹਿਆਂ ‘ਚ ਵੀ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਕਾਫੀ ਜ਼ਿਆਦਾ ਹੈ। ਆਗੂ ਕਿਸੇ ਵਿਵਾਦ ‘ਚ ਪੈਣ ਤੋਂ ਬਚਣ ਦੇ ਲਈ ਜਨਤਕ ਤੌਰ ‘ਤੇ ਡੇਰੇ ਤੋਂ ਦੂਰੀ ਬਣਾ ਰਹੇ ਹਨ। ਦੂਜੇ ਰਾਜਾਂ ‘ਚ ਵੀ ਮੀਟਿੰਗਾਂ ਕਰਨ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਰਾਜਸਥਾਨ, ਦਿੱਲੀ ਅਤੇ ਯੂਪੀ ‘ਚ ਲੱਖਾਂ ਸ਼ਰਧਾਲੂ ਹਨ।
ਨਾਰਾਜ਼ਗੀ ਜਾਹਿਰ ਨਹੀਂ ਕਰ ਪਾ ਰਹੇ ਸਿੱਧੂ
ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੂੰ ਗੁੱਸਾ ਸੀ ਕਿ ਮੋਗਾ ਰੈਲੀ ‘ਚ ਰਾਹੁਲ ਗਾਂਧੀ ਦੇ ਸਾਹਮਣੇ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਹੁਣ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਨਾਰਾਜ਼ ਹਨ ਕਿ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਦਿੱਤੀ ਗਈ। ਪਾਰਟੀ ਨੇ ਪਵਨ ਕੁਮਾਰ ਬਾਂਸਲ ਨੂੰ ਮੈਦਾਨ ‘ਚ ਉਤਾਰਿਆ ਹੈ। ਨਵਜੋਤ ਸਿੰਘ ਸਿੱਧੂ ਖੁੱਲ੍ਹ ਆਪਣੀ ਨਾਰਾਜ਼ਗੀ ਜਾਹਿਰ ਨਹੀਂ ਕਰ ਪਾ ਰਹੇ ਅਤੇ ਉਹ ਸਿਰਫ਼ ਇਹੀ ਕਹਿ ਰਹੇ ਹਨ ਕਿ ਚਾਹੇ ਪਾਰਟੀ ਨੇ ਮੋਗਾ ‘ਚ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਪ੍ਰੰਤੂ ਉਹ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਪੰਜਾਬ ਤੋਂ ਬਾਹਰ ਰੈਲੀਆਂ ‘ਚ ਬੋਲ ਹੀ ਰਹੇ ਹਨ।
ਦਿੱਲੀ ‘ਚ ਪੰਜਾਬ ਦੇ ਭਵਨ ਫੁੱਲ
ਦਿੱਲੀ ‘ਚ ਪੰਜਾਬ ਭਵਨ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ ਫੁੱਲ ਹਨ। ਉਥੇ ਜਾਣ ਵਾਲੇ ਪੰਜਾਬ ਦੇ ਅਫ਼ਸਰਾਂ ਨੂੰ ਪੰਜਾਬ ਭਵਨ ‘ਚ ਕਮਰੇ ਨਹੀਂ ਮਿਲ ਰਹੇ। ਸਾਰੇ ਕਮਰਿਆਂ ‘ਚ ਪੰਜਾਬ ਦੇ ਆਗੂ ਠਹਿਰੇ ਹੋਏ ਹਨ। ਟਿਕਟ ਦੀ ਚਾਹਤ ‘ਚ ਆਗੂ ਹਾਈ ਕਮਾਂਡ ਨਾਲ ਮਿਲਣ ਲਈ ਆਪਣੇ ਸਮਰਥਕਾਂ ਸਮੇਤ ਦਿੱਲੀ ਪਹੁੰਚ ਰਹੇ ਹਨ। ਕਮਰਾ ਲੈਣ ਦੇ ਲਈ ਆਗੂਆਂ ਨੇ ਅਫ਼ਸਰਾਂ ਦੀਆਂ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ ਜਾਂ ਫਿਰ ਮਹਿੰਗੇ ਹੋਟਲਾਂ ‘ਚ ਰਹਿਣਾ ਪੈ ਰਿਹਾ ਹੈ। ਆਗੂਆਂ ਨੂੰ ਕਮਰਾ ਨਹੀਂ ਦਿਵਾ ਸਕਣ ਕਾਰਨ ਪੰਜਾਬ ਦੇ ਅਫ਼ਸਰ ਪ੍ਰੇਸ਼ਾਨ ਹਨ। ਖੁੱਲ੍ਹ ਇਹ ਗੱਲ ਵੀ ਨਹੀਂ ਕਹਿ ਰਹੇ ਕਿ ਅਸੀਂ ਕੁੱਝ ਨਹੀਂ ਕਰ ਪਾ ਰਹੇ।
ਫੋਨ ਕਰਨ ਤੋਂ ਡਰ ਰਹੇ ਨੇ ਆਗੂ
ਲੋਕ ਸਭਾ ਚੋਣ ਦੇ ਲਈ ਟਿਕਟ ਪ੍ਰਾਪਤ ਕਰਨ ਦੇ ਲਈ ਸਾਰੀਆਂ ਪਾਰਟੀਆਂ ਦੇ ਆਗੂ ਜ਼ੋਰ ਲਗਾ ਰਹੇ ਹਨ। ਦਿੱਲੀ ਦਰਬਾਰ ‘ਚ ਕਈ-ਕਈ ਦਿਨ ਤੱਕ ਹਾਜ਼ਰੀ ਲਗਾਉਣ ਤੋਂ ਬਾਅਦ ਵੀ ਟਿਕਟ ਕਲੀਅਰ ਨਹੀਂ ਹੋ ਰਹੀ। ਅਜਿਹੇ ‘ਚ ਹਾਈ ਕਮਾਂਡ ਨੂੰ ਵਾਰ-ਵਾਰ ਫੋਨ ਕਰਕੇ ਟਿਕਟ ਦੇ ਬਾਰੇ ‘ਚ ਪੁੱਛਦੇ ਹਨ। ਹਾਈਕਮਾਂਡ ਤੋਂ ਇਕ ਹੀ ਜਵਾਬ ਮਿਲਦਾ ਹੈ, ਸਬਰ ਕਰੋ। ਕਈ ਆਗੂ ਫਿਰ ਵੀ ਨਹੀਂ ਮੰਨ ਰਹੇ। ਫੋਨ ਸੁਣ-ਸੁਣ ਕੇ ਪ੍ਰੇਸ਼ਾਨ ਹੋਈ ਹਾਈ ਕਮਾਂਡ ਨੇ ਹੁਣ ਅਜਿਹੇ ਆਗੂਆਂ ਦੀ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਡਰ ਦੇ ਕਾਰਨ ਆਗੂਆਂ ਨੇ ਫੋਨ ਨਾ ਕਰਕੇ ਲਿਸਟ ਦਾ ਇੰਤਜ਼ਾਰ ਸ਼ੁਰੂ ਕਰ ਦਿੱਤਾ ਹੈ।
ਆਪਣੇ ਹੀ ਹੋਏ ਬੇਗਾਨੇ
ਚੋਣਾਂ ‘ਚ ਸਿਆਸੀ ਦਲਾਂ ਨੂੰ ਆਪਣਿਆਂ ਤੋਂ ਹੀ ਬਗਾਵਤ ਦਾ ਖਤਰਾ ਸਤਾਅ ਰਿਹਾ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਦਾਅਵੇਦਾਰ ਅੱਖਾਂ ਦਿਖਾ ਰਹੇ ਹਨ। ਕਈ ਦਾਅਵੇਦਾਰਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿਆਸੀ ਪਾਰਟੀਆਂ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਇਹ ਬਾਗੀ ਆਗੂ ਕਿਸੇ ਹੋਰ ਦਾ ਨਹੀਂ ਆਪਣੇ ਹੀ ਦਲਾਂ ਦਾ ਨੁਕਸਾਨ ਕਰਨਗੇ। ਇਸ ਲਈ ਵੱਡੇ ਆਗੂਆਂ ਨੇ ਇਨ੍ਹਾਂ ਬਾਗੀ ਆਗੂਆਂ ਨੂੰ ਮਨਾਉਣ ਦੇ ਲਈ ਦੂਜੇ ਆਗੂਆਂ ਦੀ ਡਿਊਟੀ ਲਗਾਈ ਹੈ।
ਗੱਠਜੋੜ ਨਾ ਹੋਣ ਦੀ ਦੁਆ…
ਦਿੱਲੀ ‘ਚ ਹੋਣ ਵਾਲੀ ਮੀਟਿੰਗ ‘ਤੇ ਆਗੂਆਂ ਦੀ ਨਜ਼ਰ ਹੈ। ‘ਆਪ-ਕਾਂਗਰਸ’ ‘ਚ ਸਮਝੌਤੇ ਦੀ ਅਟਕਲਾਂ ‘ਤੇ ਦੋਵੇਂ ਪਾਰਟੀਆਂ ਦੇ ਆਗੂ ਗੱਠਜੋੜ ਨਾ ਹੋਣ ਦੀ ਦੁਆ ਕਰ ਰਹੇ ਹਨ। ਪੰਜਾਬ ‘ਚ ਦੋਵੇਂ ਦਲ ਇਕ-ਦੂਜੇ ਦੇ ਖਿਲਾਫ਼ ਹਨ। ਅਜਿਹੇ ‘ਚ ਜੇਕਰ ਪੰਜਾਬ ‘ਚ ਵੀ ਦੋਵੇਂ ਦਲਾਂ ਦਾ ਗੱਠਜੋੜ ਹੋ ਜਾਂਦਾ ਹੈ ਦੋਵੇਂ ਦਲਾਂ ਦੇ ਆਗੂਆਂ ਨੂੰ ਨਾ ਚਾਹੁੰਦੇ ਹੋਏ ਵੀ ਇਕ-ਦੂਜੇ ਨੂੰ ਗਲ ਲਗਾਉਣਾ ਪਵੇਗਾ। ਅਜਿਹੇ ‘ਚ ਆਗੂ ਇਹੀ ਦੁਆ ਕਰ ਰਹੇ ਹਨ ਕਿ ਗੱਠਜੋੜ ਨਾ ਹੋਵੇ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …