ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਰੂਸ ਦੇ ਯੂਕਰੇਨ ਉਪਰ ਫੌਜੀ ਹਮਲੇ ਦਾ ਸਾਹਮਣਾ ਕਰਨ ਲਈ ਹਰ ਸੰਭਵ ਮਦਦ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਜਧਾਨੀ ਓਟਾਵਾ ‘ਚ ਆਖਿਆ ਕਿ ਯੂਕਰੇਨ ਉਪਰ ਕੀਤੇ ਗਏ ਬੇਲੋੜੇ ਖੂਨੀ ਹਮਲੇ ਤੋਂ ਬਾਅਦ ਕੈਨੇਡਾ ਯੂਕਰੇਨ ਦੇ ਨਾਲ ਹੈ ਅਤੇ ਫੌਜੀ ਸਾਜੋ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ, ਜਿਸ ‘ਚ ਫ਼ੌਜੀ ਟੈਂਕਾਂ ਦਾ ਮੁਕਾਬਲਾ ਕਰਨ ਵਾਲੇ ਹਥਿਆਰ, ਹੈਲਮਟ, ਗੈਸ ਮਾਸਕ, ਰਾਤ ਨੂੰ ਦੇਖਣ ‘ਚ ਸਹਾਈ ਹੋਣ ਵਾਲੇ ਚਸ਼ਮੇ, ਬਾਰੂਦ ਤੋਂ ਬਚਾਓ ਕਰਨ ਲਈ ਜੈਕਟਾਂ ਅਤੇ ਗੋਲੀਸਿੱਕਾ ਭੇਜਣਾ ਸ਼ਾਮਲ ਹੋਵੇਗਾ। ਇਸਦੇ ਨਾਲ ਹੀ ਕੈਨੇਡਾ ਦੀ ਸਰਕਾਰ ਹਰ ਤਰ੍ਹਾਂ ਦੇ ਰੂਸੀ ਹਵਾਈ ਜਹਾਜ਼ਾਂ ਦੇ ਕੈਨੇਡਾ ਦੇ ਅਕਾਸ਼ ‘ਚੋਂ ਲੰਘਣ ਉਪਰ ਵੀ ਪਾਬੰਦੀ ਲਗਾ ਚੁੱਕੀ ਹੈ। ਟਰੂਡੋ ਨੇ ਕਿਹਾ ਕਿ ਰੂਸ ਤੋਂ ਤੇਲ ਸਮੇਤ ਹੋਰ ਸਮਾਨ ਆਯਾਤ ਕਰਨ ਉਪਰ ਰੋਕ ਲਗਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੈਨੇਡਾ ਦੀਆਂ ਸਾਰੀਆਂ ਬੈਂਕਾਂ ਨੂੰ ਰੂਸ ਦੀ ਸੈਂਟਰਲ ਬੈਂਕ ਨਾਲ ਲੈਣ-ਦੇਣ ਬੰਦ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੈਨੇਡਾ ਭਰ ਦੇ ਪ੍ਰਮੁੱਖ ਸ਼ਹਿਰਾਂ ‘ਚ ਯੂਕਰੇਨ ਮੂਲ ਦੇ ਲੋਕਾਂ ਵਲੋਂ ਰੂਸ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।