ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਵੱਲੋਂ ਚੁੱਕੇ ਗਏ ਸਖਤ ਕਦਮਾਂ ਕਾਰਨ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਪੁਤਿਨ ਨੂੰ ਯੂਕਰੇਨ ਖਿਲਾਫ ਜਾਰੀ ਜੰਗ ਨੂੰ ਖਤਮ ਕਰਨ ਲਈ ਮਜਬੂਰ ਹੋਣਾ ਪਵੇਗਾ।
ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਉੱਤੇ ਲਿਬਰਲ ਕਾਕਸ ਦੀ ਮੀਟਿੰਗ ਉੱਤੇ ਜਾਂਦਿਆਂ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੈ ਤੇ ਉਨ੍ਹਾਂ ਖਿਲਾਫ ਕਾਰਵਾਈ ਲਈ ਦ੍ਰਿੜ੍ਹ ਹੈ।
ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਤੋਂ ਪਾਬੰਦੀਆਂ ਦੀ ਉਮੀਦ ਤਾਂ ਪੁਤਿਨ ਨੂੰ ਹੋਵੇਗੀ ਹੀ ਪਰ ਜਰਮਨੀ ਵੱਲੋਂ ਗੈਸ ਪਾਈਪਲਾਈਨ ਪ੍ਰੋਜੈਕਟ ਨੌਰਡ ਸਟਰੀਮ ਨੂੰ ਰੱਦ ਕਰਨਾ ਤੇ ਯੂਕਰੇਨ ਨੂੰ ਹਥਿਆਰ ਭੇਜਣ ਦੀ ਗੱਲ ਕਰਨਾ ਅਜਿਹੀਆਂ ਗੱਲਾਂ ਹਨ ਜਿਸ ਨਾਲ ਰੂਸੀ ਸਿਸਟਮ ਹਿੱਲ ਗਿਆ ਹੈ। ਟਰੂਡੋ ਨੇ ਆਖਿਆ ਕਿ ਅਸੀਂ ਸਿਰਫ ਯੂਕਰੇਨ ਦਾ ਸਾਥ ਹੀ ਨਹੀਂ ਦੇ ਰਹੇ ਸਗੋਂ ਜ਼ਮਹੂਰੀਅਤ ਦੇ ਸਿਧਾਂਤਾਂ ਲਈ ਖੜ੍ਹੇ ਹਾਂ। ਮੰਗਲਵਾਰ ਨੂੰ ਸੰਯੁਕਤ ਰਾਸਟਰ ਦੀ ਜਨਰਲ ਅਸੈਂਬਲੀ ਵੱਲੋਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਕਦਮ ਦੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੈਂਸਕੀ ਵੱਲੋਂ ਸਸ਼ਲਾਘਾ ਕੀਤੀ ਗਈ। ਸੰਯੁਕਤ ਰਾਸਟਰ ਦੀ ਜਨਰਲ ਅਸੈਂਬਲੀ ਵਿੱਚ 5 ਵੋਟਾਂ ਦੇ ਮੁਕਾਬਲੇ ਪਈਆਂ 141 ਵੋਟਾਂ ਦਾ ਜਿਕਰ ਕਰਦਿਆਂ ਜੈਲੈਂਸਕੀ ਨੇ ਆਖਿਆ ਕਿ ਪੂਰੀ ਦੁਨੀਆ ਸਾਡੇ ਨਾਲ ਹੈ। ਜ਼ਿਕਰਯੋਗ ਹੈ ਕਿ ਇਸ ਵੋਟਿੰਗ ਵਿੱਚ 34 ਦੇਸਾਂ ਵੱਲੋਂ ਹਿੱਸਾ ਹੀ ਨਹੀਂ ਲਿਆ ਗਿਆ। ਪੁਤਿਨ ਵੱਲੋਂ ਯੁਕਰੇਨ ਉੱਤੇ ਬੋਲੇ ਗਏ ਧਾਵੇ ਤੋਂ ਬਾਅਦ ਤੋਂ ਹੀ ਲਗਾਤਾਰ ਕੈਨੇਡੀਅਨ ਅਧਿਕਾਰੀਆਂ ਵੱਲੋਂ ਕਦੇ ਫੌਜੀ ਤੇ ਕਦੇ ਮਨੁੱਖਤਾਵਾਦੀ ਮਦਦ ਦਾ ਐਲਾਨ ਕੀਤਾ ਜਾਂਦਾ ਰਿਹਾ ਹੈ। ਕੈਨੇਡਾ ਵੱਲੋਂ ਰੂਸੀ ਬੈਂਕਾਂ ਤੇ ਅਹਿਮ ਹਸਤੀਆਂ ਖਿਲਾਫ ਵਿੱਤੀ ਮਾਪਦੰਡ ਵੀ ਅਪਣਾਏ ਗਏ ਹਨ।
ਫੈਡਰਲ ਸਰਕਾਰ ਨੇ ਕੈਨੇਡੀਅਨ ਏਅਰਸਪੇਸ ਤੇ ਪਾਣੀ ਦੇ ਰਾਹ ਵੀ ਰੂਸੀ ਜਹਾਜ਼ਾਂ ਤੇ ਬੇੜਿਆਂ ਦੇ ਕੈਨੇਡਾ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ ਹੈ। ਇਹ ਸਾਰੇ ਕਦਮ ਹੋਰਨਾਂ ਭਾਈਵਾਲ ਮੁਲਕਾਂ ਨਾਲ ਤਾਲਮੇਲ ਕਰਕੇ ਹੀ ਕੈਨੇਡੀਅਨ ਸਰਕਾਰ ਵੱਲੋਂ ਚੁੱਕੇ ਗਏ ਹਨ।