Breaking News
Home / ਪੰਜਾਬ / ਕਥਿਤ ਨਿਹੰਗ ਨੇ ਥਾਣੇਦਾਰ ਦਾ ਹੱਥ ਵੱਢਿਆ

ਕਥਿਤ ਨਿਹੰਗ ਨੇ ਥਾਣੇਦਾਰ ਦਾ ਹੱਥ ਵੱਢਿਆ

ਐੱਸਐੱਸਪੀ ਸਮੇਤ ਕਈ ਮੁਲਾਜ਼ਮ ਜ਼ਖਮੀ; ਪੁਲੀਸ ਨੇ ਚਾਰ ਘੰਟਿਆਂ ਮਗਰੋਂ ਦਸ ਹਮਲਾਵਰ ਤੇ ਸਾਥੀ ਕੀਤੇ ਗ੍ਰਿਫ਼ਤਾਰ
ਪਟਿਆਲਾ/ਬਿਊਰੋ ਨਿਊਜ਼ : ਲੰਘੇ ਐਤਵਾਰ ਨੂੰ ਪਟਿਆਲਾ-ਸਨੌਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿੱਚ ਚਾਰ ਕਥਿਤ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇੱਕ ਏਐੱਸਆਈ ਦਾ ਹੱਥ ਹੀ ਬਾਂਹ ਨਾਲੋਂ ਵੱਖ ਕਰ ਦਿੱਤਾ। ਜਦਕਿ ਘਟਨਾ ‘ਚ ਇੱਕ ਇੰਸਪੈਕਟਰ ਤੇ ਇੱਕ ਹੋਰ ਥਾਣੇਦਾਰ ਵੀ ਜ਼ਖ਼ਮੀ ਹੋ ਗਏ। ਇਸ ਮਗਰੋਂ ਪਿੰਡ ਬਲਬੇੜਾ ਵਿੱਚ ਗੁਰਦੁਆਰਾ ਖਿਚੜੀ ਸਾਹਿਬ ਵਿਚਲੀ ਠਹਿਰ ਵਿਚੋਂ ਪੁਲੀਸ ਨੇ ਚਾਰ ਘੰਟਿਆਂ ਦੀ ਮੁਸ਼ੱਕਤ ਤੇ ਮੁੱਠਭੇੜ ਮਗਰੋਂ ਇੱਕ ਮਹਿਲਾ ਤੇ ਕਥਿਤ ਦਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੌਰਾਨ 39 ਲੱਖ ਨਗਦੀ, ਤਿੰਨ ਪਿਸਤੌਲ, ਦੋ ਪੈਟਰੋਲ ਬੰਬਾਂ, ਸ਼ੱਕੀ ਕੈਮੀਕਲ ਦੀਆਂ 38 ਬੋਤਲਾਂ, 8 ਗੈਸ ਸਿਲੰਡਰ, ਇਸਜੂ ਮਾਰਕਾ ਗੱਡੀ ਸਮੇਤ ਭੰਗ ਦੀਆਂ ਸਾਢੇ 6 ਬੋਰੀਆਂ ਵੀ ਬਰਾਮਦ ਕੀਤੀਆਂ ਹਨ।
ਗ੍ਰਿਫ਼ਤਾਰੀ ਮੌਕੇ ਦੋ ਸੌ ਪੁਲੀਸ ਮੁਲਾਜ਼ਮਾਂ ਸਮੇਤ ਸਪੈਸ਼ਲ ਅਪਰੇਸ਼ਨ ਗਰੁੱਪ ਦੇ 50 ਕਮਾਂਡੋ ਵੀ ਮੌਜੂਦ ਸਨ। ਗ੍ਰਿਫ਼ਤਾਰੀ ਮੌਕੇ ਤਲਵਾਰਾਂ ਅਤੇ ਨੇਜ਼ਿਆਂ ਨਾਲ ਕੀਤੇ ਹਮਲੇ ਦੌਰਾਨ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਦੇ ਹੱਥ ‘ਤੇ ਸੱਟ ਵੱਜੀ ਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਸਮੇਤ ਕੁਝ ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਹੱਥ ਵੱਢਣ ਵਾਲਾ ਕਥਿਤ ਨਿਹੰਗ ਨਿਰਭੈ ਸਿੰਘ ਵੀ ਪੱਟ ਅਤੇ ਛਾਤੀ ‘ਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ‘ਚ ਡੇਰਾ ਮੁਖੀ ਬਲਵਿੰਦਰ ਸਿੰਘ ਕਰਹਾਲੀ, ਨਿਰਭੈ ਸਿੰਘ, ਬੰਤ ਸਿੰਘ ਕਾਲਾ, ਜਗਮੀਤ ਸਿੰਘ ਅਮਰਗੜ੍ਹ, ਗੁਰਦੀਪ ਸਿੰਘ ਸਮਾਣਾ, ਨੰਨਾ, ਜੰਗੀਰ ਸਿੰਘ ਪ੍ਰਤਾਪਗੜ੍ਹ, ਮਨਿੰਦਰ ਸਿੰਘ ਮਹਿਮੂਦਪੁਰ, ਜਸਵੰਤ ਸਿੰਘ ਚਮਾਰੂ, ਦਰਸ਼ਨ ਸਿੰਘ ਧੀਰੂ ਕੀ ਮਾਜਰੀ ਸਮੇਤ ਸੁਖਪ੍ਰੀਤ ਕੌਰ ਪਤਨੀ ਜਗਮੀਤ ਸਿੰਘ ਵਾਸੀ ਡੇਰਾ ਖਿਚੜੀ ਸਾਹਿਬ ਸ਼ਾਮਲ ਹਨ।
ਥਾਣਾ ਸਦਰ ਪਟਿਆਲਾ ਅਤੇ ਪਸਿਆਣਾ ਵਿਖੇ ਦੋ ਕੇਸ ਦਰਜ ਕੀਤੇ ਗਏ ਹਨ।ਆਈਜੀ ਨੇ ਦੱਸਿਆ ਕਿ ਪੁਲੀਸ ਪਾਰਟੀ ਜਦੋਂ ਪਟਿਆਲਾ ਸ਼ਹਿਰ ਦੇ ਬਾਹਰ ਵਾਰ ਸਬਜ਼ੀ ਮੰਡੀ ਵਿੱਚ ਤਾਇਨਾਤ ਸੀ, ਤਾਂ ਹਮਲਾਵਰਾਂ ਨੇ ਗੱਡੀ ਬੈਰੀਕੇਡਾਂ ‘ਚ ਮਾਰ ਦਿੱਤੀ। ਰੋਕਣ ਦੀ ਕੋਸ਼ਿਸ਼ ਕਰਨ ‘ਤੇ ਉਨ੍ਹਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਇੱਕ ਨਿਹੰਗ ਨੇ ਏਐੱਸਆਈ ਹਰਜੀਤ ਸਿੰਘ ਗਿੱਲ ਦਾ ਗੁੱਟ ਵੱਢ ਦਿੱਤਾ ਅਤੇ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਅਤੇ ਥਾਣੇਦਾਰ ਰਾਜ ਸਿੰਘ ਸਮੇਤ ਆਕਸ਼ਨ ਰਿਕਾਰਡਰ ਯਾਦਵਿੰਦਰ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ। ਹਰਜੀਤ ਸਿੰਘ ਪੀਜੀਆਈ ਤੇ ਬਾਕੀ ਪਟਿਆਲਾ ‘ਚ ਦਾਖਲ ਹਨ।
ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਨੁਮਾਇੰਦਿਆਂ ਨੂੰ ਬੁਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਰਹੇ ਅਖੰਡ ਪਾਠ ਦੀ ਮਰਿਆਦਾ ਬਹਾਲ ਰੱਖੀ ਅਤੇ ਦੁਧਾਰੂ ਪਸ਼ੂਆਂ ਅਤੇ ਘੋੜਿਆਂ ਦੀ ਦੇਖ ਭਾਲ ਦਾ ਜਿੰਮਾ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਹੈ।
ਪੀਜੀਆਈ ਨੇ ਸਰਜਰੀ ਕਰਕੇ ਜੋੜਿਆ ਏਐੱਸਆਈ ਦਾ ਹੱਥ
ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੇ ਪਟਿਆਲਾ ਸ਼ਹਿਰ ‘ਚ ਨਿਹੰਗ ਸਿੰਘ ਵੱਲੋਂ ਏਐੱਸਆਈ ਹਰਜੀਤ ਸਿੰਘ ਦਾ ਵੱਢਿਆ ਗਿਆ ਹੱਥ ਪਲਾਸਟਿਕ ਸਰਜਰੀ ਦੀ ਮਦਦ ਨਾਲ ਜੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਡੀਜੀਪੀ ਦਿਨਕਰ ਗੁਪਤਾ ਨੇ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੂੰ ਫੋਨ ‘ਤੇ ਸੂਚਨਾ ਦਿੱਤੀ। ਡਾਕਟਰਾਂ ਦੀ ਟੀਮ ਅਤੇ ਨਰਸਿੰਗ ਸਟਾਫ ਨੇ ਲਗਭਗ ਸਾਢੇ 7 ਘੰਟੇ ਦੀ ਸਰਜਰੀ ਮਗਰੋਂ ਹੱਥ ਮੁੜ ਜੋੜ ਦਿੱਤਾ।
ਮੁੱਖ ਮੰਤਰੀ ਨੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਿਆ
ਪਟਿਆਲਾ: ਪਟਿਆਲਾ-ਸਨੌਰ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿਖੇ ਵਾਪਰੀ ਘਟਨਾ ‘ਚ ਜ਼ਖਮੀ ਹੋਏ ਪੁਲਿਸ ਜਵਾਨਾਂ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਡੀਓ ਕਾਲ ਕਰਕੇ ਹਾਲਚਾਲ ਪੁੱਛਿਆ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਬਿੱਕਰ ਸਿੰਘ ਸੋਹੀ ਤੇ ਦੋ ਥਾਣੇਦਾਰਾਂ ਰਾਜ ਸਿੰਘ ਤੇ ਰਘਬੀਰ ਸਿੰਘ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਮਲੇ ਦੌਰਾਨ ਐੱਸਐੱਸਪੀ ਮਨਦੀਪ ਸਿੱਧੂ ਦੇ ਹੱਥ ‘ਤੇ ਸੱਟ ਵੱਜੀ ਸੀ ਅਤੇ ਉਨ੍ਹਾਂ ਦੇ ਪੀ.ਐੱਸ.ਓ ਸਤਵੰਤ ਸਿੰਘ ਏਐੱਸਆਈ ਦੇ ਵੀ ਸੱਟਾਂ ਵੱਜੀਆਂ ਸਨ। ਇਸੇ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੰਸਪੈਕਟਰ ਬਿੱਕਰ ਸੋਹੀ ਸਮੇਤ ਉਕਤ ਜ਼ਖ਼ਮੀ ਮੁਲਾਜ਼ਮਾਂ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਸਿਮਰਜੀਤ ਬੈਂਸ ਨੂੰ ਕਥਿਤ ਨਿਹੰਗਾਂ ਦੀ ਹਮਾਇਤ ਪਈ ਮਹਿੰਗੀ
ਪੰਜਾਬ ਪੁਲਿਸ ਨੇ ਸੁਰੱਖਿਆ ਲਈ ਵਾਪਸ
ਲੁਧਿਆਣਾ : ਪਟਿਆਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਕਥਿਤ ਨਿਹੰਗ ਸਿੰਘਾਂ ਦੀ ਹਮਾਇਤ ਮਹਿੰਗੀ ਪੈਂਦੀ ਨਜ਼ਰ ਆਈ ਜਦੋਂ ਪੰਜਾਬ ਪੁਲਿਸ ਨੇ ਅੱਜ ਨੂੰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਲੈ ਲਈ ਹੈ।ઠਪੁਲਿਸ ਵੱਲੋਂ ਉਨ੍ਹਾਂ ਨੂੰ ਦਿੱਤੇ ਚਾਰ ਅੰਗ ਰੱਖਿਆਂ ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ। ਹਾਲਾਂਕਿ ਪੁਲਿਸ ਨੇ ਉਨ੍ਹਾਂ ਦੇ ਵੱਡੇ ਭਰਾ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੀ ਸੁਰੱਖਿਆ ਵਾਪਸ ਨਹੀਂ ਲਈ ਹੈ। ਲੰਘੇ ਐਤਵਾਰ ਨੂੰ ਕਥਿਤ ਨਿਹੰਗ ਸਿੰਘਾਂ ਨੇ ਪਟਿਆਲੇ ਵਿੱਚ ਏਐਸਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਸੀ। ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਸੀ ਕਿ ਇਹ ਹਮਲਾ ਉਨ੍ਹਾਂ ਅੱਤਿਆਚਾਰਾਂ ਦਾ ਨਤੀਜਾ ਹੈ ਜੋ ਪੰਜਾਬ ਪੁਲਿਸ ਨੇ ਆਮ ਲੋਕਾਂ ‘ਤੇ ਕੀਤੇ ਹਨ।

ਹਮਲਾਵਰਾਂ ਦਾ ਕਿਸੇ ਨਿਹੰਗ ਜਥੇਬੰਦੀ ਨਾਲ ਸਬੰਧ ਨਹੀਂ: ਬਾਬਾ ਬਲਬੀਰ ਸਿੰਘ
ਪਟਿਆਲਾ : ਨਿਹੰਗਾਂ ਦੀ ਸੁਪਰੀਮ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ‘ਛਿਆਨਵੇਂ ਕਰੋੜੀ’ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਡਿਊਟੀ ‘ਤੇ ਤਾਇਨਾਤ ਪੁਲੀਸ ‘ਤੇ ਹਮਲਾ ਕਰਨ ਵਾਲੇ ਅਖੌਤੀ ਨਿਹੰਗਾਂ ਦਾ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ, ਤਰਨਾ ਦਲ ਜਾਂ ਕਿਸੇ ਹੋਰ ਨਿਹੰਗ ਦਲ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹਿਰੂਪੀਏ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਖੌਤੀ ਨਿਹੰਗ ਸਮੁੱਚੇ ਨਿਹੰਗ ਸਿੰਘਾਂ ਦੇ ਬਾਣੇ ਜਾਂ ਸਿਧਾਂਤ ਜਾਂ ਨਿਹੰਗ ਜਥੇਬੰਦੀਆਂ ਨੂੰ ਬਦਨਾਮ ਨਾ ਕਰ ਸਕੇ। ਉਧਰ ਘਟਨਾਕ੍ਰਮ ਦੇ ਸੂਤਰਧਾਰ ਵਜੋਂ ਸਾਹਮਣੇ ਆਏ ਗੁਰਦੁਆਰਾ ਖਿੱਚੜੀ ਸਾਹਿਬ ਬਲਬੇੜਾ ‘ਕਰਹਾਲੀ ਸਾਹਿਬ’ ਦੇ ਇਤਿਹਾਸਕ ਪੱਖ ਜਾਅਲੀ ਤੇ ਮਨਮਤ ਨਾਲ ਜੁੜੇ ਸਾਹਮਣੇ ਆਏ ਹਨ, ਜਦੋਂ ਕਿ ਇਸ ਦੇ ਪ੍ਰਬੰਧਕ ਵੀ ਜਾਅਲੀ ਨਿਹੰਗ ਨਿਕਲੇ ਹਨ। ਦੱਸਿਆ ਜਾਂਦਾ ਹੈ ਕਿ ਇਹ ਗੁਰਦੁਆਰਾ ਬਲਵਿੰਦਰ ਸਿੰਘ ਦੇ ਦਿਮਾਗ ਦੀ ਉਪਜ ਸੀ। ਇਸ ਗੁਰਦੁਆਰੇ ਦੀ ਸੇਵਾ ਸੰਭਾਲ ‘ਚ ਲੱਗੇ ਲੋਕ ਵੀ ਅਸਲੀ ਨਿਹੰਗ ਨਹੀਂ ਹਨ। ਸ਼ੋਮਣੀ ਕਮੇਟੀ ਦੇ ਅਧੀਨ ਪਿੰਡ ਕਰਹਾਲੀ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਮੁਤਾਬਿਕ ਖਿੱਚੜੀ ਸਾਹਿਬ ਦਾ ਗੁਰੂ ਇਤਿਹਾਸ ਨਾਲ ਕੋਈ ਸਬੰਧ ਨਹੀ ਹੈ।

ਝੜਪ ਦੌਰਾਨ ਵਰਤੀ ਗਈ ਗੱਡੀ ਕਾਂਗਰਸੀ ਆਗੂ ਦੇ ਨਾਂ ਬੋਲੀ
ਪਟਿਆਲਾ : ਲੰਘੇ ਦਿਨ ਇੱਥੇ ਪੁਲੀਸ ‘ਤੇ ਹਮਲਾ ਕਰ ਕੇ ਇਕ ਥਾਣੇਦਾਰ ਦਾ ਹੱਥ ਵੱਢਣ ਸਮੇਤ ਕੁਝ ਹੋਰ ਪੁਲੀਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰਨ ਦੀ ਵਾਰਦਾਤ ਮੌਕੇ ਹਮਲਾਵਰਾਂ ਨੇ ਜਿਹੜੀ ਗੱਡੀ ‘ਜਸੂਜਾ ਡੀਮੈਕਸ’ (ਨੰਬਰ ਪੀਬੀ 11-7415) ਵਰਤੀ ਸੀ, ਉਹ ਹਲਕਾ ਸਨੌਰ ਨਾਲ ਸਬੰਧਤ ਕਾਂਗਰਸੀ ਬਲਾਕ ਸਮਿਤੀ ਮੈਂਬਰ ਗੁਰਵਿੰਦਰ ਸਿੰਘ ਭਟੇੜੀ ਦੇ ਪਿਤਾ ਦੇ ਨਾਂ ਰਜਿਸਟਰ ਹੈ। ਇਸ ਸਬੰਧੀ ਜਦੋਂ ਪੁਲੀਸ ਨੇ ਬਲਾਕ ਸਮਿਤੀ ਮੈਂਬਰ ਗੁਰਵਿੰਦਰ ਸਿੰਘ ਭਟੇੜੀ ਨਾਲ ਰਾਬਤਾ ਕੀਤਾ ਤਾਂ ਉਸ ਨੇ ਥਾਣਾ ਸਦਰ ਪਟਿਆਲਾ ਵਿਚ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ। ਉਸ ਨੇ ਦੱਸਿਆ ਕਿ ਵਿਦੇਸ਼ ‘ਚ ਰਹਿੰਦੇ ਉਸ ਦੇ ਛੋਟੇ ਭਰਾ ਨੇ ਗੁਰਦੁਆਰਾ ਖਿਚੜੀ ਸਾਹਿਬ ਵਿਖੇ ਸੁੱਖਣਾ ਸੁੱਖੀ ਸੀ ਕਿ ਵਿਦੇਸ਼ ‘ਚ ਪੱਕਾ ਹੋਣ ‘ਤੇ ਉਹ ਗੁਰਦੁਆਰੇ ਵਿਖੇ ਨਵੀਂ ਗੱਡੀ ਚੜ੍ਹਾ ਕੇ ਜਾਵੇਗਾ। ਜਦੋਂ ਉਹ ਵਿਦੇਸ਼ ‘ਚ ਪੱਕਾ ਹੋ ਗਿਆ ਤਾਂ 2016 ਵਿਚ ਪਰਿਵਾਰ ਨੇ ਇਹ ਗੱਡੀ ਖਰੀਦ ਕੇ ਗੁਰਦੁਆਰੇ ਨੂੰ ਦਾਨ ਕਰ ਦਿੱਤੀ। ਇਕ ਸਵਾਲ ਦੇ ਜਵਾਬ ਵਿਚ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ‘ਤੇ ਕਰਜ਼ਾ ਲਿਆ ਸੀ ਤੇ ਜ਼ਮੀਨ ਉਸ ਦੇ ਪਿਤਾ ਪੂਰਨ ਸਿੰਘ ਦੇ ਨਾਮ ਹੈ, ਜਿਸ ਕਰਕੇ ਇਹ ਗੱਡੀ ਉਨ੍ਹਾਂ ਦੇ ਪਿਤਾ ਦੇ ਨਾਮ ‘ਤੇ ਖਰੀਦੀ ਗਈ। ਉਸ ਨੇ ਦੱਸਿਆ ਕਿ ਇਹ ਗੱਡੀ 2016 ਵਿਚ ਦਿੱਤੀ ਗਈ ਸੀ, ਜਿਸ ਦੇ ਕਰਜ਼ੇ ਦੀਆਂ ਕਿਸ਼ਤਾਂ ਕਲੀਅਰ ਹੋਣ ‘ਤੇ 20 ਮਾਰਚ, 2020 ਨੂੰ ਇਹ ਗੱਡੀ ਗੁਰਦੁਆਰੇ ਦੇ ਮੁਖੀ ਬਲਵਿੰਦਰ ਸਿੰਘ ਨੂੰ ਦੇਣ ਸਬੰਧੀ ਹਲਫ਼ੀਆ ਬਿਆਨ ਵੀ ਦਿੱਤਾ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਵੱਲੋਂ ਆਪਣੇ ਨਾਮ ਨਾ ਕਰਵਾਈ ਹੋਣ ਕਰਕੇ ਰਿਕਾਰਡ ‘ਚ ਗੱਡੀ ਉਸ ਦੇ ਪਿਤਾ ਦੇ ਨਾਮ ਹੀ ਬੋਲ ਰਹੀ ਹੈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਅਸਥਾਨ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿਰਫ਼ ਸ਼ਰਧਾਲੂਆਂ ਵਜੋਂ ਸਬੰਧ ਹੈ।

ਗੁਰਦੁਆਰਾ ਖਿਚੜੀ ਸਾਹਿਬ ਤੇ ਬਲਵਿੰਦਰ ਸਿੰਘ ਦਾ ਪਿਛੋਕੜ
ਦੇਵੀਗੜ੍ਹ : ਅਨਾਜ ਮੰਡੀ ਸਨੌਰ ਰੋਡ ‘ਤੇ ਥਾਣੇਦਾਰ ਦਾ ਹੱਥ ਵੱਢਣ ਵਾਲੇ ਹਮਲਾਵਰ ਦਾ ਨਾਂ ਬਲਵਿੰਦਰ ਸਿੰਘ ਹੈ ਅਤੇ ਉਸ ਦਾ ਪਿਛੋਕੜ ਕਸਬਾ ਬਲਬੇੜਾ ਨੇੜੇ ਗੁਰਦੁਆਰਾ ਖਿੱਚੜੀ ਸਾਹਿਬ ਨਾਲ ਜੁੜਿਆ ਹੈ, ਜੋ ਕਿ ਉਸ ਡੇਰੇ ਦਾ ਮੁਖੀ ਸੀ ਅਤੇ ਘਟਨਾ ਮਗਰੋਂ ਇੱਥੇ ਆ ਕੇ ਲੁਕਿਆ। ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਖਿੱਚੜੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਦਾ ਹੈ ਅਤੇ ਇਹ ਬਲਬੇੜਾ-ਚੀਕਾ ਰੋਡ ‘ਤੇ ਸਥਿਤ ਹੈ। ਇਸ ਥਾਂ ਦਾ ਸਬੰਧ ਨੌਵੇਂ ਗੁਰੂ ਤੇਗ ਬਹਾਦਰ ਜੀ ਨਾਲ ਦੱਸਿਆ ਜਾਂਦਾ ਹੈ। ਲਗਪਗ 20 ਕੁ ਸਾਲ ਪਹਿਲਾਂ ਇੱਕ ਨਿਹੰਗ ਸਿੰਘ ਨੇ ਇੱਥੇ ਆ ਕੇ ਡੇਰਾ ਲਾਉਂਦਿਆਂ ਛੋਟਾ ਜਿਹਾ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ ਸੀ। ਲੋਕ ਇਥੇ ਸ਼ਰਧਾ ਨਾਲ ਆਉਣ ਲੱਗ ਪਏ ਸਨ।
ਕਿਹਾ ਜਾਂਦਾ ਹੈ ਇਹ ਬਲਵਿੰਦਰ ਸਿੰਘ ਸੁਨਾਮ ਤੋਂ ਇੱਥੇ ਆਇਆ ਸੀ। ਹੌਲੀ ਹੌਲੀ ਉਸ ਨੇ ਕੁਝ ਹੋਰ ਸਾਥੀ ਆਪਣੇ ਨਾਲ ਰਲਾ ਲਏ ਅਤੇ ਇਥੇ ਘੋੜੇ ਆਦਿ ਵੀ ਰੱਖ ਲਏ। ਉਗਰਾਹੀ ਦੇ ਨਾਂ ‘ਤੇ ਉਹ ਲੋਕਾਂ ਨਾਲ ਝਗੜੇ ਅਤੇ ਆਸ ਪਾਸ ਦੀ ਜ਼ਮੀਨ ‘ਤੇ ਵੀ ਕਬਜ਼ੇ ਕਰਦਾ ਸੀ। ਉਸ ਨੇ ਪਿੰਡ ਗਗੜਪੁਰ ਜ਼ਿਲ੍ਹਾ ਕੈਥਲ ਵਿੱਚ ਵੀ ਜਗ੍ਹਾ ‘ਤੇ ਕਬਜ਼ਾ ਕਰਕੇ ਆਪਣਾ ਡੇਰਾ ਬਣਾਇਆ। ਉਸ ਵਿਰੁੱਧ ਪਹਿਲਾਂ ਵੀ ਤਿੰਨ ਝਗੜਿਆਂ ਦੇ ਕੇਸ ਚੱਲ ਰਹੇ ਹਨ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …