ਆਰ.ਓ. ਅਤੇ ਖੇਡ ਕਿੱਟਾਂ ’ਤੇ ਵੀ ਘਿਰ ਸਕਦੇ ਹਨ ਕੈਪਟਨ ਸੰਦੀਪ ਸੰਧੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਲੁਧਿਆਣਾ ਵਿਚ 65 ਲੱਖ ਰੁਪਏ ਦੇ ਸੋਲਰ ਲਾਈਟਸ ਘੁਟਾਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਕੈਪਟਨ ਸੰਦੀਪ ਸੰਧੂ ਨਾਮਜ਼ਦ ਹਨ। ਕੈਪਟਨ ਸੰਦੀਪ ਸੰਧੂ ਦੀ ਗਿ੍ਰਫਤਾਰੀ ਲਈ ਵਿਜੀਲੈਂਸ ਲਗਾਤਾਰ ਛਾਪੇਮਾਰੀ ਵੀ ਕਰ ਰਹੀ ਹੈ। ਧਿਆਨ ਰਹੇ ਕਿ ਕੈਪਟਨ ਸੰਦੀਪ ਸੰਧੂ ਇਕ ਹੋਰ ਨਵੇਂ ਮਾਮਲੇ ਵਿਚ ਵੀ ਘਿਰ ਸਕਦੇ ਹਨ। ਸਰਕਾਰੀ ਸਕੂਲਾਂ ਅਤੇ ਪਿੰਡਾਂ ਵਿਚ ਪਾਣੀ ਫਿਲਟਰ ਲਈ ਆਰ.ਓ. ਸਿਸਟਮ ਅਤੇ ਕਾਂਗਰਸ ਸਰਕਾਰ ਦੇ ਸਮੇਂ ਕਿੰਨੀਆਂ ਖੇਡ ਕਿੱਟਾਂ ਵੰਡੀਆਂ ਗਈਆਂ, ਇਹ ਮਾਮਲਾ ਵੀ ਖੁੱਲ੍ਹਣ ਦੀ ਤਿਆਰੀ ਵਿਚ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਸਬੰਧਿਤ ਵਿਭਾਗ ਬੀ.ਡੀ.ਪੀ.ਓ. ਦਫਤਰ ਕੋਲੋਂ ਰਿਕਾਰਡ ਮੰਗਿਆ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਕਿੰਨੇ ਆਰ.ਓ. ਅਤੇ ਖੇਡ ਕਿੱਟਾਂ ਆਦਿ ਵੰਡੀਆਂ ਹਨ, ਉਸਦਾ ਬਿਉਰਾ ਦਿੱਤਾ ਜਾਵੇ। ਦੱਸਣਯੋਗ ਹੈ ਕਿ ਕੈਪਟਨ ਸੰਦੀਪ ਸੰਧੂ ਕਰੀਬ ਇਕ ਮਹੀਨੇ ਤੋਂ ਫਰਾਰ ਚੱਲ ਰਹੇ ਹਨ। ਜੇਕਰ ਆਰ.ਓ. ਅਤੇ ਖੇਡ ਕਿੱਟਾਂ ਵਿਚ ਵੀ ਕੋਈ ਗੜਬੜੀ ਵਿਜੀਲੈਂਸ ਦੇ ਸਾਹਮਣੇ ਆਉਂਦੀ ਹੈ ਤਾਂ ਸੰਧੂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਇਸਦੇ ਨਾਲ ਹੀ ਹੁਣ ਪੱਖੋਵਾਲ ਰੋਡ ਦੇ ਵੀ ਕੁਝ ਪਿੰਡਾਂ ਦਾ ਲਾਈਟਸ ਘੁਟਾਲਾ ਸਾਹਮਣੇ ਆ ਸਕਦਾ ਹੈ।

