
ਕੈਲੀਫੋਰਨੀਆ ਦੇ ਹਸਪਤਾਲ ’ਚ ਪ੍ਰੋ. ਵਿਰਕ ਦਾ ਚੱਲ ਰਿਹਾ ਸੀ ਇਲਾਜ
ਪਟਿਆਲਾ/ਬਿਊਰੋ ਨਿਊਜ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਨਹੀਂ ਰਹੇ। ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਪ੍ਰੋ. ਵਿਰਕ ਭਾਰਤੀ ਸਮੇਂ ਅਨੁਸਾਰ ਉਹ ਅੱਜ ਐਤਵਾਰ ਸਵੇਰੇ 15 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਸਾਹਿਤਕ ਜਗਤ ਵਿਚ ਸੋਗ ਦੀ ਲਹਿਰ ਹੈ। ਡਾ. ਵਿਰਕ ਦਾ ਜਨਮ 21 ਮਾਰਚ 1946 ਨੂੰ ਪਾਕਿਸਤਾਨ ਦੇ ਗੁੱਜਰਾਂਵਾਲਾ ਜ਼ਿਲ੍ਹੇ ਦੇ ਥਾਂਡਾ ਪਿੰਡ ਵਿਚ ਹੋਇਆ ਸੀ। ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਵਿਰਕ ਕੁਝ ਸਮਾਂ ਪਹਿਲਾਂ ਹੀ ਪਟਿਆਲਾ ਤੋਂ ਅਮਰੀਕਾ ਗਏ ਸਨ ਅਤੇ ਉਨ੍ਹਾਂ ਦਾ ਕੈਲੀਫੋਰਨੀਆ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਪ੍ਰੋ ਵਿਰਕ ਕਈ ਸਾਹਿਤਕ ਸੰਸਥਾਵਾਂ ਵਿਚ ਵੀ ਮਹੱਤਵਪੂਰਨ ਅਹੁਦਿਆਂ ’ਤੇ ਰਹੇ ਹਨ।