ਪੰਜਾਬ ਦੀ ਤਰਜ਼ ’ਤੇ ‘ਆਪ’ ਨੇ ਕਰਵਾਇਆ ਸੀ ਸਰਵੇ
ਅਹਿਮਦਾਬਾਦ/ਬਿੳੂਰੋ ਨਿੳੂਜ਼
ਇਸੁਦਾਨ ਗਢਵੀ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਹੋਣਗੇ। ਇਹ ਐਲਾਨ ਅੱਜ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੋਕਾਂ ਦੀ ਰਾਇ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ ਦੌੜ ਵਿੱਚ ‘ਆਪ’ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ, ਕੌਮੀ ਜਨਰਲ ਸਕੱਤਰ ਇਸੁਦਨ ਗਢਵੀ ਅਤੇ ਜਨਰਲ ਸਕੱਤਰ ਮਨੋਜ ਸੋਰਠੀਆ ਸ਼ਾਮਲ ਸਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਵਲੋਂ ਰਾਏ ਮੰਗੀ ਸੀ ਕਿ ਤੁਹਾਡਾ ਸਭ ਤੋਂ ਪਸੰਸੀਦਾ ‘ਆਪ’ ਨੇਤਾ ਕੌਣ ਹੈ। ਇਸ ਸਰਵੇ ਦੇ ਅਧਾਰ ’ਤੇ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਗਢਵੀ ਨੂੰ ਚੁਣਿਆ ਹੈ। ਕੇਜਰੀਵਾਲ ਨੇ ਵੈਬਸਾਈਟ, ਈਮੇਲ, ਮੋਬਾਇਲ ਐਪਲੀਕੇਸ਼ਨ, ਸੰਦੇਸ਼ ਅਤੇ ਵਟਸਅੱਪ ਦੇ ਮਾਧਿਅਮ ਨਾਲ ਲੋਕਾਂ ਕੋਲੋਂ ਸੁਝਾਅ ਮੰਗੇ ਸਨ। ਇਸਦੇ ਚੱਲਦਿਆਂ 16 ਲੱਖ 48 ਹਜ਼ਾਰ 500 ਵਿਅਕਤੀਆਂ ਨੇ ਆਪਣੇ ਪਸੰਸੀਦਾ ਨੇਤਾ ਦੇ ਬਾਰੇ ਵਿਚ ਜਵਾਬ ਦਿੱਤਾ ਅਤੇ 73 ਫੀਸਦੀ ਵਿਅਕਤੀਆਂ ਨੇ ਇਸੁਦਾਨ ਗਢਵੀ ਦੇ ਹੱਕ ਵਿਚ ਗੱਲ ਕੀਤੀ। ਦੱਸਣਯੋਗ ਹੈ ਕਿ ਪੰਜਾਬ ਵਿਚ ਵੀ ਇਸੇ ਤਰ੍ਹਾਂ ਸਰਵੇ ਤੋਂ ਬਾਅਦ ‘ਆਪ’ ਨੇ ਸੀਐਮ ਉਮੀਦਵਾਰ ਦੇ ਰੂਪ ਵਿਚ ਭਗਵੰਤ ਮਾਨ ਦੇ ਨਾਮ ਦੀ ਐਲਾਨ ਕੀਤਾ ਸੀ। ਧਿਆਨ ਰਹੇ ਕਿ ਗੁਜਰਾਤ ਵਿਚ ਦੋ ਪੜ੍ਹਾਵਾਂ ’ਚ 1 ਅਤੇ 5 ਦਸੰਬਰ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ।