Breaking News
Home / ਪੰਜਾਬ / ਕਿਸਾਨ ਜਨ ਸੰਸਦ ਸਮਾਗਮ ‘ਚ ਰਵਨੀਤ ਬਿੱਟੂ ਨਾਲ ਹੋਈ ਧੱਕਾ ਮੁੱਕੀ

ਕਿਸਾਨ ਜਨ ਸੰਸਦ ਸਮਾਗਮ ‘ਚ ਰਵਨੀਤ ਬਿੱਟੂ ਨਾਲ ਹੋਈ ਧੱਕਾ ਮੁੱਕੀ

ਕਿਸਾਨ ਅਜਿਹੀ ਹਰਕਤ ਨਹੀਂ ਕਰ ਸਕਦੇ : ਸੁਨੀਲ ਜਾਖੜ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੰਘੂ ਬਾਰਡਰ ‘ਤੇ ਗੁਰੂ ਤੇਗ਼ ਬਹਾਦਰ ਸਮਾਰਕ ਨੇੜੇ ਹੋਏ ‘ਕਿਸਾਨ ਜਨ ਸੰਸਦ ਸਮਾਗਮ’ ਵਿੱਚ ਸ਼ਾਮਲ ਹੋਣ ਪਹੁੰਚੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਕੁਝ ਨੌਜਵਾਨਾਂ ਨੇ ਕਥਿਤ ਬਦਸਲੂਕੀ ਕੀਤੀ ਤੇ ਧੱਕੇ ਮਾਰ ਕੇ ਉਨ੍ਹਾਂ ਨੂੰ ਉੱਥੋਂ ਭਜਾ ਦਿੱਤਾ।
ਇਸ ਧੱਕਾਮੁੱਕੀ ਵਿੱਚ ਬਿੱਟੂ ਦੀ ਪੱਗ ਵੀ ਲੱਥ ਗਈ। ਨੌਜਵਾਨਾਂ ਵੱਲੋਂ ਕਥਿਤ ਗਾਲੀ-ਗਲੋਚ ਵੀ ਕੀਤੀ ਗਈ। ਉਹ ਇਸ ਗੱਲੋਂ ਖਫ਼ਾ ਸਨ ਕਿ ਬਿੱਟੂ ਧਰਨੇ ਵਾਲੀ ਥਾਂ ‘ਤੇ ਕਿਉਂ ਪਹੁੰਚੇ। ਇਸ ਤੋਂ ਪਹਿਲਾਂ ਵੀ ਸਿੰਘੂ ਬਾਰਡਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂਆਂ ਨੂੰ ਧਰਨੇ ਵਿੱਚ ਸ਼ਾਮਲ ਲੋਕਾਂ ਨੇ ਮੁੱਖ ਸਟੇਜ ਦੇ ਪਿੱਛੇ ਤੋਂ ਹੀ ਭਜਾ ਦਿੱਤਾ ਸੀ। ਨੌਜਵਾਨਾਂ ਨੇ ਸਿਆਸੀ ਆਗੂਆਂ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਉਹ ਬਿੱਟੂ ਦੇ ਪਿੱਛੇ ਤੱਕ ਗਏ। ਕਿਸਾਨਾਂ ਵੱਲੋਂ ਬਣਾਈਆਂ ਗਈਆਂ ਵੀਡੀਓ’ਜ਼ ਵਿੱਚ ਨੌਜਵਾਨ ਸੰਸਦ ਮੈਂਬਰ ਬਿੱਟੂ ਨੂੰ ਉੱਥੋਂ ਜਾਣ ਲਈ ਆਖਦੇ ਸੁਣਾਈ ਦੇ ਰਹੇ ਹਨ। ਕਿਸਾਨਾਂ ਵੱਲੋਂ ਬਿੱਟੂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਦੱਸਿਆ ਗਿਆ ਹੈ। ਨੌਜਵਾਨ ਕਿਸਾਨਾਂ ਨੇ ਸੰਸਦ ਮੈਂਬਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਾਂਗਰਸ ਵਿਧਾਇਕ ਗੁਰਜੀਤ ਸਿੰਘ ਔਜਲਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂ ਵੀ ਕਿਸਾਨਾਂ ਦੇ ਨਿਸ਼ਾਨੇ ਉਪਰ ਆ ਗਏ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਬਿੱਟੂ ਸਮੇਤ ਹੋਰ ਕਾਂਗਰਸ ਆਗੂ ਮੌਕੇ ਤੋਂ ਚਲੇ ਗਏ। ਇਸੇ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਗੁਰਜੀਤ ਸਿੰਘ ਔਜਲਾ, ਕੁਲਬੀਰ ਸਿੰਘ ਜ਼ੀਰਾ ਤੇ ਹੋਰਨਾਂ ਨਾਲ ਪਾਰਟੀ ਆਗੂਆਂ ਦੇ ਕਹਿਣ ‘ਤੇ ਸੰਸਦ ਮੈਂਬਰ ਵਜੋਂ ਗਏ ਸੀ ਤਾਂ ਜੋ ਉਹ ਆਪਣੀ ਪਾਰਟੀ ਦਾ ਸੁਨੇਹਾ ਦੇ ਸਕਣ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂਆਂ ਨੇ ਉੱਥੇ ਪਹੁੰਚਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਪਰ ਅਚਾਨਕ ਡੰਡਿਆਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਕੁਝ ਲੋਕ ਮੌਕੇ ‘ਤੇ ਆ ਗਏ। ਉਨ੍ਹਾਂ ਕਿਹਾ ਕਿ ਇਹ ਹਮਲਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ। ਇਸੇ ਦੌਰਾਨ ਬਿੱਟੂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਨਾਲ ਹਮੇਸ਼ਾ ਖੜ੍ਹੇ ਰਹਿਣਗੇ।
ਕਿਸਾਨ ਜਨ ਸੰਸਦ ਸਮਾਗਮ ਦੌਰਾਨ ਬਿੱਟੂ ਨਾਲ ਹੋਈ ਧੱਕਾ ਮੁੱਕੀ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿੰਦਾ ਕੀਤੀ ਹੈ। ਕਾਂਗਰਸ ਨੇ ਬਿੱਟੂ ਨਾਲ ਹੋਈ ਧੱਕੇਸ਼ਾਹੀ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਦੱਸਿਆ ਹੈ। ਜਾਖੜ ਨੇ ਕਿਹਾ ਕਿ ਇਹ ਨਿੰਦਣਯੋਗ ਘਟਨਾ ਹੈ, ਪਰ ਕਿਸਾਨ ਕਦੇ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ।
ਬਿੱਟੂ ‘ਤੇ ਹਮਲੇ ਲਈ ਕੈਪਟਨ ਨੇ ‘ਆਪ’ ਨੂੰ ਜ਼ਿੰਮੇਵਾਰ ਦੱਸਿਆ
ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੰਘੂ ਬਾਰਡਰ ‘ਤੇ ਰਵਨੀਤ ਬਿੱਟੂ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਉਪਰ ਹੋਏ ਹਮਲੇ ਪਿੱਛੇ ਕਿਸਾਨਾਂ ਦਾ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਹੱਥ ਹੈ ਜਿਨ੍ਹਾਂ ਦਾ ਇੱਕ ਨੁਕਾਤੀ ਏਜੰਡਾ ਭਾਜਪਾ ਦੇ ਇਸ਼ਾਰੇ ‘ਤੇ ਗੜਬੜ ਕਰਕੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨਾ ਹੈ। ਮੁੱਖ ਮੰਤਰੀ ਦਾ ਇਹ ਵੀ ਕਹਿਣਾ ਸੀ ਕਿ ‘ਆਪ’ ਵਰਕਰਾਂ ਨੇ ਕਿਸਾਨਾਂ ਵਿੱਚ ਘੁਸਪੈਠ ਕਰਕੇ ਸੋਚੀ ਸਮਝੀ ਸਾਜਿਸ਼ ਤਹਿਤ ਕਾਂਗਰਸੀ ਨੇਤਾਵਾਂ ‘ਤੇ ਹਮਲਾ ਕੀਤਾ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …