Breaking News
Home / ਪੰਜਾਬ / ਕਿਸਾਨ ਦਿੱਲੀ ਦੇ ਬਾਹਰੀ ਰਿੰਗ ਰੋਡ ‘ਤੇ ਟਰੈਕਟਰ ਪਰੇਡ ਲਈ ਦ੍ਰਿੜ੍ਹ

ਕਿਸਾਨ ਦਿੱਲੀ ਦੇ ਬਾਹਰੀ ਰਿੰਗ ਰੋਡ ‘ਤੇ ਟਰੈਕਟਰ ਪਰੇਡ ਲਈ ਦ੍ਰਿੜ੍ਹ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰ ਰੂਟ ਯੋਜਨਾ ‘ਚ ਕੋਈ ਤਬਦੀਲੀ ਨਹੀਂ ਹੋਵੇਗੀ
ਨਵੀਂ ਦਿੱਲੀ : ਕਿਸਾਨ ਆਗੂਆਂ ਨੇ ਸਿੰਘੂ ਬਾਰਡਰ ‘ਤੇ ਹੋਈ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਲਈ ਤਜਵੀਜ਼ਤ ਕਿਸਾਨ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਆਊਟਰ (ਬਾਹਰੀ) ਰਿੰਗ ਰੋਡ ‘ਤੇ ਕੀਤੀ ਜਾਵੇਗੀ, ਜਿਸ ਲਈ ਕਿਸੇ ਇਜਾਜ਼ਤ ਦੀ ਲੋੜ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਟਰੈਕਟਰ ਪਰੇਡ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਸਾਨ ਆਗੂਆਂ ਨੂੰ ਕਿਹਾ ਕਿ ਇਹ ਪਰੇਡ ਦਿੱਲੀ ਤੋਂ ਬਾਹਰ ਕੀਤੀ ਜਾਵੇ। ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੋ ਟੁਕ ਸ਼ਬਦਾਂ ‘ਚ ਜ਼ਰੂਰ ਸਾਫ਼ ਕਰ ਦਿੱਤਾ ਕਿ ਉਹ 26 ਜਨਵਰੀ ਨੂੰ ਦਿੱਲੀ ਦੇ ਅੰਦਰ ਆਊਟਰ (ਬਾਹਰੀ) ਰਿੰਗ ਰੋਡ ‘ਤੇ ਸ਼ਾਂਤਮਈ ਟਰੈਕਟਰ ਰੈਲੀ ਕਰਨਗੇ ਅਤੇ ਇਸ ਮੁੱਦੇ ‘ਤੇ ਸਮਝੌਤਾ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਬੀਕੇਯੂ ਰਾਜੇਵਾਲ ਦੇ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਬਾਹਰੀ ਰਿੰਗ ਰੋਡ ‘ਤੇ ਟਰੈਕਟਰ ਪਰੇਡ ਕਰਨਗੇ ਤੇ ਇਸ ਬਾਰੇ ਰੂਟ ਯੋਜਨਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਜਿਹੜੀ ਯੋਜਨਾ ਸੰਯੁਕਤ ਮੋਰਚੇ ਨੇ ਤਿਆਰ ਕੀਤੀ ਹੈ, ਉਹ ਅੰਤਿਮ ਹੈ। ਮੰਨਿਆ ਜਾਂਦਾ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਬਾਹਰੀ ਰਿੰਗ ਰੋਡ ਦੀ ਆਵਾਜਾਈ ਅਤੇ ਹੋਰ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਬਦਲਵਾਂ ਰਸਤਾ ਚੁਣਨ ਲਈ ਕਿਹਾ ਹੈ, ਪਰ ਕਿਸਾਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ।
ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਇਤਿਹਾਸ ਸਿਰਜੇਗਾ
ਸਵਰਾਜ ਅਭਿਆਨ ਦੇ ਮੁਖੀ ਤੇ ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਦਿਨ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਕਿਸਾਨਾਂ ਦੀ ਤਾਕਤ ਤੇ ਸੰਕਲਪ ਦੀ ਮਿਸਾਲ ਵਜੋਂ ਅੰਦੋਲਨ ਦੇ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ, ”ਅਸੀਂ ਆਪਣੇ ਤਿੰਨ ਨੁਕਤਿਆਂ ‘ਤੇ ਸਪੱਸ਼ਟ ਹਾਂ: ਪਹਿਲਾਂ, ਟਰੈਕਟਰ ਪਰੇਡ ਯੋਜਨਾ ਮੁਤਾਬਕ ਨਿਰਧਾਰਿਤ ਰੂਟ ‘ਤੇ ਹੋਵੇਗੀ ਅਤੇ ਇਸ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਦੂਜਾ, ਇਹ ਦਿੱਲੀ ਦੇ ਅੰਦਰ ਹੋਵੇਗੀ ਅਤੇ ਤੀਜਾ ਇਹ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗੀ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …