ਨਾਂਦੇੜ ਸਾਹਿਬ ਤੇ ਰਾਜਸਥਾਨ ਮਗਰੋਂ ਹੁਣ ਵਿਦੇਸ਼ਾਂ ਤੋਂ ਆ ਰਹੇ ਹਨ 21,000 ਪੰਜਾਬੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਕੋਰੋਨਾ ਦਾ ਸੰਕਟ ਬਾਹਰਲੇ ਸੂਬਿਆਂ ਤੋਂ ਪਰਤੇ ਵਿਅਕਤੀਆਂ ਕਰਕੇ ਵਧਿਆ ਹੈ। ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਰਕੇ ਇਸ ਵੇਲੇ ਪੂਰਾ ਪੰਜਾਬ ਕੋਰਨਾ ਨਾਲ ਜੂਝ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਇੱਕ ਹੋਰ ਅਜਿਹਾ ਫੈਸਲਾ ਕੀਤਾ ਹੈ ਜਿਸ ਉੱਪਰ ਸਵਾਲ ਵੀ ਉੱਠਣ ਲੱਗੇ ਹਨ। ਹੁਣ ਸਰਕਾਰ ਵਿਦੇਸ਼ਾਂ ਤੋਂ 21,000 ਪੰਜਾਬੀਆਂ ਨੂੰ ਵਾਪਸ ਲਿਆ ਰਹੀ ਹੈ। ਬੇਸ਼ੱਕ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਪਰ ਪਹਿਲਾਂ ਹੀ ਸਾਧਨਾਂ ਦੀ ਘਾਟ ਨਾਲ ਜੂਝ ਰਹੀ ਸਰਕਾਰ ਕੀ ਇਨ੍ਹਾਂ ਨੂੰ ਸੰਭਾਲਣ ਦਾ ਪ੍ਰਬੰਧ ਕਰ ਸਕੇਗੀ। ਪੰਜਾਬ ਸਰਕਾਰ ਇਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਹੋਟਲਾਂ ਵਿੱਚ ਠਹਿਰਾਏਗੀ। ਇਨ੍ਹਾਂ ਦੀ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਜਾਣ ਦਿੱਤਾ ਜਾਏਗਾ। ਸਰਕਾਰੀ ਸੂਤਰਾਂ ਅਨੁਸਾਰ ਹੋਟਲ ਦਾ ਖਰਚ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਖੁਦ ਹੀ ਕਰਨਾ ਪਏਗਾ।