Breaking News
Home / ਪੰਜਾਬ / ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ‘ਚ ਅਲਰਟ ਜਾਰੀ

ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ‘ਚ ਅਲਰਟ ਜਾਰੀ

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ‘ਚ ਵੀ ਟਿੱਡੀ ਦਲ ਦੇ ਹਮਲੇ ਦੇ ਖ਼ਤਰੇ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਗਿਆ ਹੈ ਕਿ ਟਿੱਡੀ ਦਲ ਸਬੰਧੀ ਹਰ ਤਰ੍ਹਾਂ ਦੀ ਹਰਕਤ ‘ਤੇ ਨਜ਼ਰ ਰੱਖੀ ਜਾਵੇ। ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਸਵਤੰਤਰ ਕੁਮਾਰ ਨੇ ਦੱਸਿਆ ਕਿ ਟਿੱਡੀ ਦਲ ਦੇ ਖ਼ਤਰੇ ਨੂੰ ਦੇਖਦੇ ਹੋਏ ਪੂਰੇ ਪੰਜਾਬ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੇ ਜ਼ਿਲ੍ਹਿਆਂ ਵਿਚ ਕੰਟਰੋਲ ਰੂਮ ਸਥਾਪਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ‘ਤੇ ਨਜ਼ਰ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਰਕਤ ਦੀ ਸੂਚਨਾ ਅਧਿਕਾਰੀਆਂ ਨੂੰ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀਆਂ ਨੂੰ ਜ਼ਰੂਰਤ ਅਨੁਸਾਰ ਕੈਮੀਕਲ ਖ਼ਰੀਦਣ ਲਈ ਕਹਿ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਲਈ 1 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਇਹ ਟਿੱਡੀ ਦਲ ਅਫ਼ਰੀਕਾ ਤੋਂ ਯਮਨ, ਈਰਾਨ ਅਤੇ ਪਾਕਿਸਤਾਨ ਵਿਚ ਤਬਾਹੀ ਕਰਦਾ ਹੋਇਆ ਭਾਰਤ ਵਿਚ ਦਾਖ਼ਲ ਹੋਇਆ। ਪਾਕਿਸਤਾਨ ਵਿਚ ਤਬਾਹੀ ਕਰਦਾ ਹੋਇਆ ਇਹ ਟਿੱਡੀ ਦਲ ਰਾਜਸਥਾਨ ਅਤੇ ਗੁਜਰਾਤ ਦੇ ਜ਼ਰੀਏ ਭਾਰਤ ‘ਚ ਤਬਾਹੀ ਮਚਾ ਰਿਹਾ ਹੈ। ਇਹ ਟਿੱਡੀ ਦਲ ਤੇਜ਼ੀ ਨਾਲ ਦੇਸ਼ ਦੇ ਬਾਕੀ ਹਿੱਸਿਆਂ ਵਿਚ ਫੈਲ ਰਿਹਾ ਹੈ। ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਫ਼ਸਲ ਦੀ ਕਾਫੀ ਤਬਾਹੀ ਕਰਨ ਤੋਂ ਬਾਅਦ ਹੁਣ ਇਹ ਉੱਤਰ ਪ੍ਰਦੇਸ਼ ਵਿਚ ਦਾਖ਼ਲ ਹੋ ਚੁੱਕਾ ਹੈ। ਇਕੱਲੇ ਰਾਜਸਥਾਨ ਵਿਚ ਹੀ ਇਸ ਨੇ 5 ਲੱਖ ਹੈਕਟੇਅਰ ਫ਼ਸਲ ਨੂੰ ਤਬਾਹ ਕਰ ਦਿੱਤਾ ਹੈ।
ਟਿੱਡੀ ਦਲ ਪੰਜਾਬ ਦੇ ਪਾਕਿ ਨਾਲ ਲੱਗਦੇ ਸਰਹੱਦੀ ਇਲਾਕੇ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡਾਂ ‘ਚ ਪੁੱਜ ਗਿਆ ਹੈ। 26 ਮਈ ਨੂੰ ਟਿੱਡੀ ਦਲ ਦਾ ਵੱਡਾ ਝੁੰਡ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਕੁਝ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ। ਟਿੱਡੀ ਦਲ ਦਾ ਇਕ ਝੁੰਡ 13 ਮਈ ਨੂੰ ਪੰਜਾਬ ਦੇ ਸਰਹੱਦੀ ਖੇਤਰ ਦੇ ਪਿੰਡਾਂ ਵਿਚ ਉੱਡਦਾ ਦੇਖਿਆ ਗਿਆ, ਜੋ ਸ਼ਾਮ ਸਮੇਂ ਦੀਵਾਨ ਖੇੜਾ, ਪੰਜਾਵਾ, ਕੋਇਲ ਖੇੜਾ ਵਿਚ ਦਰੱਖਤਾਂ ‘ਤੇ ਬੈਠ ਗਿਆ, ਜਿਸ ਨੂੰ ਸਪਰੇਅ ਕਰਕੇ ਕਾਬੂ ਕੀਤਾ ਗਿਆ। ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਛੁਨੇਜਾ ਨੇ ਦੱਸਿਆ ਕਿ ਟਿੱਡੀ ਦਲ ਦਾ ਹਮਲਾ ਮੌਨਸੂਨ ਤੋਂ ਬਾਅਦ ਜੁਲਾਈ ਵਿਚ ਹੁੰਦਾ ਹੈ ਪਰ ਇਸ ਨੇ ਹੁਣ ਮਈ ਮਹੀਨੇ ਵਿਚ ਹੀ ਦਸਤਕ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਨਾਲ ਲੱਗਦੇ ਇਲਾਕਿਆਂ ਵਿਚ ਟਿੱਡੀ ਦਲ ਨੇ ਦਸਤਕ ਦਿੱਤੀ ਹੈ। ਮਾਹਿਰਾਂ ਅਨੁਸਾਰ ਟਿੱਡੀ ਦਲ ਸ਼ਾਮ ਸਮੇਂ ਦਰੱਖਤਾਂ ‘ਤੇ ਬੈਠ ਜਾਂਦਾ ਹੈ, ਇਸ ਲਈ ਰਾਤ ਨੂੰ ਜਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਪਰੇਅ ਨਾਲ ਇਸ ‘ਤੇ ਹਮਲਾ ਕਰਕੇ ਇਸ ਨੂੰ ਮੁਕਾਇਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਵਿਭਾਗ ਵਲੋਂ ਟਿੱਡੀ ਦਲ ਨਾਲ ਲੜਨ ਲਈ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਹਰ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਟੀਮ ਬਣਾਈ ਗਈ ਹੈ। ਹਰ ਜ਼ਿਲ੍ਹੇ ਵਿਚ ਸਪਰੇਅ ਪੰਪ ਤਿਆਰ ਰੱਖਣ, ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਤਿਆਰ ਰੱਖਣ, ਖੇਤਾਂ ‘ਚ ਪਾਣੀ ਦੀਆਂ ਟੈਂਕੀਆਂ ਰੱਖਣ ਤੇ ਪਾਣੀ ਦਾ ਹੋਰ ਪ੍ਰਬੰਧ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ। ਹਾਲ ਦੀ ਘੜੀ ਪੰਜਾਬ ‘ਚ ਦਾਖ਼ਲ ਹੋਏ ਟਿੱਡੀ ਦਲ ਨੂੰ ਸਪਰੇਅ ਨਾਲ ਖ਼ਤਮ ਕਰ ਦਿੱਤਾ ਗਿਆ ਹੈ ਪਰ ਇਸ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਹੈ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …